ਨਵੀਂ ਦਿੱਲੀ, 11 ਦਸੰਬਰ
ਕੇਂਦਰੀ ਖ਼ਪਤਕਾਰ ਸੁਰੱਖਿਆ ਅਥਾਰਿਟੀ ਨੇ ਗਲੈਕਸੋ ਸਮਿਥ ਕਲਾਈਨ ਅਤੇ ਨਾਪਤੋਲ ਨੂੰ ਆਪਣੇ ਉਤਪਾਦਾਂ ਦੇ ਗੁਮਰਾਹਕੁਨ ਇਸ਼ਤਿਹਾਰ ਲਈ ਦਸ-ਦਸ ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਇਹ ਮਾਮਲਾ ਉਨ੍ਹਾਂ ਪੰਜ ਕੇਸਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਵਿੱਚ ਸੀਸੀਪੀਏ ਨੇ ਕੰਪਨੀਆਂ ਨੂੰ ਝੂਠੇ ਦਾਅਵਿਆਂ ਵਾਲੇ ਗੁਮਰਾਹਕੁਨ ਇਸ਼ਤਿਹਾਰ ਦੇਣ ਅਤੇ ਖਪਤਕਾਰਾਂ ਨੂੰ ਭਰਮਾਉਣ ਲਈ ਗ਼ਲਤ ਹੱਥਕੰਡੇ ਅਪਣਾਉਣ ਕਾਰਨ ਜੁਰਮਾਨੇ ਕੀਤੇ ਹਨ। ਅਥਾਰਿਟੀ ਅਜਿਹੇ ਮਾਮਲਿਆਂ ਵਿੱਚ ਹੁਣ ਤੱਕ 85 ਨੋਟਿਸ ਜਾਰੀ ਕਰ ਚੁੱਕੀ ਹੈ, ਜਿਨ੍ਹਾਂ ਵਿੱਚੋਂ 38 ਮਾਮਲੇ ਗੁਮਰਾਹਕੁਨ ਇਸ਼ਤਿਹਾਰਾਂ ਨਾਲ ਸਬੰਧਿਤ ਹਨ। ਨੋਟਿਸ ਜਾਰੀ ਕੀਤੇ ਜਾਣ ਮਗਰੋਂ 14 ਕੰਪਨੀਆਂ ਨੇ ਇਸ਼ਤਿਹਾਰ ਹਟਾ ਲਏ ਹਨ, ਜਦੋਂਕਿ ਤਿੰਨ ਕੰਪਨੀਆਂ ਸੋਧ ਲਈ ਰਾਜ਼ੀ ਹੋ ਗਈਆਂ ਹਨ। -ਆਈਏਐੱਨਐੱਸ