ਸੁਰਿੰਦਰ ਮਾਵੀ
ਵਿਨੀਪੈਗ: ਪਿਛਲੀ ਦਿਨੀਂ ਮੈਨੀਟੋਬਾ ਵਿਧਾਨ ਸਭਾ (ਲੈਜਿਸਲੈਟਿਵ ਅਸੈਂਬਲੀ) ਵਿੱਚ ਬਰਰੋਜ਼ ਵਿਧਾਨ ਸਭਾ ਹਲਕੇ ਦੇ ਵਿਧਾਇਕ ਦਿਲਜੀਤ ਪਾਲ ਸਿੰਘ ਬਰਾੜ ਵੱਲੋਂ ਮੈਨੀਟੋਬਾ ਦੇ ਵਿੱਦਿਅਕ ਅਦਾਰਿਆਂ ਵਿੱਚ ਪੰਜਾਬੀ ਜ਼ੁਬਾਨ ਪੜ੍ਹਾਏ ਜਾਣ ਦੇ ਹੱਕ ਵਿੱਚ ਇੱਕ ਪਟੀਸ਼ਨ ਪੜ੍ਹੀ ਗਈ।
ਇਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਮਰਦਮਸ਼ੁਮਾਰੀ 2021 ਦੇ ਅਨੁਸਾਰ, ਪੰਜਾਬੀ ਕੈਨੇਡਾ ਵਿੱਚ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਮੈਨੀਟੋਬਾ ਵਿੱਚ 33,315 ਲੋਕ ਹਨ ਜਿਨ੍ਹਾਂ ਦੀ ਮੂਲ ਭਾਸ਼ਾ ਪੰਜਾਬੀ ਹੈ। ਹਜ਼ਾਰਾਂ ਪੰਜਾਬੀ ਵਿਦਿਆਰਥੀ ਆਏ ਦਿਨ ਮੈਨੀਟੋਬਾ ਸੂਬੇ ਨੂੰ ਆ ਰਹੇ ਹਨ ਅਤੇ ਪਰਵਾਸੀ ਪੰਜਾਬੀ ਇੱਥੇ ਆ ਕੇ ਵੱਸ ਰਹੇ ਹਨ।
ਪੰਜਾਬੀ ਮੂਲ ਦੇ ਲੋਕ ਸਿੱਖਿਆ, ਵਿਗਿਆਨ, ਸਿਹਤ, ਵਪਾਰ ਅਤੇ ਰਾਜਨੀਤੀ ਵਰਗੇ ਖੇਤਰਾਂ ਵਿੱਚ ਕੈਨੇਡਾ ਅਤੇ ਮੈਨੀਟੋਬਾ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ। ਮੈਨੀਟੋਬਾ ਵਿੱਚ ਆ ਕੇ ਵੱਸਣ ਦੇ ਵਰਤਾਰੇ ਦੌਰਾਨ ਨਵੇਂ ਆਏ ਪੰਜਾਬੀ ਬਹੁਤ ਕੁਰਬਾਨੀਆਂ ਕਰਦੇ ਹਨ ਜਿਨ੍ਹਾਂ ਵਿੱਚੋਂ ਇੱਕ ਆਪਣੀਆਂ ਸਭਿਆਚਾਰਕ ਜੜ੍ਹਾਂ ਅਤੇ ਭਾਸ਼ਾ ਤੋਂ ਦੂਰ ਹੋਣਾ ਵੀ ਸ਼ਾਮਲ ਹੈ। ਬਹੁਤ ਸਾਰੇ ਪੰਜਾਬੀ ਮਾਪੇ ਅਤੇ ਪਰਿਵਾਰ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਆਪਣੀ ਭਾਸ਼ਾ ਨੂੰ ਬਰਕਰਾਰ ਰੱਖਣ ਅਤੇ ਸੱਭਿਆਚਾਰਕ ਨਾਲ ਜੁੜੇ ਰਹਿਣ। ਮੈਨੀਟੋਬਾ ਦੇ ਪਬਲਿਕ ਸਕੂਲਾਂ ਵਿੱਚ ਬੱਚਿਆਂ ਅਤੇ ਨੌਜੁਆਨਾਂ ਨੂੰ ਫਰੈਂਚ, ਯੂਕਰੇਨੀ, ਓਜਿਬਵੇ, ਫਿਲੀਪੀਨੋ, ਕ੍ਰੀ, ਹੈਬਰਿਊ ਅਤੇ ਸਪੇਨਿਸ਼ ਭਾਸ਼ਾਵਾ ਦੁਭਾਸ਼ੀ ਪ੍ਰੋਗਰਾਮਾਂ ਤਹਿਤ ਪੜ੍ਹਾਈਆਂ ਜਾਂਦੀਆਂ ਹਨ, ਪਰ ਪੰਜਾਬੀ ਦਾ ਕੋਈ ਅਜਿਹਾ ਪ੍ਰੋਗਰਾਮ ਉਪਲੱਬਧ ਨਹੀਂ ਹੈ।
ਸਕੂਲੀ ਬੱਚਿਆਂ ਲਈ ਇਸੇ ਤਰ੍ਹਾਂ ਦੇ ਪੰਜਾਬੀ ਦੁਭਾਸ਼ੀ ਪ੍ਰੋਗਰਾਮਾਂ ਦੇ ਨਾਲ-ਨਾਲ ਕਾਲਜ ਅਤੇ ਯੂਨੀਵਰਸਿਟੀ ਪੱਧਰ ’ਤੇ ਪੰਜਾਬੀ ਭਾਸ਼ਾ ਪੜ੍ਹਾਉਣ ਨਾਲ ਪੰਜਾਬੀ ਬੋਲੀ ਅਤੇ ਸੱਭਿਆਚਾਰ ਸਾਂਭਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੁਭਾਸ਼ੀ ਪ੍ਰੋਗਰਾਮ ਲਾਗੂ ਹੋਣ ਨਾਲ ਵੱਖ ਵੱਖ ਕੌਮਾਂ ਦੇ ਲੋਕਾਂ ਵਿਚਾਲੇ ਦੋਸਤੀਆਂ, ਰਿਸ਼ਤੇ ਅਤੇ ਵਿਆਹ ਸੁਖ਼ਾਲੇ ਹੋਣਗੇ ਅਤੇ ਨੌਜਵਾਨਾਂ ਨੂੰ ਬਹੁ-ਭਾਸ਼ਾਈ ਪੇਸ਼ੇਵਾਰ ਬਣਨ ਲਈ ਤਿਆਰ ਕੀਤਾ ਜਾ ਸਕੇਗਾ। ਉਨ੍ਹਾਂ ਨੇ ਸੂਬਾਈ ਸਰਕਾਰ ਨੂੰ ਮੌਜੂਦਾ ਦੁਭਾਸ਼ੀ ਪ੍ਰੋਗਰਾਮਾਂ ਵਾਂਗ ਹੀ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੁਭਾਸ਼ੀ ਪ੍ਰੋਗਰਾਮ ਲਾਗੂ ਕਰਨ ਲਈ ਕਦਮ ਚੁੱਕਣ ਅਤੇ ਮੈਨੀਟੋਬਾ ਵਿੱਚ ਸਿੱਖਿਆ ਦੇ ਹੋਰ ਅਦਾਰਿਆਂ ਵਿੱਚ ਪੰਜਾਬੀ ਭਾਸ਼ਾ ਦੀ ਸਿੱਖਿਆ ਨੂੰ ਲਾਗੂ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ।
ਤਾਜ਼ਾ ਅੰਕੜਿਆਂ ਅਨੁਸਾਰ ਮੈਨੀਟੋਬਾ ਵਿੱਚ ਕੇਵਲ ਤਾਗਾਲੋਗ ਤੋਂ ਬਾਅਦ ਪੰਜਾਬੀ ਗ਼ੈਰ-ਸਰਕਾਰੀ ਭਾਸ਼ਾਵਾਂ ਵਿੱਚ ਦੂਜੇ ਨੰਬਰ ’ਤੇ ਹੈ ਜੋ ਘਰ ਵਿੱਚ ਸਭ ਤੋਂ ਵੱਧ ਬੋਲੀਆਂ ਜਾਂਦੀਆਂ ਹਨ। ਮਾਪਿਆਂ ਦਾ ਕਹਿਣਾ ਹੈ ਕਿ ‘‘ਸਾਨੂੰ ਅਹਿਸਾਸ ਹੋਇਆ ਕਿ … ਸਾਡੇ ਬੱਚੇ, ਜਿਵੇਂ, ਸਾਡੀ ਭਾਸ਼ਾ ਨਹੀਂ ਬੋਲ ਰਹੇ ਹਨ। ਸਾਨੂੰ ਉਨ੍ਹਾਂ ਨੂੰ ਸਿਖਾਉਣਾ ਚਾਹੀਦਾ ਹੈ, ਤਾਂ ਜੋ ਉਹ ਰਿਸ਼ਤੇਦਾਰਾਂ ਨਾਲ ਗੱਲ ਕਰ ਸਕਣ।’’ ਬਹੁਤ ਸਾਰੇ ਨੌਜਵਾਨ ਅਜੇ ਵੀ ਭਾਰਤ ਵਿੱਚ ਰਹਿ ਰਹੇ ਦਾਦਾ-ਦਾਦੀ ਨਾਲ ਗੱਲ ਕਰਨ ਦੇ ਯੋਗ ਨਹੀਂ ਹਨ। ‘‘ਸਿੱਖਾਂ ਦਾ ਇਤਿਹਾਸ ਬਹੁਤ ਮਾਣਮੱਤਾ ਹੈ, ਪਰ ਇੱਥੇ ਪੰਜਾਬੀ ਨਾਲੋਂ ਹੋਰ ਭਾਸ਼ਾਵਾਂ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਹੈ। ਸਕੂਲੀ ਬੱਚੇ ਪੰਜਾਬੀ ਭਾਸ਼ਾ ਦੀ ਚੋਣ ਨਹੀਂ ਕਰ ਰਹੇ, ਜਿਸ ਕਾਰਨ ਉਹ ਪੰਜਾਬੀ ਇਤਿਹਾਸ ਅਤੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ।’’ ਵਿਧਾਇਕ ਬਰਾੜ ਨੇ ਕਿਹਾ ਕਿ ਪੰਜਾਬੀ ਬਹੁਤ ਜਾਣੀ-ਪਛਾਣੀ ਅਤੇ ਬੋਲੀ ਜਾਣ ਵਾਲੀ ਭਾਸ਼ਾ ਹੈ, ਪਰ ਲੋਕ ਪੱਛਮੀ ਸੱਭਿਆਚਾਰ ਤੋਂ ਪ੍ਰਭਾਵਿਤ ਹੁੰਦੇ ਹਨ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੀਆਂ ਜੜ੍ਹਾਂ ਨੂੰ ਭੁੱਲ ਜਾਂਦੇ ਹਨ। ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਆਪਣੀ ਮਾਂ-ਬੋਲੀ ਪੰਜਾਬੀ ਸਿਖਾਉਣ ਵਿੱਚ ਅਸਫਲ ਰਹਿੰਦੇ ਹਨ। ਲੋਕਾਂ ਦੀ ਇਹ ਗਲਤ ਧਾਰਨਾ ਹੈ ਕਿ ਜੇ ਉਹ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਅੰਗਰੇਜ਼ੀ ਸਿਖਾਉਣਾ ਸ਼ੁਰੂ ਕਰ ਦੇਣਗੇ ਤਾਂ ਉਹ ਚੰਗੇ ਬੁਲਾਰੇ ਹੋਣਗੇ, ਪਰ ਮਾਂ ਬੋਲੀ ਦਾ ਕੀ ਹੋਵੇਗਾ।
ਜ਼ਿਕਰਯੋਗ ਹੈ ਕਿ ਸੈਵਨ ਓਕਸ ਸਕੂਲ ਡਿਵੀਜ਼ਨ ਵਿਚਲੇ ਵਿਦਿਆਰਥੀ ਅੰਗਰੇਜ਼ੀ ਤੋਂ ਇਲਾਵਾ ਚਾਰ ਹੋਰ ਭਾਸ਼ਾਵਾਂ ਵਿੱਚੋਂ ਕਿਸੇ ਇੱਕ ਵਿੱਚ ਪੜ੍ਹਾਈ ਕਰਵਾਉਣ ਦੀ ਚੋਣ ਕਰ ਸਕਦੇ ਹਨ। ਇਨ੍ਹਾਂ ਪ੍ਰੋਗਰਾਮਾਂ ਦੀ ਪੇਸ਼ਕਸ਼ ਸਕੂਲ ਡਿਵੀਜ਼ਨ ਵਿਚਲੇ ਕਈ ਸਾਰੇ ਸਕੂਲਾਂ ਵਿੱਚ ਕੀਤੀ ਜਾਂਦੀ ਹੈ। ਐਂਬਰ ਟ੍ਰੇਲਜ਼ ਕਮਿਊਨਿਟੀ ਸਕੂਲ ਦੀ ਪ੍ਰਿੰਸੀਪਲ ਨਵਜੀਤ ਕੌਰ ਕੰਬੋ ਨੇ ਦੱਸਿਆ ਕਿ ਉਹ 5 ਜਨਵਰੀ, 2023 ਨੂੰ ਅੰਬਰ ਟ੍ਰੇਲਜ਼ ਕਮਿਊਨਿਟੀ ਸਕੂਲ ਵਿਖੇ ਗ੍ਰੇਡ 3 ਤੋਂ 5 ਤੱਕ ਦੇ ਵਿਦਿਆਰਥੀਆਂ ਲਈ ਮੁਫ਼ਤ ਸਕੂਲ ਤੋਂ ਬਾਅਦ ਪੰਜਾਬੀ ਵਿਰਾਸਤੀ ਭਾਸ਼ਾ ਪ੍ਰੋਗਰਾਮ ਦੀ ਪੇਸ਼ਕਸ਼ ਕਰ ਰਹੇ ਹਨ। ਪੰਜਾਬੀ ਦੀਆਂ ਕਲਾਸਾਂ ਹਰ ਹਫ਼ਤੇ ਮੰਗਲਵਾਰ ਅਤੇ ਵੀਰਵਾਰ ਨੂੰ ਸ਼ਾਮ 4:00 ਵਜੇ ਤੋਂ ਸ਼ਾਮ 5:00 ਵਜੇ ਤੱਕ ਲਗਾਈਆਂ ਜਾਣਗੀਆਂ। ਵਿਦਿਆਰਥੀਆਂ ਨੂੰ ਦੁਪਹਿਰ 3:30 ਵਜੇ ਸਕੂਲ ਛੱਡਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਆਪਣੀ ਵਿਰਾਸਤੀ ਭਾਸ਼ਾ ਦੀ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਬਾਲਗ ਨਿਗਰਾਨੀ ਦੇ ਨਾਲ ਲਰਨਿੰਗ ਕਾਮਨਜ਼ (ਡਾਂਸ ਸਟੂਡੀਓ) ਵਿੱਚ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਰਾਸਤੀ ਭਾਸ਼ਾਵਾਂ ਅਤੇ ਸੱਭਿਆਚਾਰ ਨਾਲ ਜੁੜੇ ਰਹਿਣਾ ਇਹ ਯਕੀਨੀ ਬਣਾਉਣ ਲਈ ਬਹੁਤ ਜ਼ਰੂਰੀ ਹੈ ਕਿ ਸਾਡੇ ਬੱਚੇ ਆਪਣੀ ਮਾਤ ਭਾਸ਼ਾ ਤੇ ਆਪਣੀ ਜ਼ਮੀਨ ਨਾਲ ਜੁੜੇ ਰਹਿਣ।
ਵਿਧਾਇਕ ਦਲਜੀਤ ਪਾਲ ਸਿੰਘ ਬਰਾੜ ਵੱਲੋਂ ਟ੍ਰੇਲਜ਼ ਕਮਿਊਨਿਟੀ ਸਕੂਲ ਦੀ ਪ੍ਰਿੰਸੀਪਲ ਨਵਜੀਤ ਕੌਰ ਕੰਬੋ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀਆਂ ਨੂੰ ਭਾਸ਼ਾ ਦੀ ਸਿੱਖਿਆ ਦੇਣ ਲਈ ਇਹ ਇੱਕ ਚੰਗੀ ਸ਼ੁਰੂਆਤ ਹੈ। ਇਸ ਦਿਸ਼ਾ ਵਿੱਚ ਸਾਨੂੰ ਹੋਰ ਕੰਮ ਕਰਨ ਲਈ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ ਖ਼ਾਸ ਤੌਰ ’ਤੇ ਮੈਨੀਟੋਬਾ ਵਿੱਚ ਜਿੱਥੇ ਪੰਜਾਬੀ ਸਟੈਟਿਸਟਿਕਸ ਕੈਨੇਡਾ ਤੋਂ ਤਾਜ਼ਾ ਜਾਰੀ ਕੀਤੇ ਗਏ ਅੰਕੜਿਆਂ ਦੇ ਆਧਾਰ ’ਤੇ ਘਰ ਵਿੱਚ ਬੋਲੀ ਜਾਣ ਵਾਲੀ ਤੀਜੀ ਸਭ ਤੋਂ ਵੱਡੀ ਭਾਸ਼ਾ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਮੈਨੀਟੋਬਾ ਵਾਸੀਆਂ ਦੀ ਮੂਲ ਭਾਸ਼ਾ ਪੰਜਾਬੀ ਹੈ ਜਿਨ੍ਹਾਂ ਦੇ ਬੱਚੇ ਪੰਜਾਬੀ ਪੜ੍ਹਨਾ ਚਾਹੁੰਦੇ ਹਨ। ਇਸ ਦੇ ਬਾਵਜੂਦ ਸਰਕਾਰੀ ਸਕੂਲਾਂ ਤੇ ਕਾਲਜਾਂ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ। ਇਸ ਮੁੱਦੇ ’ਤੇ ਹਜ਼ਾਰ ਤੋਂ ਵੱਧ ਲੋਕਾਂ ਨੇ ਇੱਕ ਪਟੀਸ਼ਨ ’ਤੇ ਦਸਤਖ਼ਤ ਕਰ ਕੇ ਪੰਜਾਬੀ ਭਾਸ਼ਾ ਲਾਗੂ ਕਰਨ ਦੀ ਮੰਗ ਰੱਖੀ ਹੈ।
News Source link
#ਮਨਟਬ #ਦ #ਸਕਲ #ਵਚ #ਪਜਬ #ਭਸ਼ #ਪੜਹਉਣ #ਲਈ #ਪਟਸ਼ਨ