ਬਿੰਦਰ ਸਿੰਘ ਖੁੱਡੀਕਲਾਂ
ਪੰਜਾਬੀ ਨੌਜਵਾਨਾਂ ਦਾ ਪਰਵਾਸ ਸਭ ਹੱਦਾਂ ਬੰਨੇ ਪਾਰ ਕਰਦਾ ਜਾ ਰਿਹਾ ਹੈ। ਇੱਕਾ-ਦੁੱਕਾ ਪਰਿਵਾਰਾਂ ਤੋਂ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਸ਼ੁਰੂ ਹੋਇਆ ਰੁਝਾਨ ਹੁਣ ਸਭ ਪਰਿਵਾਰਾਂ ਦੀ ਕਹਾਣੀ ਬਣ ਚੁੱਕਿਆ ਹੈ। ਆਈਲੈਟਸ ਕੇਂਦਰਾਂ ਅਤੇ ਵੀਜ਼ਾ ਸਲਾਹਕਾਰਾਂ ਦੇ ਕਾਊਂਟਰਾਂ ’ਤੇ ਲੱਗੀਆਂ ਭੀੜਾਂ ਪੰਜਾਬੀਆਂ ਦੇ ਪਰਵਾਸੀ ਹੋਣ ਲਈ ਉਤਾਵਲੇਪਣ ਦਾ ਪ੍ਰਤੱਖ ਪ੍ਰਮਾਣ ਹਨ।
ਕੋਈ ਸਮਾਂ ਸੀ ਜਦੋਂ ਬਹੁਤ ਘੱਟ ਮਾਪੇ ਬੱਚਿਆਂ ਦੇ ਵਿਦੇਸ਼ ਜਾਣ ਦੀ ਇੱਛਾ ਨਾਲ ਸਹਿਮਤੀ ਜਤਾਉਂਦੇ ਸਨ। ਪਰ ਸੂਬੇ ਵਿੱਚ ਰੁਜ਼ਗਾਰ ਦੀ ਘਾਟ ਦੇ ਨਾਲ ਨਾਲ ਨਸ਼ਿਆਂ ਦੀ ਭਰਮਾਰ ਸਮੇਤ ਤਮਾਮ ਅਲਾਮਤਾਂ ਨੇ ਮਾਪਿਆਂ ਨੂੰ ਆਪਣੇ ਬੱਚੇ ਵਿਦੇਸ਼ ਭੇਜਣ ਲਈ ਮਜਬੂਰ ਕਰ ਦਿੱਤਾ ਹੈ। ਪਰ ਉੱਥੇ ਜਾ ਕੇ ਵੀ ਬੱਚਿਆਂ ਨੇ ਪੰਜਾਬ ਵਰਗਾ ਮਾਹੌਲ ਸਿਰਜਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਉਦਾਹਰਨ ਕੈਨੇਡਾ ਵਿੱਚ ਆਏ ਦਿਨ ਪੰਜਾਬੀ ਵਿਦਿਆਰਥੀਆਂ ਵੱਲੋਂ ਕੀਤੀਆਂ ਜਾ ਰਹੀਆਂ ਲੜਾਈ-ਝਗੜਿਆਂ ਅਤੇ ਹੁੱਲੜਬਾਜ਼ੀ ਦੀਆਂ ਘਟਨਾਵਾਂ ਹਨ। ਇਹ ਵਿਦਿਆਰਥੀ ਉੱਥੇ ਆਪਣਾ ਭਵਿੱਖ ਸੰਵਾਰਨ ਗਏ ਹਨ ਨਾ ਕਿ ਵਿਗਾੜਨ। ਇਸ ਲਈ ਇਨ੍ਹਾਂ ਨੂੰ ਅਤੇ ਇਨ੍ਹਾਂ ਦੇ ਮਾਪਿਆਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ।
ਪਰਿਵਾਰਾਂ ਨੇ ਇਨ੍ਹਾਂ ਨੂੰ ਆਪਣੇ ਢਿੱਡ ਵੱਢ ਕੇ ਵਿਦੇਸ਼ਾਂ ਵਿੱਚ ਪੜ੍ਹਨ ਭੇਜਿਆ ਹੈ। ਇਨਸਾਨ ਖ਼ੁਦ ਦੀ ਜ਼ਿੰਦਗੀ ਦੇ ਨਾਲ ਨਾਲ ਆਪਣੇ ਬੱਚਿਆਂ ਦੀ ਜ਼ਿੰਦਗੀ ਬਾਰੇ ਵੀ ਬਹੁਤ ਸਾਰੇ ਸੁਪਨੇ ਵੇਖਦਾ ਹੈ।
ਬਹੁਤ ਸਾਰੇ ਮਾਪੇ ਖ਼ੁਦ ਦੀ ਜ਼ਿੰਦਗੀ ਵਿੱਚ ਪੂਰੇ ਨਾ ਕੀਤੇ ਜਾ ਸਕਣ ਵਾਲੇ ਸੁਪਨਿਆਂ ਨੂੰ ਬੱਚਿਆਂ ਦੇ ਸੁਪਨਿਆਂ ਦੀ ਪੂਰਤੀ ਨਾਲ ਸਾਕਾਰ ਕਰਨ ਦੀ ਇੱਛਾ ਰੱਖਦੇ ਹਨ। ਜ਼ਿੰਦਗੀ ਵਿੱਚ ਬੱਚਿਆਂ ਨੂੰ ਚੰਗੇ ਮੁਕਾਮ ’ਤੇ ਪਹੁੰਚਾਉਣ ਲਈ ਮਾਪੇ ਬੱਚੇ ਦੇ ਬਚਪਨ ਤੋਂ ਹੀ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਹਨ। ਬੱਚੇ ਨੂੰ ਸਕੂਲ ਭੇਜਦੇ ਸਮੇਂ ਮਾਪਿਆਂ ਦੀਆਂ ਅੱਖਾਂ ਵਿੱਚ ਬਹੁਤ ਸਾਰੇ ਸੁਪਨੇ ਹੁੰਦੇ ਹਨ। ਬੱਚਿਆਂ ਨੂੰ ਉੱਚ ਮੁਕਾਮ ’ਤੇ ਪਹੁੰਚਾ ਕੇ ਖ਼ੁਦ ਦੇ ਸੁਪਨਿਆਂ ਦੀ ਪੂਰਤੀ ਲਈ ਮਾਪੇ ਬਹੁਤ ਸਾਰੀਆਂ ਤੰਗੀਆਂ ਤੁਰਸ਼ੀਆਂ ਨਾਲ ਦੋ ਚਾਰ ਹੁੰਦੇ ਹਨ।
ਬਹੁਤ ਸਾਰੇ ਮਾਪਿਆਂ ਨੂੰ ਆਰਥਿਕ ਦੁਸ਼ਵਾਰੀਆਂ ਨਾਲ ਜੂਝਣਾ ਪੈਂਦਾ ਹੈ। ਚੰਗੇ ਅਧਿਆਪਕ ਅਕਸਰ ਵਿਦਿਆਰਥੀਆਂ ਨੂੰ ਸਕੂਲ ਆਉਣ ਤੋਂ ਪਹਿਲਾਂ ਆਪਣੇ ਮਾਪਿਆਂ ਦੀਆਂ ਅੱਖਾਂ ਵਿਚਲੇ ਸੁਪਨੇ ਪੜ੍ਹ ਕੇ ਆਉਣ ਲਈ ਕਹਿੰਦੇ ਹਨ।
ਬੱਚਿਆਂ ਨੂੰ ਰੁਜ਼ਗਾਰ ਪੱਖੋਂ ਸਥਾਪਿਤ ਕਰਨ ਦੇ ਨਾਲ ਨਾਲ ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਦੌਰਾਨ ਪੇਸ਼ ਆਉਣ ਵਾਲੀਆਂ ਅਲਾਮਤਾਂ ਤੋਂ ਬਚਾਉਣ ਲਈ ਮਾਪੇ ਉਮਰ ਭਰ ਫ਼ਿਕਰਮੰਦ ਰਹਿੰਦੇ ਹਨ। ਖ਼ੁਦ ਬੇਸ਼ੁਮਾਰ ਤੰਗੀਆਂ ਤੁਰਸ਼ੀਆਂ ਸਹਿ ਕੇ ਵੀ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣਾ ਮਾਪਿਆਂ ਦੀ ਇਸ ਫ਼ਿਕਰਮੰਦੀ ਦਾ ਹੀ ਹਿੱਸਾ ਹੈ। ਆਪਣੇ ਬਲਬੂਤੇ ’ਤੇ ਵਿਦੇਸ਼ ਨਾ ਜਾ ਸਕਣ ਵਾਲੇ ਬੱਚਿਆਂ ਲਈ ਵਿਦੇਸ਼ੀ ਜੀਵਨ ਸਾਥੀ ਦੀ ਚੋਣ ਦੀ ਜੁਗਾੜਬੰਦੀ ਵੀ ਮਾਪਿਆਂ ਦੀ ਬੱਚਿਆਂ ਪ੍ਰਤੀ ਫ਼ਿਕਰਮੰਦੀ ਦਾ ਹੀ ਹਿੱਸਾ ਹੈ। ਬੱਚਿਆਂ ਨੂੰ ਪੜ੍ਹਾਉਣ ਲਿਖਾਉਣ ਉਪਰੰਤ ਆਈਲੈਟਸ ਕਰਵਾ ਕੇ ਵਿਦੇਸ਼ੀ ਵਿੱਦਿਅਕ ਸੰਸਥਾਵਾਂ ਦੀਆਂ ਮਹਿੰਗੀਆਂ ਫੀਸਾਂ ਅਦਾ ਕਰਨ ਲਈ ਬਹੁਤ ਸਾਰੇ ਮਾਪਿਆਂ ਨੂੰ ਜ਼ੱਦੀ ਪੁਸ਼ਤੀ ਜ਼ਮੀਨਾਂ ਜਾਇਦਾਦਾਂ ਵੇਚਣ ਤੋਂ ਲੈ ਕੇ ਬਹੁਤ ਸਾਰੇ ਮਾਪਿਆਂ ਨੂੰ ਕਰਜ਼ੇ ਵੀ ਚੁੱਕਣੇ ਪੈਂਦੇ ਹਨ। ਵਿਆਹ ਕਰ ਕੇ ਵਿਦੇਸ਼ ਭੇਜਣ ਵਾਲੇ ਮਾਪਿਆਂ ਨੂੰ ਵੀ ਬਹੁਤ ਸਾਰਾ ਕਰਜ਼ਾ ਚੁੱਕਣ ਦੇ ਨਾਲ ਨਾਲ ਧੋਖੇ ਦਾ ਜੋਖਮ ਵੀ ਉਠਾਉਣਾ ਪੈਂਦਾ ਹੈ। ਵਿਦੇਸ਼ੀ ਲਾੜੇ-ਲਾੜੀਆਂ ਵੱਲੋਂ ਧੋਖੇ ਦੀਆਂ ਵਾਰਦਾਤਾਂ ਮਾਪਿਆਂ ਦੀ ਚਿੰਤਾਂ ਵਿੱਚ ਇਜ਼ਾਫਾ ਕਰ ਰਹੀਆਂ ਹਨ।
ਬੱਚਿਆਂ ਦੇ ਭਵਿੱਖ ਪ੍ਰਤੀ ਮਾਪਿਆਂ ਦੀ ਫਿਕਰਮੰਦੀ ਬੱਚਿਆਂ ਦੀਆਂ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਰਧਾਰਤ ਕਰਦੀ ਹੈ। ਮਾਪਿਆਂ ਦੇ ਸੁਪਨਿਆਂ ਦੀ ਪੂਰਤੀ ਬੱਚਿਆਂ ਦੀ ਸੰਜੀਦਗੀ ’ਤੇ ਨਿਰਭਰ ਕਰਦੀ ਹੈ। ਬਦਕਿਸਮਤੀ ਵੱਸ ਬਹੁਤ ਸਾਰੇ ਬੱਚੇ ਮਾਪਿਆਂ ਵੱਲੋਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਫਲਤਾ ਪ੍ਰਤੀ ਵੇਖੇ ਸੁਪਨਿਆਂ ਬਾਰੇ ਸੰਜੀਦਗੀ ਨਹੀਂ ਵਿਖਾਉਂਦੇ। ਵਿਦੇਸ਼ ਪੜ੍ਹਨ ਗਏ ਬਹੁਤ ਸਾਰੇ ਨੌਜਵਾਨ ਮਾਪਿਆਂ ਤੋਂ ਆਜ਼ਾਦੀ ਦੀ ਅਜਿਹੀ ਦੁਰਵਰਤੋਂ ਕਰਦੇ ਹਨ ਕਿ ਉਹ ਮਾਪਿਆਂ ਦੇ ਸੁਪਨਿਆਂ ਨੂੰ ਚਕਨਾਚੂਰ ਕਰਨ ਦੇ ਨਾਲ ਨਾਲ ਖ਼ੁਦ ਦੀ ਜ਼ਿੰਦਗੀ ਵੀ ਲੀਹ ਤੋਂ ਲਾਹ ਲੈਂਦੇ ਹਨ। ਵਿਕਸਤ ਮੁਲਕਾਂ ਖਾਸ ਕਰਕੇ ਕੈਨੇਡਾ ਗਏ ਨੌਜਵਾਨਾਂ ਵੱਲੋਂ ਨਸ਼ੇ ਕਰਨ ਉਪਰੰਤ ਕੀਤੀ ਜਾਣ ਵਾਲੀ ਹੁੱਲੜਬਾਜ਼ੀ ਦੀਆਂ ਘਟਨਾਵਾਂ ਵਿੱਚ ਦਿਨ ਪ੍ਰਤੀ ਦਿਨ ਇਜ਼ਾਫਾ ਹੋ ਰਿਹਾ ਹੈ। ਵਿਦੇਸ਼ਾਂ ਵੱਲੋਂ ਨਿਰਧਾਰਤ ਸੜਕੀ ਅਤੇ ਹੋਰ ਨਿਯਮਾਂ ਦੀ ਉਲੰਘਣਾ ਕਰਨਾ ਬਹੁਤ ਸਾਰੇ ਨੌਜਵਾਨਾਂ ਦਾ ਸ਼ੌਕ ਬਣ ਗਿਆ ਹੈ। ਪਿਛਲੇ ਦਿਨੀਂ ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੇ ਇੱਕ ਗਰੁੱਪ ਨੇ ਲੇਡੀ ਪੁਲੀਸ ਮੁਲਾਜ਼ਮ ਨੂੰ ਘੇਰ ਕੇ ਹੁੱਲੜਬਾਜ਼ੀ ਦੀ ਹੱਦ ਹੀ ਕਰ ਦਿੱਤੀ। ਇਸ ਦੇ ਨਾਲ ਬਹੁਤ ਸਾਰੇ ਮੁੰਡੇ-ਕੁੜੀਆਂ ਆਪਣੀਆਂ ਜਮਾਤਾਂ ਵਿੱਚੋਂ ਗ਼ੈਰ ਹਾਜ਼ਰ ਰਹਿ ਕੇ ਅਵਾਰਾਗਰਦੀ ਦੇ ਰਸਤੇ ਤੁਰਦਿਆਂ ਆਪਣੀ ਪੜ੍ਹਾਈ ਨੂੰ ਵੀ ਖਤਰੇ ਵਿੱਚ ਪਾ ਰਹੇ ਹਨ।
ਵਿਕਸਤ ਮੁਲਕਾਂ ਦੀ ਧਰਤੀ ’ਤੇ ਕੀਤੀ ਨਿਯਮਾਂ ਦੀ ਉਲੰਘਣਾ ਦਾ ਹਰ ਇੱਕ ਨੂੰ ਮਹਿੰਗਾ ਮੁੱਲ ਤਾਰਨਾ ਪੈਂਦਾ ਹੈ। ਸ਼ਾਇਦ ਇਹ ਸਖ਼ਤਾਈ ਹੀ ਉਨ੍ਹਾਂ ਮੁਲਕਾਂ ਵਿੱਚ ਨਿਯਮਾਂ ਦੀ ਸਹੀ ਤਰੀਕੇ ਪਾਲਣਾ ਦਾ ਮੁੱਖ ਕਾਰਨ ਹੈ। ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਵੀ ਆਪਣੀਆਂ ਗਲਤੀਆਂ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਹੁੱਲੜਬਾਜ਼ ਨੌਜਵਾਨਾਂ ਨੂੰ ਵਾਪਸ ਪਰਤਣ ਤੋਂ ਲੈ ਕੇ ਹੋਰ ਸਜ਼ਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਦੀਆਂ ਹੁੱਲੜਬਾਜ਼ੀ ਅਤੇ ਆਵਾਰਾਗਰਦੀ ਵਾਲੀਆਂ ਗਤੀਵਿਧਆਂ ਵਿੱਚ ਸ਼ੁਮਾਰ ਬੱਚਿਆਂ ਦੇ ਮਾਪਿਆਂ ਨੂੰ ਜਿੱਥੇ ਸਮਾਜਿਕ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਬਹੁਤ ਸਾਰਾ ਆਰਥਿਕ ਨੁਕਸਾਨ ਵੀ ਝੱਲਣਾ ਪੈਂਦਾ ਹੈ। ਮਹਿੰਗੇ ਖਰਚੇ ਕਰਕੇ ਵਿਦੇਸ਼ ਭੇਜੇ ਬੱਚਿਆਂ ਦੇ ਕੁਰਾਹੇ ਪੈਣ ਨਾਲ ਮਾਪਿਆਂ ਦੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ।
ਵਿਦੇਸ਼ਾਂ ਦੀ ਧਰਤੀ ’ਤੇ ਪੰਜਾਬੀ ਵਿਦਿਆਰਥੀਆਂ ਦੀਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਉਨ੍ਹਾਂ ਦੇ ਮਾਪਿਆਂ ਦੇ ਨਾਲ ਨਾਲ ਸਮੂਹ ਪੰਜਾਬੀ ਭਾਈਚਾਰੇ ਲਈ ਵੀ ਨਮੋਸ਼ੀ ਦਾ ਸਬੱਬ ਬਣਦੀਆਂ ਹਨ। ਇਸ ਤਰ੍ਹਾਂ ਦੀਆਂ ਗਲਤ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨ ਸਮੇਂ ਸਿਰ ਪੀ.ਆਰ. ਹੋਣ ਤੋਂ ਵੀ ਖੁੰਝ ਜਾਂਦੇ ਹਨ ਜਦੋਂਕਿ ਸਹੀ ਤਰੀਕੇ ਪੜ੍ਹਾਈ ਮੁਕੰਮਲ ਕਰਨ ਵਾਲੇ ਨੌਜਵਾਨ ਸਮੇਂ ਸਿਰ ਪੀ.ਆਰ. ਹੋ ਕੇ ਆਪਣੇ ਮੁਕਾਮ ’ਤੇ ਪਹੁੰਚਣ ਦੇ ਨਾਲ ਨਾਲ ਮਾਪਿਆਂ ਦੇ ਸੁਪਨਿਆਂ ਦੀ ਪੂਰਤੀ ਦਾ ਵੀ ਸਬੱਬ ਬਣਦੇ ਹਨ। ਵਿਦੇਸ਼ ਗਏ ਨੌਜਵਾਨਾਂ ਨੂੰ ਹੁੱਲੜਬਾਜ਼ੀ ਅਤੇ ਆਵਾਰਾਗਰਦੀ ਦੇ ਰਸਤੇ ਤੁਰਨ ਤੋਂ ਪਹਿਲਾਂ ਇੱਕ ਵਾਰ ਮਾਪਿਆਂ ਦੇ ਸੁਪਨਿਆਂ ਦੀ ਪੂਰਤੀ ਦੀ ਜ਼ਿੰਮੇਵਾਰੀ ਦਾ ਖਿਆਲ ਜ਼ਰੂਰ ਕਰ ਲੈਣਾ ਚਾਹੀਦਾ ਹੈ।
ਸੰਪਰਕ: 98786-05965
News Source link
#ਵਦਸ਼ #ਵਚ #ਕਰਹ #ਪ #ਰਹ #ਪਜਬ #ਨਜਵਨ