ਦੋਹਾ, 10 ਦਸੰਬਰ
ਮੋਰੱਕੋ ਦਸ ਖਿਡਾਰੀਆਂ ਨਾਲ ਖੇਡਣ ਦੇ ਬਾਵਜੂਦ ਅੱਜ ਇੱਥੇ ਪੁਰਤਗਾਲ ਨੂੰ 1-0 ਗੋਲ ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ।
ਇਸ ਜਿੱਤ ਨਾਲ ਮੋਰੱਕੋ ਸੈਮੀਫਾਈਨਲ ਵਿੱਚ ਥਾਂ ਬਣਾਉਣ ਵਾਲਾ ਪਹਿਲਾ ਅਫਰੀਕੀ-ਅਰਬ ਮੁਲਕ ਬਣ ਗਿਆ ਹੈ। ਯੂਸੁਫ਼ ਅਨਸਾਰੀ ਨੇ ਹੈੱਡਰ ਨਾਲ ਇਕਲੌਤਾ ਗੋਲ ਆਖ਼ਰੀ ਪਲਾਂ ਵਿੱਚ ਦਾਗ਼ਿਆ।
ਮੋਰੱਕੋ ਦੂਜੇ ਹਾਫ਼ ਦੇ ਆਖ਼ਰੀ ਪਲਾਂ ਵਿੱਚ ਲਗਪਗ ਛੇ ਮਿੰਟ ਦਸ ਖਿਡਾਰੀਆਂ ਨਾਲ ਖੇਡੀ, ਪਰ ਦੁਨੀਆਂ ਦੇ ਨੌਵੇਂ ਨੰਬਰ ਦੀ ਟੀਮ ਪੁਰਤਗਾਲ ਇਸ ਦਾ ਫ਼ਾਇਦਾ ਨਹੀਂ ਉਠਾ ਸਕੀ। ਦੁਨੀਆਂ ਦੀ 22ਵੇਂ ਨੰਬਰ ਦੀ ਟੀਮ ਮੋਰੱਕੋ ਲਈ ਅਲ ਥੁਮਾਮਾ ਸਟੇਡੀਅਮ ਵਿੱਚ ਅਨਸਾਰੀ ਨੇ ਜੇਤੂ ਗੋਲ 42ਵੇਂ ਮਿੰਟ ਵਿੱਚ ਕੀਤਾ। ਮੋਰੱਕੋ ਦਾ ਵਿਸ਼ਵ ਕੱਪ ਨਾਕਆਊਟ ਵਿੱਚ ਇਹ ਪਹਿਲਾ ਗੋਲ ਸੀ। ਮੋਰੱਕੋ ਤੋਂ ਪਹਿਲਾਂ ਕੈਮਰੂਨ ਨੇ 1990, ਸੈਨੇਗਲ ਨੇ 2002 ਅਤੇ ਘਾਨਾ ਨੇ 2010 ਵਿੱਚ ਆਖ਼ਰੀ ਅੱਠ ਵਿੱਚ ਥਾਂ ਬਣਾਈ ਸੀ, ਪਰ ਇਹ ਟੀਮਾਂ ਸੈਮੀਫਾਈਨਲ ਤੱਕ ਨਹੀਂ ਪਹੁੰਚ ਸਕੀਆਂ ਸਨ। -ਪੀਟੀਆਈ