ਰੁਚਿਕਾ ਐੱਮ. ਖੰਨਾ
ਚੰਡੀਗੜ੍ਹ, 13 ਦਸੰਬਰ
ਪੰਜਾਬ ਸਰਕਾਰ ਨੇ ਕੁਲਦੀਪ ਚਾਹਲ ਦੀ ਥਾਂ ਹਰਿਆਣਾ ਕੇਡਰ ਦੀ ਅਧਿਕਾਰੀ ਨੂੰ ਚੰਡੀਗੜ੍ਹ ਦੀ ਐੱਸਐੱਸਪੀ ਲਾਉਣ ’ਤੇ ਇਤਰਾਜ਼ ਜਤਾਇਆ ਹੈ। ਚਹਿਲ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਬੀਤੀ ਰਾਤ ਯੂਟੀ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਹੁਕਮਾਂ ‘ਤੇ ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਤੋਂ ਦਸ ਮਹੀਨੇ ਪਹਿਲਾਂ ਵਾਪਸ ਭੇਜ ਦਿੱਤਾ ਸੀ। ਯੂਟੀ ਪ੍ਰਸ਼ਾਸਕ ਪੰਜਾਬ ਦੇ ਰਾਜਪਾਲ ਵੀ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ-ਕਮ-ਯੂਟੀ ਪ੍ਰਸ਼ਾਸਕ ਨੂੰ ਲਿਖੇ ਪੱਤਰ ਵਿੱਚ ਕਿਹਾ, ‘ਜਿਵੇਂ ਕਿ ਤੁਸੀਂ ਜਾਣਦੇ ਹੋ ਯੂਟੀ ਚੰਡੀਗੜ੍ਹ ਦੇ ਸੀਨੀਅਰ ਪੁਲੀਸ ਸੁਪਰਡੈਂਟ ਦਾ ਅਹੁਦਾ ਰਵਾਇਤੀ ਤੌਰ ’ਤੇ ਪੰਜਾਬ ਕੇਡਰ ਦੇ ਆਈਪੀਐੱਸ ਅਧਿਕਾਰੀ ਰਾਹੀਂ ਭਰਿਆ ਜਾਂਦਾ ਹੈ ਅਤੇ ਹਰਿਆਣਾ ਕੇਡਰ ਦੇ ਆਈਏਐੱਸ ਨੂੰ ਚੰਡੀਗੜ੍ਹ ਦਾ ਡੀਸੀ ਲਗਾਇਆ ਜਾਂਦਾ ਹੈ। ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਹੈ ਕਿ ਕੁਲਦੀਪ ਸਿੰਘ ਚਾਹਲ ਨੂੰ ਸਮੇਂ ਤੋਂ ਪਹਿਲਾਂ ਪੰਜਾਬ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਇਸ ਅਹੁਦੇ ਦਾ ਚਾਰਜ ਹਰਿਆਣਾ ਕੇਡਰ ਦੇ ਆਈਪੀਐੱਸ ਅਧਿਕਾਰੀ ਨੂੰ ਦਿੱਤਾ ਗਿਆ ਹੈ, ਜੋ ਗਲ਼ਤ ਹੈ।’