ਨਵੀਂ ਦਿੱਲੀ, 14 ਦਸੰਬਰ
ਮੁੱਖ ਅੰਸ਼
- ਤਿੰਨ ਨੂੰ ‘ਵਾਈ’ ਸ਼੍ਰੇਣੀ ਅਤੇ ਚਾਰ ਏਸੀਪੀ ਤੇ ਪੰਜ ਇੰਸਪੈਕਟਰਾਂ ਨੂੰ ‘ਐਕਸ’ ਵਰਗ ਦੀ ਸੁਰੱਖਿਆ ਦਿੱਤੀ
- ਹਥਿਆਰਬੰਦ ਬਲਾਂ ਦੇ ਕਮਾਂਡੋਜ਼ 24 ਘੰਟੇ ਨਾਲ ਰਹਿਣਗੇ
- ਪੁਲੀਸ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਦੇ ਬਾਹਰ ਚੌਕਸੀ ਵਧਾਈ
ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਤਫ਼ਤੀਸ਼ ਵਿੱਚ ਸ਼ਾਮਲ 13 ਪੁਲੀਸ ਅਧਿਕਾਰੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਨ੍ਹਾਂ ਵਿਚੋਂ ਤਿੰਨ ਨੂੰ ‘ਵਾਈ’ ਜਦੋਂਕਿ 9 ਜਣਿਆਂ ਨੂੰ ‘ਐੱਕਸ’ ਵਰਗ ਦੀ ਸੁਰੱਖਿਆ ਮੁਹੱਈਆ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਇਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਕੈਨੇਡਾ ਅਧਾਰਿਤ ਗੈੈਂਗਸਟਰ ਲਖਬੀਰ ਸਿੰਘ ਲੰਡਾ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਹ 13 ਪੁਲੀਸ ਅਧਿਕਾਰੀ ਦਿੱਲੀ ਪੁਲੀਸ ਨਾਲ ਸਬੰਧਤ ਹਨ। ਸੂਤਰਾਂ ਮੁਤਾਬਕ ਇਨ੍ਹਾਂ ਅਧਿਕਾਰੀਆਂ ਨੂੰ 24 ਘੰਟੇ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਾਲ ਇਨ੍ਹਾਂ ਦੀ ਦਿੱਲੀ ਵਿਚਲੀਆਂ ਰਿਹਾਇਸ਼ਾਂ ਦੇ ਬਾਹਰ ਸਖ਼ਤ ਚੌਕਸੀ ਰੱਖੀ ਜਾਵੇਗੀ। ਸਿੱਧੂ ਮੂਸੇਵਾਲਾ ਦਾ ਇਸ ਸਾਲ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਕਤਲ ਕਰ ਦਿੱਤਾ ਗਿਆ ਸੀ।
ਦਿੱਲੀ ਦੇ ਪੁਲੀਸ ਕਮਿਸ਼ਨਰ ਸੰਜੈ ਅਰੋੜਾ ਵੱਲੋਂ ਜਾਰੀ ਹੁਕਮਾਂ ਮਗਰੋਂ ਸਪੈਸ਼ਲ ਕਮਿਸ਼ਨਰ ਆਫ਼ ਪੁਲੀਸ (ਵਿਸ਼ੇਸ਼ ਸੈੱਲ) ਐੱਚ.ਜੀ.ਐੱਸ.ਧਾਲੀਵਾਲ, ਡੀਸੀਪੀ ਰਾਜੀਵ ਰੰਜਨ ਤੇ ਡੀਸੀਪੀ (ਵਿਸ਼ੇਸ਼ ਸੈੱਲ) ਮਾਨਿਸ਼ੀ ਚੰਦਰ ਲਈ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਸੁਰੱਖਿਆ ਵਧਾਉਣ ਦਾ ਫੈਸਲਾ ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਵੱਲੋਂ ਦਿੱਤੀਆਂ ਧਮਕੀਆਂ ਦੀ ਵਿਆਪਕ ਸਮੀਖਿਆ ਮਗਰੋਂ ਲਿਆ ਗਿਆ ਹੈ। ਲੰਡਾ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੇ ਅਧਿਕਾਰੀਆਂ ਨੂੰ ਧਮਕਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਉਸ ਕੋਲ (ਇਨ੍ਹਾਂ) ਸਾਰੇ ਅਧਿਕਾਰੀਆਂ ਦੀਆਂ ਤਸਵੀਰਾਂ ਹਨ ਤੇ ਜੇਕਰ ਉਹ ਆਪਣੀ ਗਲੀ ਵਿੱਚ ਘੁੰਮਦੇ ਨਜ਼ਰ ਆੲੇ ਤਾਂ ਚੰਗਾ ਨਹੀਂ ਹੋਵੇਗਾ।
ਸੂਤਰਾਂ ਨੇ ਕਿਹਾ ਕਿ ਚਾਰ ਏਸੀਪੀ’ਜ਼ ਤੇ ਪੰਜ ਇੰਸਪੈਕਟਰਾਂ ਨੂੰ ‘ਐਕਸ’ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਨ ਤੋਂ ਇਲਾਵਾ ਹਥਿਆਰਬੰਦ ਪੁਲੀਸ ਕਮਾਂਡੋ 24 ਘੰਟੇ ਉਨ੍ਹਾਂ ਨਾਲ ਤਾਇਨਾਤ ਰਹਿਣਗੇ। -ਪੀਟੀਆਈ