ਕੇਪ ਕੈਨਾਵਰਲ, 12 ਦਸੰਬਰ
ਨਾਸਾ ਦਾ ਓਰੀਅਨ ਕੈਪਸੂਲ (ਪੁਲਾੜ ਜਹਾਜ਼) ਸਫ਼ਲਤਾ ਨਾਲ ਚੰਦਰਮਾ ਦਾ ਗੇੜਾ ਲਾ ਕੇ ਧਰਤੀ ’ਤੇ ਪਰਤ ਆਇਆ ਹੈ। ਇਸ ਨੇ ਅੱਜ ਪੈਰਾਸ਼ੂਟ ਰਾਹੀਂ ਮੈਕਸੀਕੋ ਤੱਟ ਦੇ ਨਾਲ ਪ੍ਰਸ਼ਾਂਤ ਮਹਾਸਾਗਰ ਵਿਚ ‘ਸਪਲੈਸ਼ ਲੈਂਡਿੰਗ’ ਕੀਤੀ। ਮਿਸ਼ਨ ਦੇ ਮੁਕੰਮਲ ਹੋਣ ਨਾਲ ਹੁਣ ਪੁਲਾੜ ਯਾਤਰੀਆਂ ਨੂੰ ਚੰਦਰਮਾ ਨੇੜੇ ਭੇਜਣ ਦਾ ਰਾਹ ਪੱਧਰਾ ਹੋ ਗਿਆ ਹੈ। ਪੁਲਾੜ ਤੋਂ ਕੈਪਸੂਲ 32 ਮੈਕ (ਧੁਨੀ ਦੀ ਰਫ਼ਤਾਰ ਤੋਂ 32 ਗੁਣਾ ਤੇਜ਼) ਨਾਲ ਧਰਤੀ ਦੇ ਵਾਤਾਵਰਨ ਵਿਚ ਦਾਖਲ ਹੋਇਆ। ਬਾਜਾ ਕੈਲੀਫੋਰਨੀਆ ਨੇੜੇ ਲੈਂਡ ਹੋਣ ਤੋਂ ਪਹਿਲਾਂ ਇਸ ਨੇ 2760 ਡਿਗਰੀ ਸੈਲਸੀਅਸ ਦਾ ਤਾਪਮਾਨ ਸਹਿਣ ਕੀਤਾ। ਜਲ ਸੈਨਾ ਦਾ ਇਕ ਜਹਾਜ਼ ਤੁਰੰਤ ਇਸ ਦੇ ਨੇੜੇ ਪਹੁੰਚ ਗਿਆ। ਓਰੀਅਨ ਵਿਚ ਤਿੰਨ ਟੈਸਟ ਡੰਮੀਜ਼ ਰੱਖੀਆਂ ਗਈਆਂ ਸਨ। ਨਾਸਾ ਨੇ ਇਸ ਲੈਂਡਿੰਗ ਨੂੰ ਬਿਲਕੁਲ ਸਟੀਕ ਕਰਾਰ ਦਿੱਤਾ ਹੈ ਤੇ ਅਮਰੀਕੀ ਪੁਲਾੜ ਏਜੰਸੀ ਨੂੰ ਵਾਸ਼ਿੰਗਟਨ ਤੋਂ ਵਧਾਈਆਂ ਮਿਲ ਰਹੀਆਂ ਹਨ। ਹਿਊਸਟਨ ਦੇ ਮਿਸ਼ਨ ਕੰਟਰੋਲ ਕੇਂਦਰ ’ਚ ਬੈਠੇ ਨਾਸਾ ਦੇ ਪ੍ਰਸ਼ਾਸਕ ਬਿੱਲ ਨੈਲਸਨ ਨੇ ਕਿਹਾ, ‘ਖ਼ੁਸ਼ੀ ਸ਼ਬਦਾਂ ਵਿਚ ਬਿਆਨ ਨਹੀਂ ਹੋ ਰਹੀ। ਇਹ ਇਕ ਗੈਰ-ਸਾਧਾਰਨ ਦਿਨ ਹੈ। ਇਹ ਇਤਿਹਾਸਕ ਦਿਨ ਹੈ ਕਿਉਂਕਿ ਅਸੀਂ ਗਹਿਰੇ ਪੁਲਾੜ ਵਿਚ ਪਰਤ ਰਹੇ ਹਾਂ-ਇਕ ਨਵੀਂ ਪੀੜ੍ਹੀ ਦੇ ਨਾਲ।’ ਨਾਸਾ ਨੇ ਚੰਦਰਮਾ ਦੁਆਲੇ ਅਗਲੀ ਓਰੀਅਨ ਉਡਾਣ 2024 ਵਿਚ ਭੇਜਣ ਦੀ ਯੋਜਨਾ ਬਣਾਈ ਹੈ ਤੇ ਇਸ ਵਿਚ ਚਾਰ ਪੁਲਾੜ ਯਾਤਰੀਆਂ ਨੂੰ ਭੇਜਿਆ ਜਾਵੇਗਾ। ਇਸ ਤੋਂ ਬਾਅਦ 2025 ਵਿਚ ਦੋ ਵਿਅਕਤੀਆਂ ਨੂੰ ਚੰਦ ਦੇ ਧਰਾਤਲ ਉਤੇ ਉਤਾਰਨ ਦੀ ਵੀ ਯੋਜਨਾ ਹੈ। ਅਮਰੀਕੀ ਪੁਲਾੜ ਏਜੰਸੀ ਨੇ 2030 ਤੱਕ ਮੰਗਲ ਗ੍ਰਹਿ ਲਈ ਲਾਂਚ ਦੀ ਯੋਜਨਾ ਵੀ ਬਣਾਈ ਹੈ। ਜ਼ਿਕਰਯੋਗ ਹੈ ਕਿ ਕਰੀਬ ਅੱਧੀ ਸਦੀ ਪਹਿਲਾਂ ਸੰਨ 1972 ਵਿਚ ਮਨੁੱਖ ਨੇ ਪਹਿਲੀ ਵਾਰ ਅਪੋਲੋ ਮਿਸ਼ਨ ਤਹਿਤ ਚੰਦ ਦੀ ਸਤਹਿ ਉਤੇ ਪੈਰ ਧਰਿਆ ਸੀ। ਨਾਸਾ ਨੇ ਕੈਨੇਡੀ ਸਪੇਸ ਸੈਂਟਰ ਤੋਂ ਪੁਲਾੜ ਜਹਾਜ਼ ਨੂੰ ਇਕ ਤਾਕਤਵਰ ਰਾਕੇਟ ਦੇ ਨਾਲ 16 ਨਵੰਬਰ ਨੂੰ ਲਾਂਚ ਕੀਤਾ ਸੀ। ਇਹ ਉਡਾਣ ਨਾਸਾ ਦੇ ਅਰਟੇਮਿਜ਼ ਮਿਸ਼ਨ ਦਾ ਹਿੱਸਾ ਹੈ। ਨਾਸਾ ਨੇ ਪ੍ਰਾਜੈਕਟ ਦੀ ਇਸ ਟੈਸਟ ਉਡਾਣ ਉਤੇ ਕਰੀਬ ਚਾਰ ਅਰਬ ਅਮਰੀਕੀ ਡਾਲਰ ਖ਼ਰਚ ਕੀਤੇ ਹਨ। ਕਈ ਤਰ੍ਹਾਂ ਦੀਆਂ ਖਾਮੀਆਂ ਉੱਭਰਨ ਕਾਰਨ ਇਹ ਮਿਸ਼ਨ ਪਹਿਲਾਂ ਮੁਲਤਵੀ ਵੀ ਹੁੰਦਾ ਰਿਹਾ ਹੈ। -ਏਪੀ