ਪ੍ਰੋ.ਅਮਾਨਤ ਅਲੀ ਮੁਸਾਫ਼ਿਰ
ਅਜੋਕਾ ਪੰਜਾਬ
ਛੱਪੜ ਤੇ ਟਿੱਬੇ ਉਹ ਬੰਨ੍ਹੇ ਨਾ ਰਹਿ ਗਏ
ਓ ਕਾਠੇ ਕਮਾਦਾਂ ਦੇ ਗੰਨੇ ਨਾ ਰਹਿ ਗਏ
ਪਿਰਚਾਂ ਤੇ ਕੱਪਾਂ ਨੇ ਸ਼ੋਅ ਕੇਸ ਮੱਲੇ
ਓ ਗਾਗਰ ਤੇ ਗੜਵੇ ਓ ਛੰਨੇ ਨਾ ਰਹਿ ਗਏ
ਜੀਵਾਂ ਦੇ ਵਾਂਗੂ ਜੁਆਕਾਂ ਦੇ ਨਾਂ ਹਨ
ਓ ਬੰਤੇ ਸਰੈਣੈ ਤੇ ਮੰਨੇ ਨਾ ਰਹਿ ਗਏ
ਭਰਮ ਜੋ ਭਰੱਪਣ ਦਾ ਰੱਖਦੇ ਸੀ ਹਰਦਮ
ਓ ਦਰਸ਼ੂ ਦਿਆਲੂ ਤੇ ਧਰਨੇ ਨਾ ਰਹਿ ਗਏ
ਪਾ ਪਾ ਦੁਆਈਆਂ ਤੇ ਸਭ ਸਾੜ ਦਿੱਤੇ
ਓ ਪੋਲਾਂ ਜਵਾਇਆਂ ਤੇ ਪੰਨੇ ਨਾ ਰਹਿ ਗਏ
ਮੈਸੇਜ ਤੇ ਮਿਸ ਕਾਲਾਂ ਪਰੇਸ਼ਾਨ ਕੀਤਾ
ਓ ਖ਼ੁਥੀ ਛਟਾਪੂ ਦੇ ਘੰਨੇ ਨਾ ਰਹਿ ਗਏ
ਜੰਮਣ ਤੋਂ ਲੈ ਕੇ ਮਰਨ ਪਿੱਛੋਂ ਰਹਿੰਦੇ
ਓ ਤਲਕ ਯਰਾਨੇ ਵੀ ਲੰਮੇ ਨਾ ਰਹਿ ਗਏ
ਕਿੱਥੇ ਸੋਹਣੀ ਸੱਸੀ ਤੇ ਸਾਹਿਬਾਂ ਚਲੀ ਗਈ
ਉਹ ਵਾਰਸ ਦੀ ਸ਼ਾਇਰੀ ਦੇ ਪੰਨੇ ਨਾ ਰਹਿ ਗਏ
ਜਿੱਥੇ ਕਦੇ ਲੱਗਦੇ ਸੀ ਰੌਣਕ ਤੇ ਮੇਲੇ
ਉਹ ਚੌਂਕੇ ਚੁਰਸਤੇ ਉਹ ਚੱਨੇ ਨਾ ਰਹਿ ਗਏ
ਆਪੋ ਆਪਣੀ ਪੈ ਗਈ ਏ ਸਭ ਨੂੰ ‘ਮੁਸਾਫ਼ਰ’
ਉਹ ਭੈਣਾਂ ਭਰਾਵਾਂ ਦੇ ਹੰਮੇ ਨਾ ਰਹਿ ਗਏ
ਸੰਪਰਕ 00923004969513
ਲਖਵਿੰਦਰ ਸਿੰਘ ਲੱਖਾ
ਬੋਲੀਏ ਪੰਜਾਬੀਏ
ਬੋਲੀਏ ਪੰਜਾਬੀਏ ਮੈਂ ਤੇਰਾ ਹਾਂ ਮੁਰੀਦ ਹੋਇਆ
ਜਿੰਨਾ ਲੋਕਾਂ ਭੰਡਿਆ ਮੈਂ ਓਨਾ ਹੀ ਕਰੀਬ ਹੋਇਆ।
ਮਿੱਠੀ ਤੇਰੀ ਮਹਿਕ ਨੇ ਹੈ ਦਿਲ ਮੇਰਾ ਜਿੱਤਿਆ
ਕਿੱਸਾ ਮੇਰੇ ਨਾਲ ਇਹ ਤਾਂ ਜੱਗ ਤੋਂ ਅਜੀਬ ਹੋਇਆ।
ਜਦੋਂ ਦੀ ਤੂੰ ਦਿਲ ਵਿੱਚ ਵੱਸੀ ਏਂ ਪੰਜਾਬੀਏ
ਭੈੜਾ ਸੀ ਜੋ ਕੱਲ੍ਹ ਅੱਜ ਚੰਗਾ ਉਹ ਨਸੀਬ ਹੋਇਆ।
ਤੇਰੇ ਸੰਗ ਮਿਲ ਦੀਆਂ ਸ਼ੋਹਰਤਾਂ ਜਹਾਨ ‘ਤੇ
ਫੇਰ ਭਲਾ ਦੱਸੇ ਕੋਈ ਕਿੰਜ ਮੈਂ ਗਰੀਬ ਹੋਇਆ।
ਜਿਸ ਦਿਨ ਤੇਰੇ ਸੀ ਮੈਂ ਰੰਗਾਂ ਵਿੱਚ ਰੰਗਿਆ
ਭਾਗਾਂ ਵਾਲਾ ਉਹੋ ਦਿਨ ਸੱਚ ਮੇਰੀ ਈਦ ਹੋਇਆ।
ਮਾਂ ਬੋਲੀ ਕਹਿ ਕੇ ਤੈਨੂੰ ਮਾਣ ਹੈ ਜਹਾਨ ਦਿੰਦਾ
‘ਲੱਖਾ’ ਤੇਰਾ ਪੁੱਤ ਵੀ ਇਹ ਤੇਰਾ ਹੈ ਅਜ਼ੀਜ਼ ਹੋਇਆ।
ਜੀਵਨ ਵਾਲਾ ਸੂਰਜ
ਜੀਵਨ ਵਾਲਾ ਸੂਰਜ ਢਲਦਾ ਜਾ ਰਿਹਾ
ਮੇਰੇ ਦਿਲ ਦਾ ਸੁਪਨਾ ਫ਼ਲਦਾ ਜਾ ਰਿਹਾ।
ਦਾੜ੍ਹੀ ਵਿੱਚ ਰਤਨ ਕੀ ਚਿੱਟੇ ਆ ਗਏ
ਅੱਖਰ ਮੇਰੇ ਵਿਸ਼ਵ ‘ਤੇ ਹਨ ਛਾ ਗਏ।
ਦਿਨੋਂ ਦਿਨ ਹੈ ਘਟਦੇ ਜਾਂਦੇ ਸਾਹ ਜੀਓ
ਐਪਰ ਪਿਆ ਬੁਲੰਦੀ ਵਾਲੇ ਰਾਹ ਜੀਓ।
ਭੇਜਿਆ ਮੈਨੂੰ ਵਿੱਚ ਵਲੈਤ ਹੈ ਅੱਖਰਾਂ ਨੇ
ਇਸ ਤੋਂ ਉੱਪਰ ਹੋਰ ਕੀ ਲੈਣਾ ਫੱਕਰਾਂ ਨੇ।
ਜਿੰਦ ਹੈ ਮੁੱਕਣੀ ਜੀਂਦੇ ਲੋਕਾਂ ਨਾ ਪੁੱਛਣਾ
ਹੋਣਾ ਤਦ ਮਸ਼ਹੂਰ ਜਦੋਂ ਚਹੁੰ ਨੇ ਚੁੱਕਣਾ।
ਜਿਉਂਦੇ ਦੀ ਨਾ ਕਦਰ ਜੱਗ ਦੀ ਰੀਤੀ ਏ
ਬਸ ਮੜ੍ਹੀਆਂ ਦੀ ਮਿੱਟੀ ਨਾਲ ਪਰੀਤੀ ਏ।
ਮੈਂ ਤੇ ਯਾਰੋ ਅਮਰ ਜਿਉਂਦੇ ਜੀਅ ਹੋਇਆ
ਫੱਕਰ ਲੋਕੀਂ ਜਾਣਨ ਕਿੰਝ ਤੇ ਕੀ ਹੋਇਆ।
‘ਲੱਖੇ’ ਸਲੇਮਪੁਰੀ ਤਾਂ ਜਨਮ ਹੰਢਾ ਜਾਣਾ
ਪਤਾ ਨਹੀਂ ਗੁੰਮ ਹੋਣਾ ਹੈ ਕਿ ਛਾ ਜਾਣਾ।
ਸੰਪਰਕ: +447438398345
News Source link
#ਪਰਵਸ #ਕਵ