11.2 C
Patiāla
Tuesday, December 10, 2024

ਧਾਰਮਿਕ ਆਜ਼ਾਦੀ ਕਾਇਮ ਰੱਖਣ ਲਈ ਭਾਰਤ ਨੂੰ ਉਤਸ਼ਾਹਿਤ ਕਰਦੇ ਰਹਾਂਗੇ: ਅਮਰੀਕਾ

Must read


ਵਾਸ਼ਿੰਗਟਨ, 7 ਦਸੰਬਰ

ਅਮਰੀਕਾ ਨੇ ਅੱਜ ਕਿਹਾ ਕਿ ਭਾਰਤ ਕਈ ਧਰਮਾਂ ਦੇ ਲੋਕਾਂ ਦਾ ਘਰ ਹੈ ਤੇ ਉਹ ਸਾਰਿਆਂ ਦੀ ਧਾਰਮਿਕ ਆਜ਼ਾਦੀ ਯਕੀਨੀ ਬਣਾਉਣ ਦੀ ਵਚਨਬੱਧਤਾ ਉਤੇ ਕਾਇਮ ਰਹਿਣ ਲਈ ਭਾਰਤ ਨੂੰ ਉਤਸ਼ਾਹਿਤ ਕਰਦੇ ਰਹਿਣਗੇ। ਆਲਮੀ ਧਾਰਮਿਕ ਆਜ਼ਾਦੀ ਬਾਰੇ ਵਿਦੇਸ਼ ਵਿਭਾਗ ਦੀ ਸਾਲਾਨਾ ਰਿਪੋਰਟ ਵਿਚ ਸਾਹਮਣੇ ਆਈਆਂ ‘ਕੁਝ ਚਿੰਤਾਵਾਂ’ ਦਾ ਜ਼ਿਕਰ ਕਰਦਿਆਂ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਉਹ ਸਾਰੇ ਦੇਸ਼ਾਂ ਵਿਚ ਧਾਰਮਿਕ ਆਜ਼ਾਦੀ ਦੀ ਸਥਿਤੀ ਉਤੇ ਕਰੀਬ ਤੋਂ ਨਜ਼ਰ ਰੱਖਣਾ ਜਾਰੀ ਰੱਖਣਗੇ ਤੇ ਇਸ ਵਿਚ ਭਾਰਤ ਵੀ ਸ਼ਾਮਲ ਹੈ। ਅਮਰੀਕਾ ਨੇ ਧਾਰਮਿਕ ਆਜ਼ਾਦੀ ਦੀ ਵਰਤਮਾਨ ਸਥਿਤੀ ਲਈ ਚੀਨ, ਪਾਕਿਸਤਾਨ ਤੇ ਮਿਆਂਮਾਰ ਸਣੇ 12 ਦੇਸ਼ਾਂ ਨੂੰ ‘ਵਿਸ਼ੇਸ਼ ਚਿੰਤਾ’ ਵਾਲੇ ਦੇਸ਼ ਐਲਾਨਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ੁੱਕਰਵਾਰ ਇਸ ਬਾਰੇ ਐਲਾਨ ਕਰਦਿਆਂ ਕਿਹਾ ਸੀ ਕਿ ਦੁਨੀਆ ਭਰ ਵਿਚ ਸਰਕਾਰਾਂ ਤੇ ਗੈਰ-ਸਰਕਾਰੀ ਤਾਕਤਾਂ ਲੋਕਾਂ ਨੂੰ ਉਨ੍ਹਾਂ ਦੇ ਧਰਮ ਦੇ ਅਧਾਰ ਉਤੇ ਪ੍ਰੇਸ਼ਾਨ ਕਰਦੀਆਂ ਹਨ, ਧਮਕਾਉਂਦੀਆਂ ਹਨ ਤੇ ਜੇਲ੍ਹ ਭੇਜਦੀਆਂ ਹਨ, ਤੇ ਇੱਥੋਂ ਤੱਕ ਕਿ ਕਈ ਵਾਰ ਉਨ੍ਹਾਂ ਦੀ ਹੱਤਿਆ ਵੀ ਕੀਤੀ ਜਾਂਦੀ ਹੈ। ਭਾਰਤ ਨੂੰ ਇਸ ਸੂਚੀ ਵਿਚ ਸ਼ਾਮਲ ਨਾ ਕਰਨ ਦੇ ਸਵਾਲ ਉਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਕਿਹਾ ਕਿ ਭਾਰਤ ਦੁਨੀਆ ਦਾ ਵੱਡਾ ਲੋਕਤੰਤਰ ਹੈ ਤੇ ਕਈ ਧਰਮਾਂ ਦੇ ਲੋਕਾਂ ਦਾ ਘਰ ਹੈ। ਇੱਥੇ ਕਈ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਆਲਮੀ ਧਾਰਮਿਕ ਆਜ਼ਾਦੀ ਉਤੇ ਸਾਲਾਨਾ ਰਿਪੋਰਟ ਵਿਚ ਸਾਹਮਣੇ ਆਈਆਂ ਕੁਝ ਚਿੰਤਾਵਾਂ ਉਤੇ ਉਨ੍ਹਾਂ ਭਾਰਤ ਦੇ ਸੰਦਰਭ ਵਿਚ ਵੀ ਨੋਟਿਸ ਲਿਆ ਹੈ। ਸਾਰੇ ਦੇਸ਼ਾਂ ਵਿਚ ਧਾਰਮਿਕ ਆਜ਼ਾਦੀ ਦੀ ਸਥਿਤੀ ਉਤੇ ਕਰੀਬ ਤੋਂ ਨਜ਼ਰ ਰੱਖੀ ਜਾਵੇਗੀ ਤੇ ਇਸ ਵਿਚ ਭਾਰਤ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬਾਇਡਨ ਪ੍ਰਸ਼ਾਸਨ ਭਾਰਤ ਸਰਕਾਰ ਨੂੰ ਸਾਰਿਆਂ ਦੀ ਧਾਰਮਿਕ ਆਜ਼ਾਦੀ ਯਕੀਨੀ ਬਣਾਉਣ ਦੀ ਉਸ ਦੀ ਵਚਨਬੱਧਤਾ ਉਤੇ ਕਾਇਮ ਰਹਿਣ ਲਈ ਉਤਸ਼ਾਹਿਤ ਕਰਦਾ ਰਹੇਗਾ। ਉਨ੍ਹਾਂ ਕਿਹਾ, ‘ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰ (ਅਮਰੀਕਾ ਤੇ ਭਾਰਤ) ਦੇ ਤੌਰ ਉਤੇ ਅਸੀਂ ਧਾਰਮਿਕ ਆਜ਼ਾਦੀ ਉਤੇ ਇਕ ਠੋਸ ਯੋਜਨਾ ਲਈ ਵਚਨਬੱਧ ਹਾਂ।’ ਦੱਸਣਯੋਗ ਹੈ ਕਿ ਭਾਰਤ ਨੇ ਇਸ ਤੋਂ ਪਹਿਲਾਂ ਵਿਦੇਸ਼ੀ ਸਰਕਾਰਾਂ ਤੇ ਮਨੁੱਖੀ ਹੱਕ ਸੰਗਠਨਾਂ ਵੱਲੋਂ ਦੇਸ਼ ਵਿਚ ਨਾਗਰਿਕ ਆਜ਼ਾਦੀ ਹੌਲੀ-ਹੌਲੀ ਘੱਟ ਹੋਣ ਦੇ ਲਾਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। -ਪੀਟੀਆਈ  





News Source link

- Advertisement -

More articles

- Advertisement -

Latest article