ਜਤਿੰਦਰ ਚੀਮਾ
ਕੈਨੇਡਾ ਦੇ ਸੂਬੇ ਅਲਬਰਟਾ ਦੀਆਂ ਸੂਬਾਈ ਚੋਣਾਂ ਵਿੱਚ ਅਜੇ ਲਗਭਗ 6 ਮਹੀਨੇ ਦਾ ਸਮਾਂ ਬਾਕੀ ਹੈ, ਪਰ ਹਾਲ ਦੀਆਂ ਘਟਨਾਵਾਂ ਤੋਂ ਲੱਗ ਰਿਹਾ ਹੈ ਕਿ ਦੋਵਾਂ ਮੁੱਖ ਪਾਰਟੀਆਂ ਨੇ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ।
11 ਅਕਤੂਬਰ ਨੂੰ ਨਵੇਂ ਪ੍ਰੀਮੀਅਰ ਵਜੋਂ ਸਹੁੰ ਚੁੱਕਦਿਆਂ ਹੀ ਡੇਨੀਅਲ ਸਮਿੱਥ ਨੂੰ ਕੁਝ ਪੁਰਾਣੇ ਮੁੱਦਿਆਂ ਨੇ ਉਲਝਾ ਲਿਆ ਸੀ। ਦਰਅਸਲ, ਉਸ ਵੱਲੋਂ ਅਪਰੈਲ ਵਿੱਚ ਯੂਕਰੇਨ ਸਬੰਧੀ ਸੋਸ਼ਲ ਮੀਡੀਆ ਵਿੱਚ ਕੀਤੀ ਗਈ ਟਿੱਪਣੀ ਨੇ ਉਸ ਲਈ ਵੱਡੀ ਸਿਰਦਰਦੀ ਪੈਦਾ ਕਰ ਦਿੱਤੀ ਸੀ। ਇਸ ਲਈ ਉਸ ਨੂੰ ਹੁਣ ਮੁਆਫ਼ੀ ਵੀ ਮੰਗਣੀ ਪਈ ਹੈ। ਲੰਘੇ ਮੰਗਲਵਾਰ ਪ੍ਰੀਮੀਅਰ ਵੱਲੋਂ ਮਹਿੰਗਾਈ ਨਾਲ ਜੂਝ ਰਹੇ ਅਲਬਰਟਾ ਵਾਸੀਆਂ ਲਈ ਲਗਭਗ 2.4 ਬਿਲੀਅਨ ਡਾਲਰ ਦੀਆਂ ਸਹੂਲਤਾਂ ਦਾ ਐਲਾਨ ਕੀਤਾ ਗਿਆ ਹੈ। ਕੁੱਝ ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰੀਮੀਅਰ ਵੱਲੋਂ ਕੀਤੇ ਇਸ ਐਲਾਨ ਨਾਲ ਉਸ ਦੀ ਡਿੱਗ ਰਹੀ ਸਾਖ਼ ਨੂੰ ਕੁਝ ਫਾਇਦਾ ਜ਼ਰੂਰ ਪਹੁੰਚੇਗਾ।
ਕਈ ਚੋਣ ਸਰਵੇਖਣਾਂ ਵਿੱਚ ਐੱਨ.ਡੀ.ਪੀ. ਨੂੰ ਕਾਫ਼ੀ ਲੀਡ ਦਿੱਤੀ ਜਾ ਰਹੀ ਹੈ, ਪਰ ਇੱਕ ਭਰੋਸੇਮੰਦ ਚੋਣ ਸਰਵੇਖਣ ਕੰਪਨੀ ਦੇ ਨਤੀਜਿਆਂ ’ਤੇ ਝਾਤ ਮਾਰੀਏ ਤਾਂ ਦੋਵਾਂ ਪਾਰਟੀਆਂ ਵਿੱਚ ਮੁਕਾਬਲਾ ਲਗਭਗ ਬਰਾਬਰ ਚੱਲ ਰਿਹਾ ਹੈ। ਵਿਰੋਧੀ ਧਿਰ ਦੀ ਨੇਤਾ ਰੇਚਲ ਨੋਟਲੀ ਨੇ ਇਸ ਆਰਥਿਕ ਪੈਕੇਜ ਦੀ ਕਾਫ਼ੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਇਹ ਕਹਿਣਾ ਹੈ ਕਿ ਅਲਬਰਟਾ ਵਾਸੀਆਂ ਨੂੰ ਇਸ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਪਿਛਲੀਆਂ ਚੋਣਾਂ ਜਿੱਤਣ ਲਈ ਯੂਸੀਪੀ ਨੇ ਕਈ ਚੋਣ ਵਾਅਦੇ ਕੀਤੇ ਸਨ, ਪਰ ਚੋਣਾਂ ਜਿੱਤਣ ਤੋਂ ਬਾਅਦ ਉਹ ਭੁਲਾ ਦਿੱਤੇ ਗਏ।
ਅਲਬਰਟਾ ਸੂਬੇ ਦੀਆਂ ਚੋਣ ਸਰਗਰਮੀਆਂ ਕਾਫ਼ੀ ਰੌਚਕ ਦੌਰ ਵਿੱਚ ਸ਼ਾਮਲ ਹੋ ਗਈਆਂ ਹਨ। ਇੱਥੇ ਵੇਖਣਾ ਹੋਵੇਗਾ ਕਿ ਅਲਬਰਟਾ ਵਿਧਾਨ ਸਭਾ ਦੀਆਂ ਅਗਲੇ ਵਰ੍ਹੇ ਹੋਣ ਵਾਲੀਆਂ ਚੋਣਾਂ ਵਿੱਚ ਵੋਟਰ ਕਿਸ ਪਾਰਟੀ ਦੇ ਪੱਖ ਵਿੱਚ ਭੁਗਤਦੇ ਹਨ, ਪਰ ਹਾਲ ਦੀ ਘੜੀ ਮੁਕਾਬਲਾ ਸਖ਼ਤ ਲੱਗ ਰਿਹਾ ਹੈ।
ਰੀਅਲ ਅਸਟੇਟ: ਸਰਦ ਰੁੱਤ ਤੋਂ ਸਰਦ ਰੁੱਤ ਤੱਕ
ਕੈਨੇਡਾ ਦੀ ਰੀਅਲ ਅਸਟੇਟ ਇੱਕ ਸਾਲ ਦੇ ਵਕਫ਼ੇ ਵਿੱਚ ਅਜਿਹੇ ਉਲਟ ਫੇਰ ਕਰੇਗੀ ਜੋ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। 2021 ਦੀ ਸਰਦ ਰੁੱਤ ਦੀ ਸ਼ੁਰੂਆਤ ਵਿੱਚ ਰੀਅਲ ਅਸਟੇਟ ਪੂਰੇ ਜੋਬਨ ’ਤੇ ਸੀ। ਹਰ ਕੋਈ ਨਵਾਂ ਘਰ ਬੁੱਕ ਕਰਾਉਣ ਜਾਂ ਪੁਰਾਣਾ ਲੈਣ ਲਈ ਪੂਰੀ ਦੌੜ ਭੱਜ ਕਰ ਰਿਹਾ ਸੀ। ਪਿਛਲੇ ਵਰ੍ਹੇ ਕਾਫ਼ੀ ਬਿਲਡਰਾਂ ਵੱਲੋਂ ਰਿਕਾਰਡ ਘਰ ਬੁੱਕ ਕਰਨ ਤੋਂ ਬਾਅਦ ਆਪਣੇ ਵਰਕਰਾਂ ਨੂੰ ਚੰਗੇ ਤੋਹਫ਼ੇ ਤੇ ਬੋਨਸ ਦੇਣ ਤੋਂ ਬਾਅਦ ਕ੍ਰਿਸਮਿਸ ਦੀਆਂ ਛੁੱਟੀਆਂ ਵੀ ਵਧਾ ਦਿੱਤੀਆਂ ਸਨ। ਦੂਸਰੇ ਪਾਸੇ ਖਰੀਦਦਾਰ ਬੰਦ ਪਏ ਸ਼ੋਅ ਰੂਮਾਂ ਤੋਂ ਫੋਨ ਨੰਬਰ ਨੋਟ ਕਰਕੇ ਲਗਾਤਾਰ ਘੰਟੀਆਂ ਵਜਾ ਰਹੇ ਸਨ ਤਾਂ ਕਿ ਇੱਕ ਅੱਧਾ ਘਰ ਉਨ੍ਹਾਂ ਦੇ ਵੀ ਅੜਿੱਕੇ ਚੜ੍ਹ ਜਾਵੇ। ਫਰਵਰੀ ਤੱਕ ਕੈਨੇਡਾ ਵਿੱਚ ਘਰ ਦੀ ਔਸਤਨ ਕੀਮਤ ਅੱਠ ਲੱਖ ਡਾਲਰ ਨੂੰ ਛੂਹ ਰਹੀ ਸੀ ਜਿਹੜਾ ਇੱਕ ਨਵਾਂ ਰਿਕਾਰਡ ਸੀ। ਪਰ ਮਾਰਚ ਮਹੀਨੇ ਤੋਂ ਬਾਅਦ ਬੈਂਕ ਆਫ਼ ਕੈਨੇਡਾ ਵੱਲੋਂ ਲਗਾਤਾਰ ਵਧਾਈਆਂ ਵਿਆਜ ਦਰਾਂ ਨੇ ਘਰਾਂ ਦੀ ਮਾਰਕੀਟ ਵਿੱਚੋਂ ਨਿਕਲਦੇ ਧੂੰਏਂ ’ਤੇ ਠੰਢਾ ਪਾਣੀ ਪਾ ਦਿੱਤਾ। ਘਰ ਵੇਚਣ ਤੇ ਖਰੀਦਣ ਵਾਲੇ ਦੋਵੇਂ ਥੱਕ ਹਾਰ ਕੇ ਬੈਠ ਗਏ ਹਨ। ਵੇਚਣ ਵਾਲਿਆਂ ਨੂੰ ਉਹ ਕੀਮਤ ਨਹੀਂ ਮਿਲ ਰਹੀ ਜਿਹੜੀ ਉਹ ਪਿਛਲੇ ਸਿਆਲ ਵਿੱਚ ਭਾਲਦੇ ਸਨ ਤੇ ਖਰੀਦਦਾਰਾਂ ਨੂੰ ਮੌਰਟਗੇਜ਼ ਲੈਣ ਲਈ ਕੁਆਲੀਫਾਈ ਕਰਨਾ ਔਖਾ ਹੋਇਆ ਪਿਆ ਹੈ। ਜਿਹੜੇ ਬਿਲਡਰ ਪਿਛਲੀਆਂ ਸਰਦੀਆਂ ਵਿੱਚ ਹਰ ਹਫ਼ਤੇ ਰੇਟ ਵਧਾ ਰਹੇ ਸਨ, ਉਹ ਹੁਣ ਹਰ ਹਫ਼ਤੇ ਰੇਟ ਘਟਾ ਰਹੇ ਹਨ। ਇਸ ਵਾਰ ਸ਼ਾਇਦ ਮੁਲਾਜ਼ਮਾਂ ਨੂੰ ਬੋਨਸ ਵੀ ਨਾ ਮਿਲੇ ਤੇ ਕ੍ਰਿਸਮਿਸ ਦੀਆਂ ਛੁੱਟੀਆਂ ਵੀ ਘਟਾ ਦੇਣ। ਅਜਿਹੇ ਵਿੱਚ ਲੱਗ ਰਿਹਾ ਹੈ ਕਿ ਇਸ ਵਰ੍ਹੇ ਸਰਦੀ ਦਾ ਮੌਸਮ ਘਰਾਂ ਦੀ ਮਾਰਕੀਟ ਲਈ ਸ਼ਾਇਦ ਕੁਝ ਜ਼ਿਆਦਾ ਹੀ ਸਰਦ ਹੋ ਨਿੱਬੜੇ।
ਟਰੱਕਿੰਗ ਕੰਪਨੀਆਂ ’ਤੇ ਮੰਡਰਾ ਰਿਹਾ ਨਵਾਂ ਖ਼ਤਰਾ
ਦੁਨੀਆ ਭਰ ਵਿੱਚ ਡੀਜ਼ਲ ਦੇ ਲਗਾਤਾਰ ਘੱਟ ਰਹੇ ਭੰਡਾਰਾਂ ਨੇ ਕੀਮਤਾਂ ਵਿੱਚ ਕਾਫ਼ੀ ਉਛਾਲ ਲੈ ਆਂਦਾ ਹੈ। ਅਕਤੂਬਰ ਮਹੀਨੇ ਦੇ ਮੁਕਾਬਲੇ ਨਵੰਬਰ ਮਹੀਨੇ ਵਿੱਚ ਡੀਜ਼ਲ ਦੇ ਭਾਅ ਵਿੱਚ ਅੰਦਾਜ਼ਨ 9 ਪ੍ਰਤੀਸ਼ਤ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜੇਕਰ ਇਸ ਦੀ ਤੁਲਨਾ ਪਿਛਲੇ ਸਾਲ ਨਾਲ ਕਰੀਏ ਤਾਂ ਡੀਜ਼ਲ ਦੇ ਭਾਅ 50 ਪ੍ਰਤੀਸ਼ਤ ਵੱਧ ਗਏ ਹਨ। ਅਮਰੀਕਾ ਵਿੱਚ ਡੀਜ਼ਲ ਦੇ ਭੰਡਾਰ ਕੇਵਲ 25 ਦਿਨਾਂ ਲਈ ਰਹਿ ਗਏ ਹਨ ਅਜਿਹਾ ਪਹਿਲਾਂ ਕਦੇ ਵੀ ਨਹੀਂ ਹੋਇਆ। ਕੈਨੇਡਾ ਵਿੱਚ ਵੀ ਡੀਜ਼ਲ ਦੇ ਭੰਡਾਰ ਤੇਜ਼ੀ ਨਾਲ ਘਟ ਰਹੇ ਹਨ ਜਿਸ ਕਾਰਨ ਗੈਸ ਸਟੇਸ਼ਨਾਂ ’ਤੇ ਪੈਟਰੋਲ ਦੇ ਮੁਕਾਬਲੇ ਡੀਜ਼ਲ 56 ਸੈਂਟ ਤੋਂ ਵੀ ਵੱਧ ਦੇ ਫ਼ਰਕ ਨਾਲ ਵਿਕ ਰਿਹਾ ਹੈ। ਪਹਿਲਾਂ ਇਹ ਫ਼ਰਕ ਕੁੱਝ ਸੈਂਟਾਂ ਦਾ ਹੁੰਦਾ ਸੀ। ਜੇਕਰ ਅਟਲੈਂਟਿਕ ਕੈਨੇਡਾ ਦੀ ਗੱਲ ਕਰੀਏ ਤਾਂ ਉੱਥੇ ਡੀਜ਼ਲ ਦੇ ਭਾਅ ਪੱਛਮੀ ਕੈਨੇਡਾ ਦੇ ਮੁਕਾਬਲੇ ਲਗਭਗ 1 ਡਾਲਰ ਪ੍ਰਤੀ ਲੀਟਰ ਜ਼ਿਆਦਾ ਹਨ।
ਡੀਜ਼ਲ ਦੀ ਵਿਸ਼ਵ ਭਰ ਵਿੱਚ ਆਈ ਇਸ ਕਮੀ ਦੇ ਮੁੱਖ ਕਾਰਨ ਕਈ ਹਨ। ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਕੋਵਿਡ ਮਹਾਮਾਰੀ ਦੌਰਾਨ ਰਿਫਾਇਨਰੀਆਂ ਦਾ ਬੰਦ ਹੋ ਜਾਣਾ ਹੈ, ਪਰ ਜ਼ਰੂਰਤ ਦੀਆਂ ਚੀਜ਼ਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਟਰੱਕਿੰਗ ਦਾ ਲਗਾਤਾਰ ਵਿਅਸਥ ਰਹਿਣਾ ਡੀਜ਼ਲ ਦੇ ਭੰਡਾਰਾਂ ਵਿੱਚ ਕਮੀ ਦਾ ਕਾਰਨ ਬਣਿਆ। ਦੂਸਰਾ ਮੁੱਖ ਕਾਰਨ ਰੂਸ ਤੇ ਯੂਕਰੇਨ ਦੀ ਜੰਗ ਦਾ ਜਾਰੀ ਰਹਿਣਾ ਹੈ।
ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਰੂਸ ਦੇ ਕੱਚੇ ਤੇਲ ’ਤੇ ਆਉਣ ਵਾਲੇ ਦਿਨਾਂ ਵਿੱਚ ਲਗਾਈ ਜਾ ਰਹੀ ਪਾਬੰਦੀ ਕਾਰਨ ਯੂਰਪੀਅਨ ਰਿਫਾਈਨਰੀਆਂ ਲਗਾਤਾਰ ਆਪਣੇ ਭੰਡਾਰ ਭਰ ਰਹੀਆਂ ਹਨ। ਅਜਿਹੇ ਵਿੱਚ ਉੱਤਰੀ ਅਮਰੀਕਾ ਤੋਂ ਰਿਕਾਰਡ ਮਾਤਰਾ ਵਿੱਚ ਕੱਚਾ ਤੇਲ ਯੂਰਪ ਅਤੇ ਦੂਸਰੇ ਦੇਸ਼ਾਂ ਨੂੰ ਨਿਰਯਾਤ ਕੀਤਾ ਜਾ ਰਿਹਾ ਹੈ। ਅਜਿਹੇ ਹਾਲਾਤ ਵਿੱਚ ਟਰੱਕਿੰਗ ਕੰਪਨੀਆਂ ਖਾਸ ਕਰਕੇ ਛੋਟੀਆਂ ਕੰਪਨੀਆਂ ਦਾ ਕਾਰੋਬਾਰ ਵਿੱਚ ਟਿਕੇ ਰਹਿਣਾ ਕਾਫ਼ੀ ਮੁਸ਼ਕਿਲ ਹੋ ਜਾਵੇਗਾ। ਉੱਤਰੀ ਅਮਰੀਕਾ ਦੀਆਂ ਕਈ ਟਰੱਕਿੰਗ ਕੰਪਨੀਆਂ ਬੰਦ ਹੋਣ ਦੇ ਕਾਗਾਰ ’ਤੇ ਪਹੁੰਚ ਗਈਆਂ ਹਨ।
ਸੰਪਰਕ:403-629-3577
News Source link
#ਅਲਬਰਟ #ਦ #ਚਣ #ਦਗਲ #ਭਖਣ #ਲਗਆ