ਆਸਟਰੇਲੀਆ: ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਆਪਣੀ ਪਰੰਪਰਾ ਕਾਇਮ ਰੱਖਦਿਆਂ ਜਿੱਥੇ ਇੱਕ ਦਹਾਕਾ ਪਹਿਲਾਂ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਸੀ, ਉੱਥੇ ਹੀ ਇਹ ਪਹਾੜੀ ਖੇਤਰ ਈਮੂ, ਕੰਗਾਰੂ ਤੇ ਸਹਿਆਂ/ ਖ਼ਰਗੋਸ਼ਾਂ ਆਦਿ ਕੁਦਰਤੀ ਜੀਵ ਜੰਤੂਆਂ ਵਾਲੇ ਜੰਗਲ ਵਿੱਚ ਮੰਗਲ ਲੱਗ ਰਿਹਾ ਹੈ।
ਆਸਟਰੇਲੀਆ ਦੇ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਸਿੱਖ ਸੰਗਤ ਨੂੰ ਆਪਣੇ ਕਈ ਕਾਰਜਾਂ ਲਈ ਕੈਨਬਰਾ ਆਉਣਾ ਪੈਂਦਾ ਹੈ ਜਿਸ ਕਰਕੇ ਗੁਰੂ ਘਰ ਦੀ ਇਮਾਰਤ ਵਿੱਚ ਹੋਰ ਵਿਸਥਾਰ ਕਰਨ ਦੀ ਲੋੜ ਭਾਸਣ ਲੱਗ ਪਈ ਹੈ। ਜਿੱਥੇ ਹਰ ਪਹੁੰਚੇ ਲੋੜਵੰਦ ਨੂੰ ਪੰਗਤ ਤੇ ਸੰਗਤ ਦੇ ਨਾਲ ਨਾਲ ਰੈਣ ਬਸੇਰਾ ਦੀ ਸਹੂਲਤ ਵੀ ਮਿਲ ਸਕੇ। ਇਸ ਦੇ ਮੱਦੇਨਜ਼ਰ ਕੈਨਬਰਾ ਸਿੱਖ ਐਸੋਸੀਏਸ਼ਨ ਅਤੇ ਸਮੂਹ ਸੰਗਤ ਕੈਨਬਰਾ ਵੱਲੋਂ ਗੁਰੂ ਘਰ ਦੀ ਨਵੀਂ ਇਮਾਰਤ ਬਣਾਉਣ ਹਿੱਤ ਸਾਰਥਕ ਨਿਰਣਾ ਲਿਆ ਗਿਆ। ਆਸਟਰੇਲੀਆ ਤੇ ਦੁਨੀਆ ਦੇ ਵੱਖ ਵੱਖ ਹਿੱਸਿਆਂ ਦੀ ਸੰਗਤ ਦੇ ਸਹਿਯੋਗ ਸਦਕਾ ਨਵੀਂ ਬਹੁਉਦੇਸ਼ੀ ਇਮਾਰਤ ਦੀ ਸ਼ੁਰੂਆਤ ਲਈ ਪੰਜ ਪਿਆਰਿਆਂ ਤੋਂ ਟੱਕ ਲਵਾਉਣ ਲਈ ਸਮਾਗਮ ਕਰਵਾਇਆ ਗਿਆ।
ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਹੈੱਡ ਗ੍ਰੰਥੀ ਭਾਈ ਪਰਮਿੰਦਰ ਸਿੰਘ ਕੱਕੜ ਵੱਲੋਂ ਮੁੱਖ ਵਾਕ ਦਾ ਵਿਖਿਆਨ ਭਾਈ ਪਰਮਿੰਦਰ ਸਿੰਘ ਕੈਨਬਰਾ, ਭਾਈ ਸੁਖਵਿੰਦਰ ਸਿੰਘ, ਭਾਈ ਇੰਦਰਜੀਤ ਸਿੰਘ ਲੁਧਿਆਣਾ ਦੇ ਜਥਿਆਂ ਵੱਲੋਂ ਰਸ ਭਿੰਨੀ ਆਵਾਜ਼ ਨਾਲ ਕੀਤਾ ਗਿਆ। ਭਾਈ ਬਲਵਿੰਦਰ ਸਿੰਘ ਬਹਿਲਾ ਦੇ ਕਵੀਸ਼ਰੀ ਜਥੇ ਨੇ ਗੁਰ ਇਤਿਹਾਸ ਦੇ ਲਹੂ ਭਿੱਜੇ ਪੰਨਿਆਂ ਨੂੰ ਕਵਿਸ਼ਰੀ ਰਾਹੀਂ ਸੰਗਤਾਂ ਦੇ ਸਨਮੁੱਖ ਰੱਖਿਆ। ਭਾਈ ਬ੍ਰਹਮਜੋਤ ਸਿੰਘ ਜੀ ਗ੍ਰਿਫ਼ਤ, ਗਿਆਨੀ ਸੰਤੋਖ ਸਿੰਘ ਸਿਡਨੀ ਆਦਿ ਨੇ ਸੰਬੋਧਨ ਕਰਦਿਆਂ ਜਿੱਥੇ ਸਮੂਹ ਸੰਗਤ ਨੂੰ ਜੀ ਆਇਆਂ ਆਖਿਆ ਉੱਥੇ ਮੁੱਖ ਸੇਵਾਦਾਰ ਨੌਜਵਾਨ ਸਤਨਾਮ ਸਿੰਘ ਦਬੜੀਖਾਨਾ ਦੀ ਅਗਵਾਈ ਵਿੱਚ ਮੌਜੂਦ ਪ੍ਰਬੰਧਕ ਕਮੇਟੀ ਦੇ ਉਦਮਾਂ ਦੀ ਸ਼ਲਾਘਾ ਕਰਦਿਆਂ ਆਸ ਜਤਾਈ ਕਿ ਇਹ ਕਮੇਟੀ ਗੁਰ ਮਰਿਯਾਦਾ ਅਨੁਸਾਰ ਸੰਗਤਾਂ ਲਈ ਹੋਰ ਸਹੂਲਤਾਂ ਲਈ ਕੰਮ ਕਰਦੀ ਰਹੇਗੀ।
ਇਸ ਦੌਰਾਨ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਲਈ ਮੈਲਬਰਨ ਤੋਂ ਪਹੁੰਚੀ ਬੱਚੀ ਜੈ ਪ੍ਰੀਤ ਕੌਰ ਸਧਾਣਾ (ਜਲੰਧਰ) ਨੇ ਗੁਰਮੁਖੀ ਪੈਂਤੀ ਅੱਖਰੀ ਦੀ ਸੁੰਦਰ ਲਿਖਤ ਕਰਨ ਦੀ ਪ੍ਰਦਰਸ਼ਨੀ ਵੀ ਲਾਈ। ਉਸ ਵੱਲੋਂ ਵਿਸ਼ੇਸ਼ ਤੌਰ ’ਤੇ ਲਿਖੀ ਫੱਟੀ ਦੇ ਇੱਕ ਪਾਸੇ ‘ਪੈਂਤੀ’ ਅਤੇ ਦੂਜੇ ਪਾਸੇ ਪ੍ਰੋ. ਪੂਰਨ ਸਿੰਘ ਦੀ ਸ਼ਾਹਕਾਰ ਰਚਨਾ ‘ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ’ਤੇ’ ਦੀ ਇਬਾਰਤ ਲਿਖੀ ਤਾਂ ਇਸ ਫੱਟੀ ਨੂੰ ਖਰੀਦਣ ਲਈ ਪੰਜਾਬੀ ਦੀ ਕਦਰ ਕਰਦਿਆਂ ਸੰਗਤਾਂ ਏਨੀਆਂ ਉਤਾਵਲੀਆਂ ਹੋ ਗਈਆਂ ਕਿ ਫੱਟੀ ਦੀ ਕੀਮਤ ਦੀ ਬੋਲੀ ਹੀ ਲੱਗਣ ਲੱਗ ਪਈ। ਕੈਨਬਰਾ ਵਾਸੀ ਬੀਬੀ ਕੁਲਵੰਤ ਕੌਰ ਸਹਿਣਾ (ਬਰਨਾਲਾ) ਨੇ ਇਸ ਨੂੰ ਖਰੀਦ ਲਿਆ। ਵਿਰਸੇ ਨਾਲ ਜੋੜਨ ਲਈ ਭਾਈ ਬਲਦੇਵ ਸਿੰਘ ਸਰਹਾਲੀ ਦੀ ਅਗਵਾਈ ਵਿੱਚ ਗੱਤਕਾ ਪਾਰਟੀ ਵੱਲੋਂ ਨਗਾਰੇ ਦੀ ਚੋਟ ਉਤੇ ਵਿਰਾਸਤੀ ਜ਼ੋਹਰ ਵਿਖਾਏ ਗਏ। ਇਸ ਮੌਕੇ ਇੱਥੋਂ ਦੇ ਐੱਮ. ਐੱਲ. ਏ. ਅਮਰੀਸਾ ਪੈਟਸਨ ਅਤੇ ਮਾਈਕਲ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ। ਇੱਥੋਂ ਦੀਆਂ ਸਥਾਨਕ ਸੰਗਤਾਂ ਦੀ ਇੱਕ ਹੋਰ ਵਿਲੱਖਣ ਸੇਵਾ ਭਾਵਨਾ ਇਹ ਵੀ ਹੈ ਕਿ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਦੂਰ ਦਰੇਡੇ ਤੋਂ ਆਏ ਯਾਤਰੂਆਂ ਨੂੰ ਰਾਤਰੀ ਠਹਿਰਾਓ ਲਈ ਆਪਣੇ ਘਰਾਂ ਵਿੱਚ ਲਿਜਾਇਆ ਜਾਂਦਾ ਹੈ।
ਸੰਪਰਕ: 98764-74858
News Source link
#ਗਰਦਆਰ #ਸਹਬ #ਕਨਬਰ #ਦ #ਨਵ #ਇਮਰਤ #ਦ #ਆਰਭਤ