19.5 C
Patiāla
Monday, December 2, 2024

ਟਿੱਬਿਆਂ ਦਾ ਮੁੰਡਾ ਜਗਰੂਪ ਬਰਾੜ ਕੈਨੇਡਾ ਵਿੱਚ ਬਣਿਆ ਮੰਤਰੀ

Must read


ਚਰਨਜੀਤ ਭੁੱਲਰ
ਚੰਡੀਗੜ੍ਹ, 9 ਦਸੰਬਰ

ਜਿਸ ਨੂੰ ਕਦੇ ਇਹ ਲੱਗਦਾ ਸੀ ਕਿ ਅੰਗਰੇਜ਼ੀ ਉਸ ਦੇ ਵੱਸ ਦਾ ਰੋਗ ਨਹੀਂ, ਉਹ ਜਗਰੂਪ ਬਰਾੜ ਬ੍ਰਿਟਿਸ਼ ਕੋਲੰਬੀਆ ਦੀ ਐੱਨਡੀਪੀ ਸਰਕਾਰ ’ਚ ਰਾਜ ਮੰਤਰੀ ਵਜੋਂ ਸ਼ਾਮਲ ਹੋਇਆ ਹੈ। ਬਠਿੰਡਾ ਦੇ ਪਿੰਡ ਦਿਉਣ ਦੇ ਸਰਕਾਰੀ ਸਕੂਲ ’ਚੋਂ ਦੂਜੇ ਦਰਜੇ ’ਚ ਮੈਟ੍ਰਿਕ ਕੀਤੀ। ਗਿਆਰਵੀਂ ਦੀ ਪੜ੍ਹਾਈ ਲਈ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਪੜ੍ਹਨ ਗਿਆ। ਦੋ ਵਾਰੀ ਗਿਆਰਵੀਂ ’ਚੋਂ ਫੇਲ੍ਹ ਹੋਇਆ, ਨੰਬਰਾਂ ਦੀ ਥਾਂ ਅੰਗਰੇਜ਼ੀ ’ਚੋਂ ਕੰਪਾਰਟਮੈਂਟ ਲੈ ਕੇ ਘਰ ਆ ਵੜਦਾ। ਅੰਗਰੇਜ਼ੀ ਦਾ ਪ੍ਰੋਫੈਸਰ ਉਸ ਦੀ ਜਦੋਂ ਕਾਪੀ ਚੈੱਕ ਕਰਦਾ ਤਾਂ ਮੱਥੇ ’ਤੇ ਹੱਥ ਮਾਰਦਾ। ਜਗਰੂਪ ਬਰਾੜ ਤੀਸਰੇ ਦਰਜੇ ’ਚ ਗਰੈਜੂਏਟ ਬਣਿਆ। ਬਾਸਕਟਬਾਲ ਦਾ ਚੰਗਾ ਖਿਡਾਰੀ ਹੋਣ ਕਰਕੇ ਬਠਿੰਡਾ ਥਰਮਲ ’ਚ ਨੌਕਰੀ ਮਿਲ ਗਈ ਪਰ ਪੜ੍ਹਾਈ ਵਾਲਾ ਪੇਚ ਦਿਮਾਗ ’ਚ ਫਸਿਆ ਰਿਹਾ। ਵੱਡੇ ਭਰਾ ਜਸਵੰਤ ਬਰਾੜ ਨੇ ਇੱਕ ਦਿਨ ਉਸ ਦੇ ਕਮਰੇ ’ਚ ਕਿਤਾਬਾਂ ਦਾ ਢੇਰ ਲਾ ਦਿੱਤਾ। ਫਿਰ ਉਹ ਪੰਜਾਬੀ ’ਵਰਸਿਟੀ ’ਚੋਂ ਐੱਮਏ ਫਿਲਾਸਫ਼ੀ ਦਾ ਗੋਲਡ ਮੈਡਲਿਸਟ ਬਣਿਆ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ’ਚ ਪ੍ਰੀਖਿਆ ਪਾਸ ਕਰਕੇ ਯੁਵਕ ਸੇਵਾਵਾਂ ਮਹਿਕਮੇ ’ਚ ਸਹਾਇਕ ਡਾਇਰੈਕਟਰ ਬਣ ਗਿਆ।

ਦੋ ਵਰ੍ਹਿਆਂ ਮਗਰੋਂ ਕੈਨੇਡਾ ’ਚ ਵੱਡੇ ਭਰਾ ਕੋਲ ਚਲਾ ਗਿਆ। ਤਕਦੀਰ ਨੇ ਐਸੀ ਉਂਗਲ ਫੜੀ ਕਿ ਅਕਤੂਬਰ 2004 ਵਿੱਚ ਬ੍ਰਿਟਿਸ਼ ਕੰਲੋਬੀਆ ਦੀ ਅਸੈਂਬਲੀ ਦੀ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਬਣਿਆ। ਦੂਸਰੀ ਦਫ਼ਾ 2005 ਵਿੱਚ ਵਿਧਾਇਕ ਬਣਿਆ। ਫਿਰ ਚੱਲ ਸੋ ਚੱਲ। ਤੀਸਰੀ ਵਾਰ ਉਹ 2009 ਵਿਚ ਐੱਮਐੱਲਏ ਬਣ ਗਿਆ। ਜਦੋਂ ਉਹ ਬ੍ਰਿਟਿਸ਼ ਕੰਲੋਬੀਆ ਦੀ ਅਸੈਂਬਲੀ ’ਚ ਫਰਾਟੇਦਾਰ ਅੰਗਰੇਜ਼ੀ ਅਤੇ ਦਲੀਲਾਂ ਦੀ ਝੜੀ ਲਾਉਂਦਾ ਹੈ ਤਾਂ ਪੁਰਾਣੇ ਜਾਣਕਾਰ ਆਖਦੇ ਹਨ ਕਿ ਬਈ, ਇਹ ਤਾਂ ਕਮਾਲ ਕਰਤੀ ਦਿਉਣ ਵਾਲੇ ਜਗਰੂਪ ਬਰਾੜ ਨੇ। ਮੁੜ ਸਫਲਤਾ ਦੀ ਲੜੀ ਕਦੇ ਨਾ ਟੁੱਟੀ। ਉਸ ਨੂੰ ਅੱਜ ਵੀ ਉਹ ਬਚਪਨ ਦੇ ਦਿਨ ਚੇਤੇ ਹਨ ਜਦੋਂ ਉਹ ਬਾਪ ਨਾਲ ਨਰਮੇ ਨਾਲ ਲੱਦੀ ਊਠ ਗੱਡੀ ’ਤੇ ਬੈਠਾ ਬਠਿੰਡਾ ਦੇ ਕਾਨਵੈਂਟ ਸਕੂਲ ਦੇ ਬੱਚਿਆਂ ਨੂੰ ਸਕੂਲੀ ਪੁਸ਼ਾਕਾਂ ਵਿਚ ਵੇਖਦਾ ਤਾਂ ਉਸ ਦੇ ਮਨ ’ਚ ਵੀ ਮਲਾਲ ਉੱਠਦਾ ਸੀ। ਮਹਿੰਦਰਾ ਕਾਲਜ ਦੇ ਅੰਗਰੇਜ਼ੀ ਦੇ ਪ੍ਰੋਫੈਸਰ ਦੀ ਮਿੰਨੀ ਪ੍ਰੀਖਿਆ ਵੀ ਯਾਦ ਹੈ ਜਦੋਂ ਪ੍ਰੋਫੈਸਰ ਨੇ ਜਗਰੂਪ ਨੂੰ ਅੰਗਰੇਜ਼ੀ ’ਚ ‘ਮਾਈ ਬੈੱਸਟ ਫਰੈਂਡ’ ਲਿਖਣ ਲਈ ਕਿਹਾ ਸੀ ਤੇ ਅੱਗਿਓਂ ਉਸ ਨੇ ‘ਮਾਈ ਬੈੱਸਟ ਫਰੈਂਡ’ ਪੰਜਾਬੀ ’ਚ ਲਿਖ ਦਿੱਤਾ ਸੀ। ਉਦੋਂ ਪ੍ਰੋਫੈਸਰ ਨੇ ਨਹੋਰਾ ਮਾਰਿਆ ਸੀ ਕਿ, ‘ਤੈਨੂੰ ਅੰਗਰੇਜ਼ੀ ਨਹੀਂ ਆ ਸਕਦੀ।’ ਖੱਟੇ ਮਿੱਠੇ ਤਜਰਬਿਆਂ ਨੂੰ ਲੜ ਬੰਨ੍ਹ ਕੇ ਹੀ ਜਗਰੂਪ ਬਰਾੜ ਕੈਨੇਡਾ ਪੁੱਜਿਆ ਸੀ। ਉਸ ਦੀ ਲਗਨ ਤੇ ਦ੍ਰਿੜ੍ਹਤਾ ਨੇ ਆਖਰ ਅੰਗਰੇਜ਼ੀ ਨੂੰ ਹੀ ਨਹੀਂ, ਸਭ ਧਾਰਨਾਵਾਂ ਨੂੰ ਵੀ ਮਾਤ ਦੇ ਦਿੱਤੀ ਜੋ ਉਸ ਬਾਰੇ ਬਣੀਆਂ ਸਨ।

ਹੁਣ ਇਕੱਲੇ ਪਿੰਡ ਦਿਉਣ ਨੂੰ ਨਹੀਂ ਬਲਕਿ ਪੂਰੇ ਪੰਜਾਬ ਨੂੰ ਮਾਣ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਐਨਡੀਪੀ ਸਰਕਾਰ ਵਿਚ ਜਗਰੂਪ ਬਰਾੜ ਰਾਜ ਮੰਤਰੀ ਬਣ ਗਿਆ ਹੈ ਜਿਨ੍ਹਾਂ ਨੂੰ ਬੀਸੀ ਦੇ ਲੈਫਟੀਨੈਂਟ ਗਵਰਨਰ ਨੇ ਨਵੀਂ ਡੇਵਿਡ ਕੈਬਨਿਟ ਦੇ ਟਰੇਡ ਰਾਜ ਮੰਤਰੀ ਵੱਲੋਂ ਹਲਫ਼ ਦਿਵਾਇਆ ਹੈ।



News Source link
#ਟਬਆ #ਦ #ਮਡ #ਜਗਰਪ #ਬਰੜ #ਕਨਡ #ਵਚ #ਬਣਆ #ਮਤਰ

- Advertisement -

More articles

- Advertisement -

Latest article