ਇਸਲਾਮਾਬਾਦ, 11 ਦਸੰਬਰ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਚਮਨ ਜ਼ਿਲ੍ਹੇ ਵਿੱਚ ਸਰਹੱਦ ਨੇੜੇ ਅੱਜ ਅਫ਼ਗਾਨ ਬਲਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਘੱਟੋ-ਘੱਟ ਛੇ ਪਾਕਿਸਤਾਨੀ ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ 17 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਫ਼ੌਜ ਨੇ ਦਿੱਤੀ। ਫ਼ੌਜ ਦੀ ਮੀਡੀਆ ਬਰਾਂਚ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਮੁਤਾਬਕ, ਅਫ਼ਗਾਨ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਤੋਪ ਦੇ ਗੋਲਿਆਂ ਅਤੇ ਮੋਰਟਾਰ ਸਮੇਤ ਭਾਰੀ ਹਥਿਆਰ ਵਰਤੇ ਗਏ। ਆਈਐੱਸਪੀਆਰ ਨੇ ਬਿਆਨ ਵਿੱਚ ਕਿਹਾ, ‘‘ਅਫ਼ਗਾਨ ਬਾਰਡਰ ਫੋਰਸ ਨੇ ਆਬਾਦੀ ਵਾਲੇ ਇਲਾਕੇ ’ਤੇ ਭਾਰੀ ਹਥਿਆਰਾਂ ਨਾਲ ਬਿਨਾਂ ਭੜਕਾਹਟ ਦੇ ਅੰਨ੍ਹੇਵਾਹ ਗੋਲੀਬਾਰੀ ਕੀਤੀ।’’ -ਪੀਟੀਆਈ