ਅਲ ਰਯਾਨ (ਕਤਰ), 8 ਦਸੰਬਰ
ਫੀਫਾ ਵਿਸ਼ਵ ਕੱਪ ਵਿਚ ਆਖਰੀ 16 ਦਾ ਗੇੜ ਮੁਕੰਮਲ ਹੋ ਗਿਆ ਹੈ। ਹੁਣ ਅੱਠ ਟੀਮਾਂ ਸੈਮੀਫਾਈਨਲ ਵਿੱਚ ਥਾਂ ਪੱਕੀ ਕਰਨ ਲਈ ਮੁਕਾਬਲਾ ਕਰਨਗੀਆਂ। ਫੀਫਾ ਵਿਸ਼ਵ ਕੱਪ ਦਾ ਕੁਆਰਟਰ ਫਾਈਨਲ ਮੁਕਾਬਲਾ ਬ੍ਰਾਜ਼ੀਲ ਅਤੇ ਕ੍ਰੋਏਸ਼ੀਆ ਦਰਮਿਆਨ 9 ਦਸੰਬਰ ਨੂੰ ਹੋਵੇਗਾ। ਇਨ੍ਹਾਂ ਦੋਵਾਂ ਟੀਮਾਂ ਨੇ ਹੁਣ ਤਕ ਇਕ ਦੂਜੇ ਖਿਲਾਫ ਪੰਜ ਮੈਚ ਖੇਡੇ ਹਨ ਜਦਕਿ ਅਜਿਹੇ ਵੱਡੇ ਮੁਕਾਬਲੇ ਵਿਚ ਤੀਜੀ ਵਾਰ ਦੋਵੇਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਬ੍ਰਾਜ਼ੀਲ ਨੇ ਕੋਰੀਆ ਨੂੰ 4-1 ਨਾਲ ਹਰਾ ਕੇ ਅੰਤਿਮ ਅੱਠ ਵਿੱਚ ਥਾਂ ਬਣਾਈ ਸੀ। ਬ੍ਰਾਜ਼ੀਲ ਨੇ ਅੱਧੇ ਸਮੇਂ ਤੱਕ ਹੀ ਚਾਰ ਗੋਲ ਕੀਤੇ ਸਨ ਜਿਸ ਵਲੋਂ ਵਿਨੀਸੀਅਸ ਜੂਨੀਅਰ, ਨੇਮਾਰ, ਰਿਚਰਲਿਸਨ, ਅਤੇ ਲੁਕਾਸ ਪਕੇਟਾ ਨੇ ਗੋਲ ਕੀਤੇ। ਦੂਜੇ ਪਾਸੇ ਪਾਈਕ ਸੇਂਗ-ਹੋ ਦੀ ਕੋਰਿਆਈ ਟੀਮ ਨੇ ਮੈਚ ਦੇ 15 ਸਕਿੰਟ ਰਹਿੰਦਿਆਂ ਇਕ ਗੋਲ ਕਰ ਕੇ ਲੈਅ ਫੜੀ ਪਰ ਉਸ ਵੇਲੇ ਤਕ ਬਹੁਤ ਦੇਰ ਹੋ ਚੁੱਕੀ ਸੀ।
ਕੁਆਰਟਰ ਫਾਈਨਲ ਵਿਚ ਪੁੱਜਣ ਵਾਲੀ ਕ੍ਰੋਏਸ਼ੀਆ ਦੀ ਟੀਮ ਨੇ ਜਾਪਾਨ ਨਾਲ ਰਾਊਂਡ-ਆਫ-16 ਮੁਕਾਬਲੇ ’ਚ 90 ਮਿੰਟਾਂ ’ਚ 1-1 ਨਾਲ ਡਰਾਅ ਖੇਡਿਆ ਸੀ ਜਿਸ ਤੋਂ ਬਾਅਦ 30 ਮਿੰਟ ਦਾ ਵਾਧੂ ਸਮਾਂ ਦਿੱਤਾ ਗਿਆ ਜਿਸ ਵਿਚ ਕ੍ਰੋਏਸ਼ੀਆ ਨੇ ਜਾਪਾਨ ਨੂੰ ਹਰਾ ਕੇ ਆਖਰੀ-8 ਗੇੜ ਵਿਚ ਦਾਖਲਾ ਹਾਸਲ ਕੀਤਾ।
ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ਤੇ ਕ੍ਰੋਏਸ਼ੀਆ ਦਾ ਆਖਰੀ ਵਾਰ ਮੁਕਾਬਲਾ ਚਾਰ ਸਾਲ ਪਹਿਲਾਂ ਇੱਕ ਦੋਸਤਾਨਾ ਮੈਚ ਵਿੱਚ ਹੋਇਆ ਸੀ। ਇਨ੍ਹਾਂ ਦੋਵਾਂ ਟੀਮਾਂ ਨੇ ਰੂਸ ਵਿੱਚ ਵਿਸ਼ਵ ਕੱਪ ਦੀ ਤਿਆਰੀ ਲਈ ਮੈਚ ਖੇਡਿਆ ਸੀ। ਉਸ ਵੇਲੇ ਬ੍ਰਾਜ਼ੀਲ ਕੁਆਰਟਰ ਫਾਈਨਲ ਵਿੱਚ ਬਾਹਰ ਹੋ ਗਿਆ ਸੀ, ਜਦੋਂ ਕਿ ਕ੍ਰੋਏਸ਼ੀਆ ਫਰਾਂਸ ਤੋਂ ਫਾਈਨਲ ਵਿੱਚ ਹਾਰ ਗਿਆ ਸੀ। -ਏਐੱਨਆਈ
ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਸਪੈਨਿਸ਼ ਕੋਚ ਦੀ ਛੁੱਟੀ
ਫੀਫਾ ਵਿਸ਼ਵ ਕੱਪ ਵਿਚੋਂ ਬਾਹਰ ਹੋਣ ਤੋਂ ਬਾਅਦ ਸਪੇਨ ਦੇ ਫੁਟਬਾਲ ਕੋਚ ਲੁਈ ਐਨਰਿਕ ਦੀ ਕੋਚ ਵਜੋਂ ਛੁੱਟੀ ਹੋ ਗਈ ਹੈ। ਸਪੈਨਿਸ਼ ਫੁਟਵਾਲ ਮਹਾਸੰਘ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਲੁਈ ਐਨਰਿਕ ਨੂੰ ਪੁਰਸ਼ਾਂ ਦੀ ਕੌਮੀ ਟੀਮ ਦੇ ਕੋਚ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਸਪੇਨੀ ਟੀਮ ਦੇ ਆਖਰੀ 16 ਗੇੜ ਵਿਚੋਂ ਬਾਹਰ ਹੋਣ ਤੋਂ ਦੋ ਦਿਨ ਬਾਅਦ ਕੋਚ ਦੀ ਛੁੱਟੀ ਕਰਨ ਦਾ ਫੈਸਲਾ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਮੋਰੱਕੋ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ ਵਿਚ 3-0 ਨਾਲ ਹਰਾ ਕੇ ਵਿਸ਼ਵ ਕੱਪ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਸੀ। ਏਪੀ