ਨਵੀਂ ਦਿੱਲੀ: ਭਾਰਤ ਵਿੱਚ ਹੋਣ ਵਾਲੇ ਦ੍ਰਿਸ਼ਟੀਹੀਣਾਂ ਦੇ ਕ੍ਰਿਕਟ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਦੇ 34 ਖਿਡਾਰੀਆਂ ਤੇ ਅਧਿਕਾਰੀਆਂ ਦੇ ਵੀਜ਼ਿਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮਨਜ਼ੂਰੀ ਤੋਂ ਬਾਅਦ ਵਿਦੇਸ਼ ਮੰਤਰਾਲਾ ਪਾਕਿਸਤਾਨੀ ਖਿਡਾਰੀਆਂ ਤੇ ਅਧਿਕਾਰੀਆਂ ਨੂੰ 5 ਦਸੰਬਰ ਤੋਂ ਸ਼ੁਰੂ ਹੋਏ ਇਸ ਟੂਰਨਾਮੈਂਟ ’ਚ ਹਿੱਸਾ ਲੈਣ ਲਈ ਭਾਰਤ ਆਉਣ ਵਾਸਤੇ ਵੀਜ਼ੇ ਜਾਰੀ ਕਰੇਗਾ। 17 ਦਸੰਬਰ ਤੱਕ ਚੱਲਣ ਵਾਲੇ ਵਿਸ਼ਵ ਕੱਪ ਵਿੱਚ ਭਾਰਤ, ਬੰਗਲਾਦੇਸ਼, ਆਸਟਰੇਲੀਆ, ਨੇਪਾਲ, ਦੱਖਣੀ ਅਫਰੀਕਾ ਤੇ ਪਾਕਿਸਤਾਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਵਿਸ਼ਵ ਕੱਪ ਦੇ ਮੈਚ ਫਰੀਦਾਬਾਦ, ਦਿੱਲੀ, ਮੁੰਬਈ, ਇੰਦੋਰ ਅਤੇ ਬੰਗਲੂਰੂ ਵਿੱਚ ਖੇਡੇ ਜਾਣਗੇ। ਇਸ ਤੋਂ ਪਹਿਲਾਂ ਪਾਕਿਸਤਾਨ ਬਲਾਈਂਡ ਕ੍ਰਿਕਟ ਕੌਂਸਲ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਵਿਦੇਸ਼ ਮੰਤਰਾਲੇ ਤੋਂ ਪ੍ਰਵਾਨਗੀ ਨਾ ਮਿਲਣ ਕਾਰਨ ਪਾਕਿਸਤਾਨੀ ਖਿਡਾਰੀ ਭਾਰਤ ਨਹੀਂ ਜਾ ਸਕਦੇ। -ਪੀਟੀਆਈ