ਨਵੀਂ ਦਿੱਲੀ, 12 ਦਸੰਬਰ
ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੀ ਸਰਬਉੱਚ ਕੌਂਸਲ ਦੀ 21 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਦੌਰਾਨ 2022-23 ਸੈਸ਼ਨ ਲਈ ਖਿਡਾਰੀਆਂ ਦੇ ਸਮਝੌਤਿਆਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਇਸ ਦੌਰਾਨ ਅਜਿੰਕਿਆ ਰਹਾਣੇ ਅਤੇ ਇਸ਼ਾਂਤ ਸ਼ਰਮਾ ਨੂੰ ਉਨ੍ਹਾਂ ਦੇ ਸਾਲਾਨਾ ਕੇਂਦਰੀ ਸਮਝੌਤੇ ਤੋਂ ਬਾਹਰ ਕੀਤਾ ਜਾ ਸਕਦਾ ਹੈ, ਜਦਕਿ ਸ਼ੁਭਮਨ ਗਿੱਲ ਅਤੇ ਸੂਰਿਆਕੁਮਾਰ ਯਾਦਵ ਨੂੰ ਤਰੱਕੀ ਮਿਲ ਸਕਦੀ ਹੈ। ਇਸੇ ਤਰ੍ਹਾਂ ਹਾਰਦਿਕ ਪੰਡਿਆ, ਜਿਸ ਨੂੰ ਭਵਿੱਖ ਦੇ ਟੀ-20 ਕਪਤਾਨ ਵਜੋਂ ਦੇਖਿਆ ਜਾ ਰਿਹਾ ਹੈ, ਨੂੰ ਵੀ ਗਰੁੱਪ ‘ਸੀ’ ਤੋਂ ਗਰੁੱਪ ‘ਬੀ’ ਵਿੱਚ ਤਰੱਕੀ ਮਿਲ ਸਕਦੀ ਹੈ। 12 ਏਜੰਡਿਆਂ ਵਾਲੀ ਇਹ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਈ ਜਾਵੇਗੀ। ਟੀ-20 ਵਿਸ਼ਵ ਕੱਪ ਅਤੇ ਬੰਗਲਾਦੇਸ਼ ਵਿੱਚ ਹੋਈ ਇੱਕ ਰੋਜ਼ਾ ਮੈਚਾਂ ਦੀ ਲੜੀ ’ਚ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਸਮੀਖਿਆ ਏਜੰਡੇ ਦਾ ਹਿੱਸਾ ਨਹੀਂ ਹੈ ਪਰ ਜੇ ਚੇਅਰਪਰਸਨ ਜ਼ਰੂਰੀ ਸਮਝਦਾ ਹੈ ਤਾਂ ਹੋਰ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾ ਸਕਦੀ ਹੈ। ਇਸ ਮੀਟਿੰਗ ਦਾ ਮੁੱਖ ਮੁੱਦਾ ਸੀਨੀਅਰ ਪੁਰਸ਼ ਅਤੇ ਮਹਿਲਾ ਟੀਮਾਂ ਲਈ ‘ਰਿਟੇਨਰਸ਼ਿਪ ਕੰਟਰੈਕਟ’ ਉੱਤੇ ਚਰਚਾ ਕਰਨਾ ਹੈ। ਇਸ ਮੀਟਿੰਗ ਵਿੱਚ ਬੀਸੀਸੀਆਈ ਵੱਲੋਂ ਆਪਣੇ ਦੋ ਮੁੱਖ ਜਰਸੀ ਸਪਾਂਸਰਾਂ ਬਾਈਜੂਸ ਅਤੇ ਕਿੱਟ ਸਪਾਂਸਰ ਐੱਮਪੀਐੱਲ ਬਾਰੇ ਵੀ ਚਰਚਾ ਕੀਤੀ ਜਾਵੇਗੀ। -ਪੀਟੀਆਈ