17.1 C
Patiāla
Wednesday, December 4, 2024

ਮਹਿੰਗਾਈ ਦਰ ਨੂੰ ਹੋਰ ਹੇਠਾਂ ਲਿਆਏਗੀ ਸਰਕਾਰ: ਨਿਰਮਲਾ ਸੀਤਾਰਾਮਨ

Must read


ਨਵੀਂ ਦਿੱਲੀ, 14 ਦਸੰਬਰ

ਮੁੱਖ ਅੰਸ਼

  • ਲੋਕ ਸਭਾ ’ਚ ਵਿੱਤ ਮੰਤਰੀ ਨੇ ਰੁਪਏ ਦੀ ਕੀਮਤ, ਵਿਦੇਸ਼ੀ ਮੁਦਰਾ ਭੰਡਾਰ ਤੇ ਡੁੱਬੇ ਕਰਜ਼ਿਆਂ ਬਾਰੇ ਰੱਖਿਆ ਸਰਕਾਰ ਦਾ ਪੱਖ
  • ਵਾਧੂ ਗਰਾਂਟਾਂ ਦੀ ਮੰਗ ਸਦਨ ਵੱਲੋਂ ਪਾਸ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਲੋਕ ਸਭਾ ਵਿਚ ਭਰੋਸਾ ਦਿਵਾਇਆ ਕਿ ਸਰਕਾਰ ਮਹਿੰਗਾਈ ਨੂੰ ਹੋਰ ਹੇਠਾਂ ਲਿਆਉਣ ਲਈ ਕਦਮ ਚੁੱਕੇਗੀ। ਜ਼ਿਕਰਯੋਗ ਹੈ ਕਿ ਮਹਿੰਗਾਈ ਆਰਬੀਆਈ ਵੱਲੋਂ ਤੈਅ ਉਪਰਲੀ ਸੀਮਾ ਛੇ ਪ੍ਰਤੀਸ਼ਤ ਤੋਂ ਥੋੜ੍ਹੀ ਹੇਠਾਂ ਆਈ ਹੈ। ਪ੍ਰਚੂਨ ਮਹਿੰਗਾਈ ਨਵੰਬਰ ਮਹੀਨੇ ’ਚ 11 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ (5.8 ਪ੍ਰਤੀਸ਼ਤ) ਉਤੇ ਦਰਜ ਕੀਤੀ ਗਈ ਸੀ। ਪਿਛਲੇ ਮਹੀਨੇ ਇਹ 6.77 ਪ੍ਰਤੀਸ਼ਤ ਸੀ। ਲੋਕ ਸਭਾ ਵਿਚ ਵਾਧੂ ਗਰਾਂਟਾਂ ਦੀ ਮੰਗ (2022-23) ਦੇ ਮੁੱਦੇ ਉਤੇ ਬੋਲਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਆਮ ਲੋਕਾਂ ਲਈ ਮਹਿੰਗਾਈ ਘੱਟ ਕਰਨ ਦਾ ਹਰ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਉਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ। ਵਿੱਤ ਮੰਤਰੀ ਨੇ ਨਾਲ ਹੀ ਕਿਹਾ ਕਿ ਭਾਰਤ ਵਿਚ ‘ਸਟੈਗਫਲੇਸ਼ਨ’ (ਉੱਚੀ ਮਹਿੰਗਾਈ ਦਰ ਦੇ ਨਾਲ ਬੇਰੁਜ਼ਗਾਰੀ ਅਤੇ ਮੰਗ ਦਾ ਨਾ ਹੋਣ) ਦੀ ਸੰਭਾਵਨਾ ਨਹੀਂ ਹੈ ਕਿਉਂਕਿ ਦੇਸ਼ ਦਾ ਅਰਥਚਾਰਾ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਅਰਥਚਾਰਿਆਂ ਵਿਚੋਂ ਇਕ ਹੈ। ਵਿੱਤੀ ਘਾਟੇ ਦੇ ਸੰਦਰਭ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਵਰ੍ਹੇ ਲਈ ਜੀਡੀਪੀ ਵਿਚ 6.4 ਪ੍ਰਤੀਸ਼ਤ ਦੇ ਘਾਟੇ ਨੂੰ ਪੂਰਨ ਵਿਚ ਸਫ਼ਲ ਹੋਵੇਗੀ। ਡੁੱਬੇ ਕਰਜ਼ਿਆਂ (ਐੱਨਪੀਏ) ਦੇ ਮਾਮਲੇ ਉਤੇ ਸੀਤਾਰਾਮਨ ਨੇ ਕਿਹਾ ਕਿ ਮਾਰਚ 2022 ਦੇ ਅਖੀਰ ਤੱਕ ਇਹ 7.28 ਪ੍ਰਤੀਸ਼ਤ ਦੇ ਹੇਠਲੇ ਪੱਧਰ ਉਤੇ ਆ ਗਏ ਸਨ। ਡਾਲਰ ਮੁਕਾਬਲੇ ਰੁਪਏ ਦੇ ਕੀਮਤ ਡਿੱਗਣ ਦੇ ਮੁੱਦੇ ਉਤੇ ਉਨ੍ਹਾਂ ਕਿਹਾ ਕਿ ਰੁਪਿਆ ਬਾਕੀ ਸਾਰੀਆਂ ਕਰੰਸੀਆਂ ਵਿਰੁੱਧ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਵਿਸ਼ਵ ਬੈਂਕ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਸੀਤਾਰਾਮਨ ਨੇ ਕਿਹਾ ਕਿ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਸੰਸਾਰ ਦੇ ਸਭ ਤੋਂ ਵੱਡੇ ਕਰੰਸੀ ਭੰਡਾਰਾਂ ਵਿਚੋਂ ਇਕ ਹੈ। ਇਸ ਕਾਰਨ ਆਲਮੀ ਸੰਕਟ ਤੋਂ ਭਾਰਤ ਦਾ ਬਚਾਅ ਹੈ। ਸਦਨ ਨੇ ਅੱਜ ਸਪਲੀਮੈਂਟਰੀ ਗਰਾਂਟਾਂ ਪਾਸ ਕਰ ਦਿੱਤੀਆਂ। ਇਸ ਨਾਲ ਸਰਕਾਰ ਹੁਣ ਵਿੱਤੀ ਵਰ੍ਹੇ 2022-23 ’ਚ 3.25 ਲੱਖ ਕਰੋੜ ਰੁਪਏ ਹੋਰ ਖ਼ਰਚ ਸਕੇਗੀ।

ਟੀਐਮਸੀ ਆਗੂ ਮਹੂਆ ਮੋਇਤਰਾ ਵੱਲੋਂ ਸਦਨ ਵਿਚ ਕੀਤੀ ਟਿੱਪਣੀ ’ਤੇ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ‘ਪੱਪੂ’ ਪੱਛਮੀ ਬੰਗਾਲ ਵਿਚ ਲੱਭਿਆ ਜਾ ਸਕਦਾ ਹੈ। ਉਨ੍ਹਾਂ ਚੋਣਾਂ ਤੋਂ ਬਾਅਦ ਬੰਗਾਲ ਵਿਚ ਹੋਈ ਹਿੰਸਾ ਉਤੇ ਵੀ ਸਵਾਲ ਉਠਾਇਆ।  -ਪੀਟੀਆਈ

 

‘ਖਾਦ ਉਤਪਾਦਨ ’ਚ ਭਾਰਤ ਨੂੰ ਆਤਮ ਨਿਰਭਰ ਹੋਣ ਦੀ ਲੋੜ’

ਆਰਬੀਆਈ ਵੱਲੋਂ ‘ਰੇਪੋ ਰੇਟ’ ਵਿਚ ਵਾਧੇ ਉਤੇ ਹੋ ਰਹੀ ਆਲੋਚਨਾ ’ਤੇ ਵਿੱਤ ਮੰਤਰੀ ਨੇ ਕਿਹਾ ਕਿ ਯੂਪੀਏ ਵੇਲੇ ਇਹ 8 ਪ੍ਰਤੀਸ਼ਤ ਤੱਕ ਪਹੁੰਚ ਗਈ ਸੀ ਪਰ ਇਸ ਵੇਲੇ 6.25 ਫ਼ੀਸਦ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਖਾਦਾਂ ਦੇ ਉਤਪਾਦਨ ਵਿਚ ਆਤਮ ਨਿਰਭਰ ਹੋਣ ਦੀ ਲੋੜ ਹੈ ਕਿਉਂਕਿ ਇਸ ਮੋਰਚੇ ’ਤੇ ਸਬਸਿਡੀ ਦੀ ਲੋੜ ਪੂਰਨ ਲਈ ਵੀ ਵਾਧੂ ਗਰਾਂਟ ਦੀ ਲੋੜ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਜ਼ਿਆਦਾਤਰ ਖਾਦ ਬਾਹਰੋਂ ਮੰਗਵਾਉਣੀ ਪੈਂਦੀ ਹੈ। ‘ਮਨਰੇਗਾ’ ਨੂੰ ਮੰਗ ਮੁਤਾਬਕ ਚੱਲਣ ਵਾਲੀ ਸਕੀਮ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਅਲਾਟਮੈਂਟ ਘਟੀ ਹੈ ਕਿਉਂਕਿ ਮੰਗ ਵੀ ਘਟੀ ਹੈ। -ਪੀਟੀਆਈ

ਥੋਕ ਕੀਮਤਾਂ ’ਤੇ ਅਧਾਰਿਤ ਮਹਿੰਗਾਈ ਨਵੰਬਰ ’ਚ ਘਟੀ

ਥੋਕ ਕੀਮਤਾਂ-ਅਧਾਰਿਤ ਮਹਿੰਗਾਈ ਨਵੰਬਰ ਮਹੀਨੇ 5.25 ਪ੍ਰਤੀਸ਼ਤ ਉਤੇ ਆ ਗਈ ਹੈ। ਪਿਛਲੇ 21 ਮਹੀਨਿਆਂ ਦੌਰਾਨ ਮਹਿੰਗਾਈ ਦਾ ਇਹ ਸਭ ਤੋਂ ਹੇਠਲਾ ਪੱਧਰ ਹੈ। ਇਸ ਦਾ ਕਾਰਨ ਖ਼ੁਰਾਕੀ ਪਦਾਰਥਾਂ, ਈਂਧਨ ਤੇ ਹੋਰ ਉਤਪਾਦਾਂ ਦੀ ਕੀਮਤਾਂ ਵਿਚ ਆਈ ਨਰਮੀ ਹੈ। ਥੋਕ ਕੀਮਤਾਂ ਦੇ ਸੂਚਕ ਅੰਕ ਮੁਤਾਬਕ ਮਈ ਮਹੀਨੇ ਤੋਂ ਮਹਿੰਗਾਈ ਘਟ ਰਹੀ ਹੈ ਤੇ ਅਕਤੂਬਰ ਵਿਚ ਇਹ ਇਕਾਈ ਦੇ ਅੰਕਾਂ ’ਚ (8.39 ਪ੍ਰਤੀਸ਼ਤ) ਆਈ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਉੱਚੇ ਬੇਸ ਅਤੇ ਖ਼ੁਰਾਕ ਕੀਮਤਾਂ ਵਿਚ ਆਈ ਕੁਝ ਕਮੀ ਕਾਰਨ ਨਵੰਬਰ ’ਚ ਥੋਕ ਮਹਿੰਗਾਈ ਘਟੀ ਹੈ। ਜ਼ਿਕਰਯੋਗ ਹੈ ਕਿ ਫਰਵਰੀ 2021 ਵਿਚ ਇਹ 4.83 ਪ੍ਰਤੀਸ਼ਤ ਸੀ ਤੇ ਉਸ ਤੋਂ ਬਾਅਦ ਇਹ ਸਭ ਤੋਂ ਹੇਠਲਾ ਪੱਧਰ ਹੈ।



News Source link

- Advertisement -

More articles

- Advertisement -

Latest article