ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 11 ਦਸੰਬਰ
ਪੰਜਾਬ ਸਰਕਾਰ ਵੱਲੋਂ 16 ਦਸੰਬਰ ਨੂੰ ਇੱਥੇ ਕਰਵਾਏ ਜਾਣ ਵਾਲੇ ‘ਐੱਨਆਰਆਈ ਪੰਜਾਬੀਆਂ ਨਾਲ ਮਿਲਣੀ’ ਪ੍ਰੋਗਰਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ।
ਡਿਵੀਜ਼ਨਲ ਕਮਿਸ਼ਨਰ-ਕਮ-ਚੇਅਰਮੈਨ ਐੱਨਆਰਆਈ ਸਭਾ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਸਾਰੇ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਇਕੋ ਥਾਂ ’ਤੇ ਮੌਜੂਦ ਰਹਿਣਗੇ ਜਿੱਥੇ ਉਹ ਪਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਸੁਣਨ ਉਪਰੰਤ ਢੁੱਕਵੇਂ ਅਤੇ ਛੇਤੀ ਹੱਲ ਲਈ ਪ੍ਰਕਿਰਿਆ ਅਮਲ ਵਿੱਚ ਲਿਆਉਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾਣ ਵਾਲੀਆਂ ਇਨ੍ਹਾਂ ਪੰਜ ਮਿਲਣੀਆਂ ’ਚੋਂ ਪਹਿਲੀ ਮਿਲਣੀ 16 ਦਸੰਬਰ ਨੂੰ ਜਲੰਧਰ-ਕਰਤਾਰਪੁਰ ਹਾਈਵੇਅ ’ਤੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਨੇੜੇ ਸਥਿਤ ਸੇਂਟ ਸੋਲਜਰ ਕੈਂਪਸ ਵਿੱਚ ਹੋਵੇਗੀ।