ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਰੈਪੋ ਦਰ ’ਚ 35 ਆਧਾਰੀ ਅੰਕਾਂ ਦਾ ਵਾਧਾ ਕੀਤਾ ਹੈ ਜਿਸ ਨਾਲ ਇਹ ਦਰ 6.25 ਫ਼ੀਸਦ ’ਤੇ ਪਹੁੰਚ ਗਈ ਹੈ। ਇਸ ਨਾਲ ਘਰ, ਵਾਹਨ ਅਤੇ ਹੋਰ ਕਰਜ਼ਿਆਂ ਦੀ ਕਿਸ਼ਤ ਵਧਣ ਦੀ ਸੰਭਾਵਨਾ ਹੈ। ਆਰਬੀਆਈ ਨੇ ਮਈ ਤੋਂ ਲਗਾਤਾਰ ਪੰਜਵੀਂ ਵਾਰ ਵਿਆਜ ਦਰਾਂ ’ਚ ਵਾਧਾ ਕੀਤਾ ਹੈ। ਉਂਜ ਆਰਬੀਆਈ ਨੇ ਦਰਾਂ ’ਚ ਨਰਮੀ ਨਾਲ ਇਹ ਸੰਕੇਤ ਦਿੱਤੇ ਹਨ ਕਿ ਇਹ ਸਿਖਰਲੇ ਪੱਧਰ ’ਤੇ ਪਹੁੰਚ ਗਈ ਹੈ। ਭਾਰਤੀ ਰਿਜ਼ਰਵ ਬੈਂਕ ਨੇ ਮਹਿੰਗਾਈ ਦਰ ਨਾਲ ਟਾਕਰੇ ਦਾ ਅਹਿਦ ਦੁਹਰਾਇਆ ਹੈ ਜੋ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਤੈਅ ਅੰਕੜੇ ਤੋਂ ਉਪਰ ਚੱਲ ਰਹੀ ਹੈ। ਇਸ ਤੋਂ ਪਹਿਲਾਂ ਵਿਆਜ ਦਰਾਂ ’ਚ ਚਾਰ ਵਾਰ ਕੁੱਲ 190 ਆਧਾਰੀ ਅੰਕ ਦਾ ਵਾਧਾ ਕੀਤਾ ਜਾ ਚੁੱਕਿਆ ਹੈ। ਮੁਦਰਾ ਨੀਤੀ ਕਮੇਟੀ ਦੇ ਛੇ ਮੈਂਬਰਾਂ ’ਚੋਂ ਪੰਜ ਨੇ ਬਹੁਮਤ ਨਾਲ ਰੈਪੋ ਦਰ 6.25 ਫ਼ੀਸਦ ਕਰਨ ਦੇ ਫ਼ੈਸਲੇ ’ਤੇ ਮੋਹਰ ਲਾਈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਛੇ ’ਚੋਂ ਚਾਰ ਮੈਂਬਰਾਂ ਨੇ ਨਰਮ ਰੁਖ਼ ਵਾਪਸ ਲੈਣ ਦੇ ਹੱਕ ’ਚ ਵੋਟ ਪਾਈ। ਆਰਬੀਆਈ ਨੇ ਮੌਜੂਦਾ ਵਿੱਤੀ ਵਰ੍ਹੇ ਲਈ ਮਹਿੰਗਾਈ ਦਰ 6.7 ਫ਼ੀਸਦ ’ਤੇ ਬਰਕਰਾਰ ਰੱਖਦਿਆਂ ਆਰਥਿਕ ਵਿਕਾਸ ਦਰ 7 ਫ਼ੀਸਦ ਤੋਂ ਘਟਾ ਕੇ 6.8 ਫ਼ੀਸਦ ਰੱਖਣ ਦੀ ਪੇਸ਼ੀਨਗੋਈ ਕੀਤੀ ਹੈ। ਪਰਚੂਨ ਮਹਿੰਗਾਈ ਦਰ, ਜੋ ਲਗਾਤਾਰ 10 ਮਹੀਨਿਆਂ ਤੋਂ 2 ਤੋਂ 6 ਫ਼ੀਸਦ ਤੋਂ ਉਪਰ ਰਹੀ ਹੈ, ਅਕਤੂਬਰ ’ਚ 6.7 ਫ਼ੀਸਦ ’ਤੇ ਪਹੁੰਚ ਗਈ। ਦਾਸ ਨੇ ਕਿਹਾ ਕਿ ਮਹਿੰਗਾਈ ਦਾ ਦੌਰ ਹੁਣ ਨਿਕਲ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਰਥਚਾਰੇ ਨੂੰ ਹਾੜੀ ਦੀ ਬਿਜਾਈ, ਸਥਾਈ ਸ਼ਹਿਰੀ ਮੰਗ, ਪਿੰਡਾਂ ’ਚ ਮੰਗ ’ਚ ਸੁਧਾਰ, ਉਤਪਾਦਨ ’ਚ ਵਾਧਾ ਅਤੇ ਸੇਵਾਵਾਂ ’ਚ ਉਛਾਲ ਕਾਰਨ ਹੁਲਾਰਾ ਮਿਲਿਆ ਹੈ। ਦਾਸ ਮੁਤਾਬਕ ਮੰਦਹਾਲੀ ’ਚ ਚੱਲ ਰਹੇ ਆਲਮੀ ਅਰਥਚਾਰੇ ਦਰਮਿਆਨ ਭਾਰਤ ਆਕਰਸ਼ਕ ਮੁਲਕ ਬਣਿਆ ਹੋਇਆ ਹੈ। ਜੁਲਾਈ ਤੋਂ ਸਤੰਬਰ ਦੀ ਤਿਮਾਹੀ ਦੌਰਾਨ ਜੀਡੀਪੀ 6.3 ਫ਼ੀਸਦ ਰਹੀ ਜੋ ਆਸ ਨਾਲੋਂ ਥੋੜ੍ਹੀ ਬਿਹਤਰ ਹੈ ਪਰ ਇਹ ਪਿਛਲੇ ਤਿੰਨ ਮਹੀਨਿਆਂ ਦੇ ਸਾਢੇ 13 ਫ਼ੀਸਦ ਦੇ ਵਿਕਾਸ ਨਾਲੋਂ ਅੱਧੀ ਹੈ। ਉਨ੍ਹਾਂ ਕਿਹਾ ਕਿ ਹਾੜੀ ਦੀ ਵਧੀਆ ਪੈਦਾਵਾਰ ਕਾਰਨ ਖੁਰਾਕ ਮਹਿੰਗਾਈ ਦਰ ’ਚ ਕਮੀ ਆ ਸਕਦੀ ਹੈ ਪਰ ਅਨਾਜ, ਦੁੱਧ ਅਤੇ ਮਸਾਲਿਆਂ ਦੀਆਂ ਕੀਮਤਾਂ ’ਚ ਉਛਾਲ ਦੇਖਿਆ ਜਾ ਸਕਦਾ ਹੈ। -ਪੀਟੀਆਈ