ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 9 ਦਸੰਬਰ
ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਬਿਕਰਮੀ ਕੈਲੰਡਰ ਨੂੰ ਮੁੜ ਲਾਗੂ ਕੀਤੇ ਜਾਣ ਮਗਰੋਂ ਗੁਰਪੁਰਬ ਦੀ ਤਰੀਕ ਦੇ ਮਾਮਲੇ ਨੂੰ ਲੈ ਕੇ ਸੰਗਤ ਵਿਚ ਲਗਾਤਾਰ ਦੁਬਿਧਾ ਵਾਲੀ ਸਥਿਤੀ ਬਣ ਰਹੀ ਸੀ ਜਿਸ ਕਾਰਨ ਇਸ ਵਾਰ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਜਾਣ ਵਾਲਾ ਨਗਰ ਕੀਰਤਨ 28 ਦੀ ਥਾਂ 27 ਦਸੰਬਰ ਨੂੰ ਸਜਾਉਣ ਦਾ ਫੈਸਲਾ ਕੀਤਾ ਗਿਆ ਹੈ।
ਮੌਜੂਦਾ ਕੈਲੰਡਰ ਮੁਤਾਬਕ ਇਸ ਵਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ 28 ਦਸੰਬਰ ਅਤੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 29 ਦਸੰਬਰ ਨੂੰ ਇਕ ਦਿਨ ਬਾਅਦ ਹੀ ਆ ਗਿਆ ਹੈ ਜਿਸ ਕਾਰਨ ਸੰਗਤ ਵਿਚ ਪ੍ਰਕਾਸ਼ ਪੁਰਬ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਨੂੰ ਲੈ ਕੇ ਦੁਬਿਧਾ ਵਾਲੀ ਸਥਿਤੀ ਬਣ ਗਈ ਹੈ। ਸਿੱਖ ਰਵਾਇਤਾਂ ਮੁਤਾਬਕ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਇਕ ਦਿਨ ਪਹਿਲਾ ਸਜਾਇਆ ਜਾਂਦਾ ਹੈ ਜਿਸ ਮੁਤਾਬਿਕ ਨਗਰ ਕੀਰਤਨ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਵਾਲੇ ਦਿਨ 28 ਦਸੰਬਰ ਨੂੰ ਬਣਦਾ ਸੀ ਪਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਸਾਰੇ ਸੰਸਾਰ ਵਿਚ ਵੈਰਾਗਮਈ ਸਥਿਤੀ ਵਿਚ ਮਨਾਇਆ ਜਾਂਦਾ ਹੈ। ਇਸ ਮਾਮਲੇ ਵਿਚ ਸੰਗਤ ਵਲੋਂ ਅਤੇ ਖਾਸ ਕਰਕੇ ਗੁਰਦੁਆਰਾ ਕਮੇਟੀਆਂ ਵਲੋਂ ਸ਼੍ਰੋਮਣੀ ਕਮੇਟੀ ਕੋਲੋਂ ਇਸ ਸਮੱਸਿਆ ਦੇ ਹੱਲ ਬਾਰੇ ਪੁੱਛਿਆ ਜਾ ਰਿਹਾ ਸੀ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ 29 ਦਸੰਬਰ ਨੂੰ ਆ ਰਹੇ ਪ੍ਰਕਾਸ਼ ਗੁਰਪੁਰਬ ਸਬੰਧੀ ਸਜਾਇਆ ਜਾਣ ਵਾਲਾ ਨਗਰ ਕੀਰਤਨ 27 ਦਸੰਬਰ ਨੂੰ ਸਜਾਉਣ ਦਾ ਆਦੇਸ਼ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਵਾਰ 28 ਦਸੰਬਰ ਨੂੰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦਾ ਸ਼ਹੀਦੀ ਦਿਹਾੜਾ ਹੋਣ ਕਾਰਨ ਜਥੇਦਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ 28 ਦੀ ਥਾਂ 27 ਦਸੰਬਰ ਨੂੰ ਸਜਾਉਣ ਲਈ ਸੰਗਤ ਨੂੰ ਸੂਚਿਤ ਕਰਨ ਲਈ ਆਖਿਆ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਿਆਂ ਨੂੰ ਸਰਕੁਲਰ ਜਾਰੀ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਦਸਵੇਂ ਗੁਰੂ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਪੱਕਾ ਕਰ ਦਿੱਤਾ ਗਿਆ ਸੀ ਪਰ ਕੈਲੰਡਰ ਤਬਦੀਲੀ ਤੋਂ ਬਾਅਦ ਇਹ ਗੁਰਪੁਰਬ ਇਕ ਸਾਲ ਵਿਚ ਤਾਂ ਦੋ ਵਾਰ ਆ ਰਿਹਾ ਹੈ ਅਤੇ ਕਿਸੇ ਸਾਲ ਵਿਚ ਇਕ ਵਾਰ ਵੀ ਨਹੀਂ ਆਉਂਦਾ।