ਟ੍ਰਿਬਿਊਨ ਨਿਊਜ਼ ਸਰਵਿਸ
ਪੰਜਾਬੀ, ਖਾਸ ਕਰ ਕੇ ਸਿੱਖ ਜਿੱਥੇ ਵੀ ਜਾਂਦੇ ਹਨ, ਉੱਥੇ ਆਪਣਾ ਘਰ ਬਣਾਉਣ ਤੋਂ ਪਹਿਲਾਂ ਗੁਰਦੁਆਰਾ ਬਣਾਉਣ ਦਾ ਪ੍ਰਬੰਧ ਕਰਦੇ ਹਨ ਤੇ ਹੌਲੀ ਹੌਲੀ ਗੁਰਦੁਆਰੇ ਵਿੱਚ ਬਾਕੀ ਪ੍ਰਬੰਧਾਂ ਦੇ ਨਾਲ ਨਾਲ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਯਤਨ ਵੀ ਕਰਦੇ ਹਨ।
ਲਾਇਪਸ਼ਿੱਗ ਸ਼ਹਿਰ ਕਿਸੇ ਵੇਲੇ ਪੂਰਬੀ ਜਰਮਨੀ ਦਾ ਹਿੱਸਾ ਸੀ ਜੋ ਕਿ ਰੂਸ ਦੇ ਅਧੀਨ ਸੀ। ਫਿਰ ਜਦੋਂ 1990 ਵਿੱਚ ਸੋਵੀਅਤ ਯੂਨੀਅਨ ਟੁੱਟਿਆ ਤਾਂ ਪੂਰਬੀ ਜਰਮਨੀ ਵੀ ਪੱਛਮੀ ਜਰਮਨੀ ਨਾਲ ਆ ਜੁੜਿਆ ਤੇ ਬਰਲਿਨ ਦੀ ਦੀਵਾਰ ਦੀ ਹੋਂਦ ਮਿਟਾ ਦਿੱਤੀ ਗਈ। ਬਹੁਤ ਸਾਰੇ ਲੋਕਾਂ ਨੇ ਹੁਣ ਵੀ ਉਸ ਦੀਆਂ ਇੱਟਾਂ ਦੀਆਂ ਕੁਝ ਚਿੱਪਰਾਂ ਨਿਸ਼ਾਨੀ ਵਜੋਂ ਸਾਂਭੀਆਂ ਹੋਈਆਂ ਹਨ। ਇਸ ਪੁਨਰ-ਮਿਲਨ ਤੋਂ ਬਾਅਦ ਹੀ ਆਪਣੇ ਪੰਜਾਬੀਆਂ ਨੇ ਇਸ ਸ਼ਹਿਰ ਵੱਲ ਨੂੰ ਰੁਖ਼ ਕੀਤਾ ਤੇ ਮੁੱਖ ਤੌਰ ’ਤੇ ਕੱਪੜੇ ਆਦਿ ਦੀਆਂ ਮਾਰਕੀਟਾਂ ਦਾ ਕੰਮ ਸ਼ੁਰੂ ਕੀਤਾ। ਭਾਸ਼ਾ ਦੀ ਬੜੀ ਔਕੜ ਸੀ, ਪਰ ਬਾਬਾ ਨਜਮੀ ਦੇ ਕਹਿਣ ਵਾਂਗ ਜਿਨ੍ਹਾਂ ਨੇ ਉੱਗਣਾ ਹੁੰਦਾ ਹੈ, ਉਹ ਪੱਥਰਾਂ ਦੇ ਸੀਨੇ ਪਾੜ ਕੇ ਉੱਗ ਪੈਂਦੇ ਹਨ। ਹੌਲੀ ਹੌਲੀ ਲੋਕ ਪੀਜ਼ਿਆਂ ਦੀਆਂ ਦੁਕਾਨਾਂ ਤੇ ਰੈਸਟੋਰੈਂਟਾਂ ਦੇ ਕਾਰੋਬਾਰ ਵੱਲ ਵਧੇ ਤੇ ਅੱਜ ਬੜੇ ਧੜੱਲੇ ਨਾਲ ਇਸ ਕਾਰੋਬਾਰ ਨੂੰ ਚਲਾ ਰਹੇ ਹਨ।
1994 ਵਿੱਚ ਇਸ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ। ਜਿਵੇਂ ਜਿਵੇਂ ਪੰਜਾਬੀਆਂ ਦੀ ਗਿਣਤੀ ਵਧਦੀ ਗਈ ਤੇ ਪੜ੍ਹੀਆਂ ਲਿਖੀਆਂ ਬੱਚੀਆਂ ਪੰਜਾਬ ਤੋਂ ਆਉਣ ਲੱਗੀਆਂ ਜਿਨ੍ਹਾਂ ਵਿੱਚ ਬੀਬੀ ਗੁਰਦੀਸ਼ਪਾਲ ਕੌਰ ਵੀ ਸਨ ਜੋ ਐੱਮ.ਏ. ਪੰਜਾਬੀ ਵਿੱਚ ਗੋਲਡ ਮੈਡਲਿਸਟ ਹਨ। ਪ੍ਰਸਿੱਧ ਕਾਰੋਬਾਰੀ ਸਰਦਾਰ ਬਲਦੇਵ ਸਿੰਘ ਬਾਜਵਾ ਨਾਲ ਉਨ੍ਹਾਂ ਦਾ ਵਿਆਹ ਹੋਇਆ। ਕਾਰੋਬਾਰ ਦੇ ਨਾਲ ਨਾਲ ਬੀਬੀ ਨੇ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ਪੰਜਾਬੀ ਦਾ ਅਖ਼ਬਾਰ ਚਾਲੂ ਕਰਨ ਬਾਰੇ ਸੋਚਿਆ ਤੇ ਜਲਦੀ ਹੀ ਇਸ ਕਾਰਜ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਤੇ ‘ਮੀਡੀਆ ਪੰਜਾਬ’ ਨਾਮ ਦਾ ਅਖ਼ਬਾਰ ਛਾਪਣਾ ਸ਼ੁਰੂ ਕੀਤਾ ਤੇ ਹੌਲੀ ਹੌਲੀ ਇਸ ਨੂੰ ਆਨਲਾਈਨ ਕਰ ਦਿੱਤਾ ਤੇ ਨਾਲ ਹੀ ਸਾਹਿਤ ਪ੍ਰੇਮੀਆਂ ਲਈ ਇੱਕ ਸਾਲਾਨਾ ਜੋੜ-ਮੇਲ ਕਰਨਾ ਵੀ ਸ਼ੁਰੂ ਕੀਤਾ ਜਿਸ ਵਿੱਚ ਯੂਰਪ ਤੋਂ ਇਲਾਵਾ ਭਾਰਤ, ਕੈਨੇਡਾ, ਇੰਗਲੈਂਡ ਆਦਿ ਦੇਸ਼ਾਂ ਤੋਂ ਸਾਹਿਤ ਪ੍ਰੇਮੀ ਬੜੇ ਉਤਸ਼ਾਹ ਨਾਲ ਪਹੁੰਚਦੇ ਹਨ। ਕੋਵਿਡ-19 ਨੇ ਇਸ ਜੋੜ-ਮੇਲ ਨੂੰ ਫਿਲਹਾਲ ਬ੍ਰੇਕਾਂ ਲਗਾ ਦਿੱਤੀਆਂ ਹਨ।
ਗੁਰਦੁਆਰਾ ਸਾਹਿਬ ਵਿੱਚ ਸਥਾਪਤ ਪੰਜਾਬੀ ਸਕੂਲ ਦੇ ਬੱਚਿਆਂ ਲਈ ਵਿਸ਼ੇਸ਼ ਤੌਰ ’ਤੇ ਪ੍ਰੋਗਰਾਮ ਕਰਾਇਆ ਗਿਆ। ਬੱਚਿਆਂ ਨੂੰ ਪੰਜਾਬੀ ਮਾਂ-ਬੋਲੀ ਦੇ ਵਿਸ਼ੇ ਦਿੱਤੇ ਗਏ। ਇਹ ਪ੍ਰੋਗਰਾਮ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਨਾਲ ਸਬੰਧਤ ਹੋਣ ਕਰ ਕੇ ਬੱਚਿਆਂ ਨੂੰ ਗੁਰੂ ਸਾਹਿਬ ਜੀ ਦੇ ਫ਼ਲਸਫ਼ੇ, ਜੀਵਨੀ ਅਤੇ ਸਿੱਖਿਆਵਾਂ ਬਾਰੇ ਲਿਖਣ ਲਈ ਕਿਹਾ ਗਿਆ। ਹਰੇਕ ਬੱਚੇ ਨੂੰ ਸਟੇਜ ਤੋਂ ਪੇਸ਼ਕਾਰੀ ਕਰਨ ਦਾ ਮੌਕਾ ਦਿੱਤਾ ਗਿਆ। ਛੋਟੇ ਛੋਟੇ ਬੱਚੇ ਵੀ ਬਿਨਾਂ ਝਿਜਕ ਮਾਈਕ ਅੱਗੇ ਬਿਨਾਂ ਥਿੜਕਿਆਂ ਬੋਲੇ। ਕਈ ਬੱਚਿਆਂ ਨੇ ਤਸਵੀਰਾਂ ਬਣਾ ਕੇ ਆਪਣੀ ਕਲਾ ਦੇ ਜੌਹਰ ਦਿਖਾਏ। ਬੱਚਿਆਂ ਦੀ ਪ੍ਰਤਿਭਾ ਨੂੰ ਪਰਖਣ ਲਈ ਇੰਗਲੈਂਡ ਤੋਂ ਨਿਰਮਲ ਸਿੰਘ ਕੰਧਾਲਵੀ, ਗੁਰਸ਼ਰਨ ਸਿੰਘ ਅਤੇ ਜਰਮਨੀ ਦੇ ਸ਼ਹਿਰ ਵਿਟਨ ਤੋਂ ਪ੍ਰਸਿੱਧ ਪੰਜਾਬੀ ਲੇਖਕ ਕੇਹਰ ਸ਼ਰੀਫ਼ ਸ਼ਾਮਲ ਹੋਏ। ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ।
ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਬਹੁਤ ਉਤਸ਼ਾਹ ਨਾਲ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਸਾਰੇ ਬੁਲਾਰਿਆਂ ਨੇ ਪੰਜਾਬੀ ਮਾਂ-ਬੋਲੀ ਦੀ ਮਹੱਤਤਾ ’ਤੇ ਚਾਨਣਾ ਪਾਇਆ ਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਯੂਰਪ ਵਿੱਚ ਸਭ ਦੇਸ਼ਾਂ ਦੀ ਅਲੱਗ ਅਲੱਗ ਭਾਸ਼ਾ ਹੋਣ ਕਰ ਕੇ ਪੰਜਾਬੀ ਨੂੰ ਲਿੰਕ ਭਾਸ਼ਾ ਦੇ ਤੌਰ ’ਤੇ ਵਿਕਸਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਵੱਖ ਵੱਖ ਦੇਸ਼ਾਂ ਵਿੱਚ ਵੱਸਣ ਵਾਲੇ ਪੰਜਾਬੀ ਇੱਕ ਦੂਜੇ ਨਾਲ ਭਾਸ਼ਾ ਰਾਹੀਂ ਜੁੜੇ ਰਹਿਣ ਤਾਂ ਕਿ ਪੰਜਾਬੀ ਸੱਭਿਆਚਾਰ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾ ਸਕਣ।
News Source link
#ਲਇਪਸ਼ਗ #ਵਚ #ਵ #ਪਰਫਲਤ #ਹਣ #ਲਗ #ਪਜਬ