ਤਰਲੋਚਨ ਮੁਠੱਡਾ
ਬਰਤਾਨੀਆ ਅਤੇ ਦੂਸਰੇ ਪੱਛਮੀ ਦੇਸ਼ਾਂ ਵਿੱਚ ਦਸੰਬਰ ਦਾ ਮਹੀਨਾ ਕਾਰੋਬਾਰਾਂ ਅਤੇ ਕ੍ਰਿਸਮਿਸ ਪਾਰਟੀਆਂ ਕਾਰਨ ਸਾਲ ਦਾ ਸਭ ਤੋਂ ਵੱਧ ਰੁਝੇਵੇਂ ਵਾਲਾ ਮਹੀਨਾ ਹੁੰਦਾ ਹੈ। ਇਸ ਵਾਰ ਜੇਕਰ ਕ੍ਰਿਸਮਿਸ ਦੇ ਸੀਜ਼ਨ ਵਾਲੇ ਮਹੀਨੇ ਨੂੰ ਹੜਤਾਲਾਂ ਦਾ ਮਹੀਨਾ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। 21 ਜੂਨ ਤੋਂ ਨੈੱਟਵਰਕ ਰੇਲ ਅਤੇ 14 ਨਿੱਜੀ ਕੰਪਨੀਆਂ ਦੇ ਰੇਲਵੇ ਕਰਮਚਾਰੀ ਸੰਘਰਸ਼ ਦੇ ਮੈਦਾਨ ਵਿੱਚ ਹਨ। ਰੇਲਵੇ ਕਾਮਿਆਂ ਦੀ ਯੂਨੀਅਨ ਆਰਐੱਮਟੀ ਵੱਲੋਂ ਮਹਿੰਗਾਈ ਦੀ ਦਰ ਦੇ ਮੁਤਾਬਕ ਤਨਖਾਹਾਂ ਵਿੱਚ ਵਾਧਾ, ਨੌਕਰੀਆਂ ਦੀ ਸੁਰੱਖਿਆ ਅਤੇ ਕੰਮ ਦੀਆਂ ਬਿਹਤਰ ਹਾਲਤਾਂ ਨੂੰ ਲੈ ਕੇ ਸ਼ੁਰੂ ਕੀਤਾ ਘੋਲ ਹੁਣ ਬੱਸਾਂ, ਹਸਪਤਾਲਾਂ, ਏਅਰਪੋਰਟ, ਹਾਈਵੇ, ਯੂਰੋਸਟਾਰ ਰੇਲ, ਡਾਕ ਵਿਭਾਗ, ਊਬਰ, ਸਿਵਲ ਸੇਵਾਵਾਂ, ਡਰਾਈਵਰ, ਐਂਬੂਲੈਂਸ, ਡਰਾਈਵਿੰਗ ਐਗਜ਼ਾਮੀਨਰਾਂ, ਬਾਰਡਰ ਸੁਰੱਖਿਆ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਟੀਚਰ ਯੂਨੀਅਨਾਂ ਤੱਕ ਫੈਲ ਗਿਆ ਹੈ। ਦਸੰਬਰ ਵਿੱਚ ਕੋਈ ਦਿਨ ਵੀ ਅਜਿਹਾ ਨਹੀਂ ਹੈ ਜਿਸ ਦਿਨ ਉੱਪਰ ਦਿੱਤੇ ਵਿਭਾਗਾਂ ਵਿੱਚੋਂ ਕਿਸੇ ਦੀ ਨੈਸ਼ਨਲ ਪੱਧਰ ਦੀ ਹੜਤਾਲ ਨਾ ਹੋਵੇ।
ਯੂਕੇ ਵਿੱਚ ਕਿਸੇ ਵੀ ਯੂਨੀਅਨ ਵੱਲੋਂ ਹੜਤਾਲ ਕਰਨ ਦਾ ਫ਼ੈਸਲਾ ਸਿਰਫ਼ ਉਸ ਦੇ ਲੀਡਰਾਂ ਵੱਲੋਂ ਨਹੀਂ ਕੀਤਾ ਜਾ ਸਕਦਾ ਸਗੋਂ ਉਸ ਵਾਸਤੇ ਇੱਕ ਔਖੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ। ਜਦੋਂ ਵਰਕਰਾਂ ਦੀਆਂ ਮੰਗਾਂ ਬਾਰੇ ਕੰਪਨੀ, ਮਾਲਕਾਂ ਜਾਂ ਸਬੰਧਿਤ ਵਿਭਾਗ ਦੇ ਨੁੰਮਾਇਦਿਆਂ ਅਤੇ ਯੂਨੀਅਨ ਲੀਡਰਾਂ ਦਰਮਿਆਨ ਆਪਸੀ ਗੱਲਬਾਤ ਨਾਲ ਸਹਿਮਤੀ ਨਾ ਬਣੇ ਤਾਂ ਪੂਰੀ ਹੜਤਾਲ ਜਾਂ ਅੱਧੀ ਹੜਤਾਲ (ਓਵਰ ਟਾਈਮ ਬੰਦ) ਕਰਨ ਸਬੰਧੀ ਯੂਨੀਅਨ ਮੈਂਬਰਾਂ ਦੀ ਰਾਏ ਲੈਣੀ ਜ਼ਰੂਰੀ ਹੈ। ਇਸ ਵਾਸਤੇ ਰੈਫਰੰਡਮ ਕਰਵਾਇਆ ਜਾਣਾ ਜ਼ਰੂਰੀ ਹੁੰਦਾ ਹੈ ਜਿਸ ਵਿੱਚ ਯੂਨੀਅਨ ਦੀ ਮੈਂਬਰਸ਼ਿਪ ਪ੍ਰਾਪਤ ਮੈਂਬਰਾਂ ਨੂੰ ਡਾਕ ਜਾਂ ਇੰਟਰਨੈੱਟ ਦੁਆਰਾ ਹੜਤਾਲ ਦੇ ਹੱਕ ਜਾਂ ਵਿਰੋਧ ਵਿੱਚ ਵੋਟ ਪਾਉਣੀ ਹੁੰਦੀ ਹੈ। ਬਹੁਮੱਤ ਮੈਂਬਰਾਂ ਵੱਲੋਂ ਸਹਿਮਤੀ ਦੇਣ ਉਪਰੰਤ ਹੀ ਯੂਨੀਅਨ ਲੀਡਰਾਂ ਵੱਲੋਂ ਹੜਤਾਲ ਦੀਆਂ ਮਿਤੀਆਂ, ਸਮਾਂ, ਐਕਸ਼ਨ ਦੀ ਕਿਸਮ ਮਿਥੀ ਜਾਂਦੀ ਹੈ ਅਤੇ ਇਸ ਵਿੱਚ ਸ਼ਾਮਲ ਹੋਣ ਸਬੰਧੀ ਆਪਣੇ ਮੈਂਬਰਾਂ ਅਤੇ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਹੈ। ਇਹ ਵੀ ਮਹੱਤਵਪੂਰਨ ਹੈ ਕਿ ਬਹੁਮੱਤ ਮੈਂਬਰਾਂ ਵੱਲੋਂ ਸਮਰਥਨ ਮਿਲਣ ਉਪਰੰਤ ਹੜਤਾਲ ਵਿੱਚ ਸ਼ਾਮਲ ਕਿਸੇ ਵੀ ਮੈਂਬਰ ਨੂੰ ਕੰਪਨੀ ਵੱਲੋਂ ਡਿਸਮਿਸ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਯੂਨੀਅਨ ਲੀਡਰਾਂ ਵੱਲੋਂ ਕਿਸੇ ਮੈਂਬਰ ਨੂੰ ਹੜਤਾਲ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਉੱਪਰ ਦੱਸੇ ਗਏ ਸਾਰੇ ਮਹਿਕਮਿਆਂ ਦੇ ਮੈਂਬਰਾਂ ਵੱਲੋਂ ਭਾਰੀ ਬਹੁਮੱਤ ਨਾਲ ਕ੍ਰਿਸਮਿਸ ਸੀਜ਼ਨ ਦੌਰਾਨ ਹੋ ਰਹੀ ਹੜਤਾਲ ਦਾ ਸਮਰਥਨ ਕੀਤਾ ਗਿਆ ਹੈ।
ਕੋਵਿਡ ਕਾਲ ਅਤੇ ਯੂਕਰੇਨ-ਰੂਸ ਲੜਾਈ ਤੋਂ ਬਾਅਦ ਯੂਰਪ ਦੇ ਨਾਲ ਨਾਲ ਯੂਕੇ ਵਿੱਚ ਵੀ ਖਾਣ-ਪੀਣ, ਗੈਸ ਬਿਜਲੀ, ਘਰਾਂ ਦੇ ਕਿਰਾਏ ਅਤੇ ਜ਼ਰੂਰੀ ਵਸਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਮਹਿੰਗਾਈ ਦੀ ਦਰ ਵਿੱਚ ਔਸਤਨ 10% ਤੋਂ ਜ਼ਿਆਦਾ ਵਾਧਾ ਹੋਇਆ ਹੈ। ਪਰ ਕੋਵਿਡ ਕਾਲ ਦੌਰਾਨ ਪਿਛਲੇ ਤਿੰਨ ਸਾਲਾਂ ਤੋਂ ਬਹੁਤੇ ਖੇਤਰਾਂ ਦੇ ਕਾਮਿਆਂ ਦਾ ਵੇਤਨ ਬਿਲਕੁਲ ਨਹੀਂ ਵਧਾਇਆ ਗਿਆ। ਆਮ ਲੋਕਾਂ ਲਈ ਰੋਜ਼ਾਨਾ ਜ਼ਰੂਰਤ ਦੀਆਂ ਵਸਤਾਂ ਖ਼ਰੀਦਣਾ ਵੀ ਔਖਾ ਹੋ ਗਿਆ ਹੈ। ਗੈਸ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਹੋਏ ਅਥਾਹ ਵਾਧੇ ਕਾਰਨ ਅਨੇਕਾਂ ਲੋਕ ਅਤਿ ਸਰਦੀ ਦੇ ਮੌਸਮ ਵਿੱਚ ਠੰਢੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਇਹ ਵੀ ਇੱਕ ਮੁੱਖ ਕਾਰਨ ਹੈ ਕਿ ਤਕਰੀਬਨ ਸਾਰੀਆਂ ਹੀ ਵਰਕਰ ਯੂਨੀਅਨਾਂ ਵੱਲੋਂ ਮਹਿੰਗਾਈ ਦੇ ਵਾਧੇ ਦੀ ਦਰ ਦੇ ਬਰਾਬਰ ਵੇਤਨ ਵਿੱਚ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ। ਕੁਝ ਖੇਤਰਾਂ ਵਿੱਚ ਯੂਨੀਅਨ ਵੱਲੋਂ ਸਖ਼ਤ ਸਟੈਂਡ ਲੈਣ ਉਪਰੰਤ ਕਾਮਿਆਂ ਦੀਆਂ ਮੰਗਾਂ ਮੰਨੀਆਂ ਵੀ ਜਾ ਚੁੱਕੀਆਂ ਹਨ। ਜਿਵੇਂ ਪਬਲਿਕ ਖੇਤਰ (ਲੋਕਲ ਕੌਂਸਲਾਂ) ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੀ ਯੂਨੀਅਨ ਯੂਨੀਸੌਨ (UNISON), ਜੀਐੱਮਬੀ ਅਤੇ ਯੂਨਾਈਟ ਦੇ ਸਾਂਝੇ ਮੋਰਚੇ ਐੱਨਜੇਸੀ (ਨੈਸ਼ਨਲ ਜੁਆਂਇੰਟ ਕੌਂਸਲ) ਦੁਆਰਾ ਸਰਕਾਰ ਵੱਲੋਂ ਔਸਤਨ 10.5% ਦੇ ਵਾਧੇ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਗਿਆ ਹੈ। ਸਾਊਥੈਪਟਨ ਤੋਂ ਚੱਲਦੇ ਸਮੁੰਦਰੀ ਬੇੜਿਆਂ ਦੇ ਕਾਮਿਆਂ ਨੇ ਵੀ ਯੂਨਾਈਟ ਯੂਨੀਅਨ ਦੀ ਅਗਵਾਈ ਵਿੱਚ ਔਸਤਨ 14% ਵੇਤਨ ਵਿੱਚ ਵਾਧੇ ਦੀ ਮੰਗ ਮੰਗਵਾ ਕੇ ਜਿੱਤ ਦੇ ਝੰਡੇ ਗੱਡੇ। ਸਕੌਟਲੈਂਡ ਵਿੱਚ ਰੇਲਵੇ ਵਰਕਰਾਂ ਵੱਲੋਂ ਦਸੰਬਰ ਵਿੱਚ ਹੜਤਾਲ ਦੇ ਸਮਰਥਨ ਵਿੱਚ ਵੋਟਾਂ ਪਾਉਣ ਤੋਂ ਬਾਅਦ ਸਰਕਾਰ ਵੱਲੋਂ ਮੰਗਾਂ ਮੰਨ ਲਈਆਂ ਗਈਆਂ।
ਬੇਸ਼ੱਕ ਕੁਝ ਵਿਭਾਗਾਂ ਦੀਆਂ ਹੜਤਾਲਾਂ ਆਮ ਲੋਕਾਂ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਨਹੀਂ ਕਰਦੀਆਂ, ਪਰ ਫਿਰ ਵੀ ਰੇਲਵੇ, ਨਰਸਾਂ, ਅਧਿਆਪਕਾਂ ਅਤੇ ਡਾਕ ਕਰਮਚਾਰੀਆਂ ਦੀਆਂ ਹੜਤਾਲਾਂ ਸਾਰੇ ਲੋਕਾਂ ’ਤੇ ਅਸਰ ਪਾ ਰਹੀਆਂ ਹਨ। ਰੇਲਵੇ ਵਰਕਰਾਂ ਦੀ ਅਗਵਾਈ ਮੁੱਖ ਤੌਰ ’ਤੇ ਆਰਐੱਮਟੀ (ਰੇਲ, ਮੈਰੀਟਾਈਮ ਐਂਡ ਟਰਾਂਸਪੋਰਟ), ਯੂਨਾਈਟ ਅਤੇ ਟੀਐੱਸਐੱਸਏ (ਟਰਾਂਸਪੋਰਟ ਸੈਲਰੀਡ ਸਟਾਫਸ ਐਸੋਸੀਏਸ਼ਨ) ਕਰ ਰਹੀਆਂ ਹਨ। ਨੈੱਟਵਰਕ ਰੇਲ ਅਤੇ 14 ਨਿੱਜੀ ਰੇਲ ਕੰਪਨੀਆਂ ਵਿੱਚ ਕੰਮ ਕਰਦੇ 40000 ਤੋਂ ਵੱਧ ਕਾਮੇ 13, 14, 16, 17, 24-27 ਦਸੰਬਰ ਅਤੇ 3, 4, 6 ਅਤੇ 7 ਜਨਵਰੀ ਨੂੰ ਰੇਲਾਂ ਬੰਦ ਕਰ ਰਹੇ ਹਨ। ਰੇਲਵੇ ਵਰਕਰਾਂ ਦੀ ਮੁੱਖ ਮੰਗ ਵੇਤਨ ਵਿੱਚ ਵਾਧਾ ਤੇ ਨੌਕਰੀਆਂ ਦੀ ਸੁਰੱਖਿਆ ਹੈ। ਸਮੂਹ ਰੇਲ ਕੰਪਨੀਆਂ ਨਵੀਂ ਤਕਨੀਕ ਲਿਆਉਣ ਦੇ ਬਹਾਨੇ ਕਾਮਿਆਂ ਦੀ ਵੱਡੀ ਪੱਧਰ ’ਤੇ ਛਾਂਟੀ ਕਰ ਰਹੀਆਂ ਹਨ।
ਇੰਗਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿੱਚ ਨੈਸ਼ਨਲ ਸਿਹਤ ਸੇਵਾਵਾਂ (ਐੱਨਐੱਚਐੱਸ) ਦੇ 65 ਵਿਭਾਗਾਂ ਦੇ ਇੱਕ ਲੱਖ ਤੋਂ ਜ਼ਿਆਦਾ ਮੁਲਾਜ਼ਮ 15 ਅਤੇ 20 ਦਸੰਬਰ ਨੂੰ ਵਾਕ ਆਊਟ ਕਰਨਗੇ। ਉਨ੍ਹਾਂ ਦੀ ਮੁੱਖ ਮੰਗ ਵੇਤਨ ਵਿੱਚ ਮਹਿੰਗਾਈ ਦਰ ਤੋਂ 5% ਜ਼ਿਆਦਾ ਦਾ ਵਾਧਾ ਹੋਵੇ। ਖਾਲੀ ਅਸਾਮੀਆਂ ’ਤੇ ਭਰਤੀ ਕੀਤੀ ਜਾਵੇ ਅਤੇ ਕੰਮ ਕਰਨ ਦੀਆਂ ਹਾਲਤਾਂ ਵਿੱਚ ਸੁਧਾਰ ਕੀਤਾ ਜਾਵੇ। ਇਸ ਦੇ ਨਾਲ ਨਾਲ 10,000 ਤੋਂ ਜ਼ਿਆਦਾ ਐਂਬੂਲੈਂਸ ਵਰਕਰ ਵੀ 21 ਅਤੇ 28 ਦਸੰਬਰ ਨੂੰ ਹੜਤਾਲ ਕਰਨਗੇ।
ਸਕੂਲਾਂ ਦੇ 96% ਅਧਿਆਪਕਾਂ ਨੇ ਵੋਟਿੰਗ ’ਤੇ ਹੜਤਾਲ ਦੀ ਕਾਰਵਾਈ ਦੇ ਹੱਕ ਵਿੱਚ ਵੋਟ ਦਿੱਤੀ। ਸਕੌਟਿਸ਼ ਸੈਕੰਡਰੀ ਟੀਚਰਜ਼ ਐਸੋਸੀਏਸ਼ਨ (ਐੱਸਐੱਸਟੇਏ), ਐੱਨਏਐੱਸਯੂਡਬਲਯੂਟੀ ਅਤੇ ਈਆਈਐੱਸ (ਐਜੂਕੇਸ਼ਨਲ ਇੰਸਟੀਚਿਊਟ ਆਫ ਸਕਾਟਲੈਂਡ ਟੀਚਰਜ਼ ਯੂਨੀਅਨ) ਵੱਲੋਂ ਵੀ ਸਕੌਟਲੈਂਡ ਦੇ ਅਧਿਆਪਕਾਂ ਦੀ ਅਗਵਾਈ ਕੀਤੀ ਜਾ ਰਹੀ ਹੈ। 150 ਯੂਨੀਵਰਸਿਟੀਆਂ ਦੇ 70,000 ਤੋਂ ਵੱਧ ਕਰਮਚਾਰੀ ਵੀ ਤਨਖਾਹ, ਕੰਮ ਦੀਆਂ ਸਥਿਤੀਆਂ ਅਤੇ ਪੈਨਸ਼ਨਾਂ ’ਤੇ ਹਮਲਿਆਂ ਨੂੰ ਲੈ ਕੇ ਤਿੰਨ ਦਿਨਾਂ ਲਈ ਹੜਤਾਲ ਕਰ ਰਹੇ ਹਨ। ਨੈਸ਼ਨਲ ਯੂਨੀਅਨ ਆਫ਼ ਸਟੂਡੈਂਟਸ (ਐੱਨਯੂਐੱਸ) ਨੇ ਵੀ ਹੜਤਾਲਾਂ ਦਾ ਸਮਰਥਨ ਕੀਤਾ ਹੈ। ਇਹ ਹੜਤਾਲ 2.5 ਮਿਲੀਅਨ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਯੂਸੀਯੂ ਨੇ ਕਿਹਾ ਕਿ ਜੇਕਰ ਯੂਨੀਵਰਸਿਟੀ ਪ੍ਰਬੰਧਕ ਤੇਜ਼ੀ ਨਾਲ ਕੰਮ ਕਰਦੇ ਹਨ ਅਤੇ ਬਿਹਤਰ ਪੇਸ਼ਕਸ਼ਾਂ ਕਰਦੇ ਹਨ ਤਾਂ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਨਵੇਂ ਸਾਲ ਵਿੱਚ ਹੜਤਾਲ ਦੀ ਕਾਰਵਾਈ ਤੇਜ਼ ਹੋ ਜਾਵੇਗੀ।
ਐਬੀਲੀਓ ਅਤੇ ਮੀਟਰੋਲਾਈਨ ਬੱਸ ਕੰਪਨੀਆਂ ਲਈ ਕੰਮ ਕਰਦੇ ਹਜ਼ਾਰਾਂ ਬੱਸ ਡਰਾਈਵਰਾਂ ਨੇ ਵੀ ਯੂਨਾਈਟ ਯੂਨੀਅਨ ਦੀ ਅਗਵਾਈ ਵਿੱਚ 8, 9, 10, 15,16 ਅਤੇ 17 ਦਸੰਬਰ ਨੂੰ ਲੰਡਨ ਵਿੱਚ ਚੱਕਾ ਜਾਮ ਦਾ ਐਲਾਨ ਕੀਤਾ। ਇੰਗਲੈਂਡ ਵਿੱਚ ਹਾਈਵੇ ਦੀ ਦੇਖਭਾਲ ਕਰਦੇ ਕਰਮਚਾਰੀਆਂ ਦੀ ਯੂਨੀਅਨ ਪੀਸੀਐੱਸ (ਪਬਲਿਕ ਐਂਡ ਕਮਰਸ਼ੀਅਲ ਸਰਵਿਸਿਜ਼) ਦੇ ਮੈਂਬਰ ਵੀ 16 ਦਸੰਬਰ ਤੋਂ 7 ਜਨਵਰੀ ਤੱਕ ਵਾਕ ਆਊਟ ਐਕਸ਼ਨ ਕਰਨਗੇ। ਹੀਥਰੋ ਏਅਰਪੋਰਟ ’ਤੇ ਸਾਮਾਨ ਦੀ ਢੋਆ-ਢੁਆਈ ਕਰਦੇ ਮੈਨਜ਼ੀ ਏਜੰਸੀ ਦੇ ਕਰਮਚਾਰੀ ਵੀ ਯੂਨਾਈਟ ਦੀ ਅਗਵਾਈ ਵਿੱਚ 16 ਦਸੰਬਰ ਨੂੰ 72 ਘੰਟੇ ਦੀ ਹੜਤਾਲ ਕਰਨਗੇ। ਇਸ ਤੋਂ ਇਲਾਵਾ ਹਜ਼ਾਰਾਂ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਕਰਮਚਾਰੀ ਜਿਵੇਂ ਅੱਗ ਬੁਝਾਊ ਮਹਿਕਮਾ, ਹੋਮ ਆਫਿਸ ਅਤੇ ਟਰਾਂਸਪੋਰਟ ਵਿਭਾਗ ਵੀ ਤਨਖਾਹ, ਨੌਕਰੀਆਂ ਅਤੇ ਪੈਨਸ਼ਨ ਦੇ ਮੁੱਦੇ ’ਤੇ ਸੰਘਰਸ਼ ਕਰ ਰਹੇ ਹਨ।
ਇੱਥੇ ਉਨ੍ਹਾਂ ਵਿਭਾਗਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦੇ ਵਰਕਰਾਂ ਦੀਆਂ ਯੂਨੀਅਨਾਂ ਹਨ ਅਤੇ ਜੋ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਹਨ। ਪਰ ਇਸ ਤੋਂ ਇਲਾਵਾਂ ਛੋਟੀਆਂ ਦੁਕਾਨਾਂ, ਰੈਸਟੋਰੈਂਟਾਂ, ਸੁਪਰਮਾਰਕੀਟਾਂ, ਸਕਿਊਰਟੀ ਏਜੰਸੀਆਂ, ਬਿਲਡਰਾਂ, ਕੇਅਰ ਹੋਮਜ਼, ਸਟੋਰ ਅਤੇ ਛੋਟੀਆਂ ਫੈਕਟਰੀਆਂ ਜਾਂ ਯੂਨਿਟਾਂ ਵਿੱਚ ਲੱਖਾਂ ਕਾਮੇ ਜਥੇਬੰਦ ਨਾ ਹੋਣ ਕਾਰਨ ਘੱਟ ਵੇਤਨ ਅਤੇ ਬਹੁਤ ਮਾੜੀਆਂ ਹਾਲਤਾਂ ਵਿੱਚ ਕੰਮ ਕਰਨ ਲਈ ਮਜਬੂਰ ਹਨ। ਆਉਣ ਵਾਲਾ ਸਮਾਂ ਯੂਕੇ ਦੀ ਮੌਜੂਦਾ ਸਰਕਾਰ ਲਈ ਵੀ ਚੁਣੌਤੀਆਂ ਭਰਿਆ ਹੈ। ਟੋਰੀ ਸਰਕਾਰ ਬੇਸ਼ੱਕ ਪ੍ਰਧਾਨ ਮੰਤਰੀ ਦਾ ਚਿਹਰਾ ਬਦਲ ਕੇ ਲੋਕ ਰੋਹ ਨੂੰ ਠੰਢਾ ਕਰਨ ਦਾ ਭਰਮ ਪਾਲ ਰਹੀ ਹੈ, ਪਰ ਅੱਜ ਦੇ ਸਮੇਂ ਵਿੱਚ ਸਰਕਾਰ ਨੂੰ ਚਿਹਰੇ ਨਹੀਂ ਸਗੋਂ ਨੀਤੀਆਂ ਬਦਲਣ ਦੀ ਜ਼ਰੂਰਤ ਹੈ।
ਸੰਪਰਕ: 75155-01994
News Source link
#ਬਰਤਨਆ #ਵਚ #ਹੜਤਲ #ਦ #ਸਆਲ