ਜਗਮੋਹਨ ਸਿੰਘ
ਰੂਪਨਗਰ, 7 ਦਸੰਬਰ
ਰੂਪਨਗਰ ਪੁਲੀਸ ਵੱਲੋਂ ਪਿਛਲੇ ਦਿਨੀਂ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤੇ ਗਏ ਗੈਂਗਸਟਰ ਭਾਰਤ ਭੂਸ਼ਨ ਉਰਫ਼ ਪੰਮੀ ਦੀ ਨਿਸ਼ਾਨਦੇਹੀ ’ਤੇ ਮੱਧ ਪ੍ਰਦੇਸ਼ ਦੇ ਜੰਗਲਾਂ ਵਿੱਚੋਂ 20 ਪਿਸਤੌਲ ਅਤੇ 40 ਮੈਗਜ਼ੀਨ ਬਰਾਮਦ ਕੀਤੇ ਹਨ। ਉਂਜ ਮੁਲਜ਼ਮ ਦੀਪਕ ਸਿੰਘ ਉਰਫ਼ ਪ੍ਰਿੰਸ ਉਰਫ਼ ਮਨੋਜ ਪੁਲੀਸ ਦੇ ਕਾਬੂ ਨਹੀਂ ਆਇਆ ਹੈ। ਰੂਪਨਗਰ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਨੇ ਅਮਰੀਕਾ ਵਿੱਚ ਰਹਿਣ ਵਾਲੇ ਗੈਂਗਸਟਰ ਪਵਿੱਤਰ ਸਿੰਘ ਦੇ ਸਾਥੀ ਭਾਰਤ ਭੂਸ਼ਨ ਪੰਮੀ ਨੂੰ 2 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ 4 ਪਿਸਟਲ ਅਤੇ 34 ਕਾਰਤੂਸ ਬਰਾਮਦ ਕੀਤੇ ਸਨ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਪਤਾ ਲੱਗਾ ਕਿ ਉਹ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ਵਿੱਚ ਸਪਲਾਈ ਕਰ ਰਿਹਾ ਸੀ। ਇਸ ਮਗਰੋਂ ਡੀਐੱਸਪੀ (ਡਿਟੈਕਟਿਵ) ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੀਆਈਏ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਵੱਲੋਂ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਧਾਰ ਥਾਣਾ ਗੰਧਵਾਨੀ ਦੇ ਪਿੰਡ ਖੜਕੀ-ਬਾਰੀਆ ਦੇ ਜੰਗਲ ਵਿੱਚ ਬਣਾਏ ਟਿਕਾਣੇ ਉੱਤੇ ਛਾਪੇਮਾਰੀ ਕੀਤੀ ਗਈ, ਜਿੱਥੋਂ 20 ਪਿਸਤੌਲ ਅਤੇ 40 ਮੈਗਜ਼ੀਨ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀਪਕ ਸਿੰਘ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲੀਸ ਦੀਆਂ ਟੀਮਾਂ ਮੱਧ ਪ੍ਰਦੇਸ਼ ’ਚ ਛਾਪੇ ਮਾਰ ਰਹੀਆਂ ਹਨ।
ਤਿੰਨ ਸਾਲ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ ’ਚ ਆਇਆ ਸੀ ਨਾਮ
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਗ੍ਰਿਫ਼ਤਾਰ ਗੈਂਗਸਟਰ ਭਾਰਤ ਭੂਸ਼ਣ ਪੰਮੀ ਦਾ ਨਾਮ ਤਿੰਨ ਸਾਲ ਪਹਿਲਾਂ ਨਸ਼ੇ ਦੇ ਕੇਸ ਵਿੱਚ ਆਇਆ ਸੀ। ਉਹ ਸਥਾਨਕ ਵਿਸ਼ਵਕਰਮਾ ਚੌਕ ਨੇੜੇ ਵਾਰਡ ਨੰਬਰ-6 ਦੇ ਦੋ ਵਿਸਵੇ ਦੇ ਮਕਾਨ ਵਿੱਚ ਰਹਿੰਦਾ ਸੀ। ਜਾਣਕਾਰੀ ਮੁਤਾਬਕ ਪੰਮੀ ਦੇ ਕੈਲੀਫੋਰਨੀਆ ਵਿੱਚ ਰੂਪੋਸ਼ ਹੋਏ ਭਗੌੜੇ ਗੈਂਗਸਟਰ ਪਵਿੱਤਰ ਵਾਸੀ ਚੌਦਾ ਜ਼ਿਲ੍ਹਾ ਗੁਰਦਾਸਪੁਰ ਨਾਲ ਵੀ ਸਬੰਧ ਹਨ। ਪੰਮੀ ਵਿਰੁੱਧ ਥਾਣਾ ਸਿਟੀ ’ਚ ਤਿੰਨ ਸਾਲ ਪਹਿਲਾਂ ਨਸ਼ਾ ਤਸਕਰੀ ਦਾ ਕੇਸ ਦਰਜ ਹੋਇਆ ਸੀ ਜੋ ਇਸ ਵੇਲੇ ਅਦਾਲਤ ਵਿੱਚ ਚੱਲ ਰਿਹਾ ਹੈ। ਉਸ ਖ਼ਿਲਾਫ਼ ਲੁਧਿਆਣਾ ਕਮਿਸ਼ਨਰੇਟ ਅਧੀਨ ਪੈਂਦੇ ਥਾਣਾ ਡੇਹਲੋਂ ’ਚ ਵੀ ਹਾਦਸੇ ਦਾ ਕੇਸ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ’ਚ ਇੱਕ ਪਰਿਵਾਰਕ ਮੈਂਬਰ ਨੂੰ ਬੇਹੋਸ਼ ਕਰਕੇ ਲੱਖਾਂ ਰੁਪਏ ਚੋਰੀ ਕਰਨ ਦਾ ਜੋ ਇਲਜ਼ਾਮ ਲੱਗਾ ਸੀ, ਉਸ ਵਿੱਚੋਂ ਕੁੱਝ ਰਕਮ ਪਾਕਿਸਤਾਨ ਨਾਲ ਲੱਗਦੇ ਇਲਾਕੇ ਵਿੱਚ ਬਣਾਏ ਗਏ ਟਿਕਾਣੇ ਤੋਂ ਮਿਲੀ ਸੀ। ਥਾਣਾ ਸਿਟੀ ਦੇ ਐੱਸਐੱਚਓ ਸਤਵੰਤ ਸਿੰਘ ਬਾਜਵਾ ਨੇ ਦਾਅਵਾ ਕੀਤਾ ਕਿ ਪੰਮੀ ਇਲਾਕੇ ਵਿੱਚ ਸਰਗਰਮ ਨਹੀਂ ਸੀ ਅਤੇ ਉਸ ਦੇ ਇਥੇ ਰਹਿਣ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ।