ਜਗਮੋਹਨ ਸਿੰਘ
ਘਨੌਲੀ, 14 ਦਸੰਬਰ
ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਸਿਜਦਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਮਨਾਏ ਜਾਣ ਵਾਲੇ ਸ਼ਹੀਦੀ ਪੰਦਰਵਾੜੇ ਦੀ ਸ਼ੁਰੂਆਤ ਅੱਜ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਹੋ ਗਈ ਹੈ। ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਪੰਜ ਆਖੰਡ ਪਾਠ ਸਾਹਿਬ ਸ਼ੁਰੂ ਕਰਵਾਏ ਗਏ ਹਨ,ਜਿਨ੍ਹਾਂ ਦੇ ਭੋਗ 16 ਦਸੰਬਰ ਨੂੰ ਪੈਣਗੇ। ਇਸ ਦੌਰਾਨ ਧਾਰਮਿਕ ਦੀਵਾਨ ਵੀ ਸਜਾਏ ਜਾਣਗੇ। ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਭਾਈ ਉਦੈ ਸਿੰਘ ਦੀਵਾਨ ਹਾਲ ਵਿੱਚ ਰਖਾਏ ਗਏ ਆਖੰਡ ਪਾਠ ਸਾਹਿਬ ਦੀ ਆਰੰਭਤਾ ਦੀ ਅਰਦਾਸ ਤਖਤ ਕੇਸਗੜ੍ਹ ਸਹਿਬ ਦੇ ਹੈੱਡ ਗਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਦਲਜੀਤ ਸਿੰਘ ਭਿੰਡਰ, ਸਾਬਕਾ ਮੈਂਬਰ ਗੁਰਿੰਦਰ ਸਿੰਘ ਗੋਗੀ, ਤਖਤ ਕੇਸਗੜ੍ਹ ਸਾਹਿਬ ਦੇ ਵਧੀਕ ਮੈਨੇਜਰ ਹਰਦੇਵ ਸਿੰਘ, ਕੀਰਤਪੁਰ ਸਾਹਿਬ ਦੇ ਮੀਤ ਮੈਨੇਜਰ ਸੰਦੀਪ ਸਿੰਘ ਕਲੋਤਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸਮਾਗਮ ਦੇ ਪਹਿਲੇ ਦਿਨ ਪਿੰਡ ਨੰਗਲ ਸਰਸਾ ਦੀਆਂ ਸੰਗਤਾਂ ਦੁਆਰਾ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਕਮੇਟੀ ਵੱਲੋਂ ਕੀਤੀ ਸਖ਼ਤੀ ਕਾਰਨ ਇਸ ਵਾਰ ਸਿਰਫ ਦਾਲ, ਸਬਜ਼ੀ, ਰੋਟੀ ਅਤੇ ਚਾਹ ਦਾ ਹੀ ਲੰਗਰ ਲਗਾਇਆ ਗਿਆ।