ਨਵੀਂ ਦਿੱਲੀ, 8 ਦਸੰਬਰ
ਪਾਕਿਸਤਾਨ ਰੇਂਜਰਾਂ ਨੇ ਬੁੱਧਵਾਰ ਨੂੰ ਪੰਜਾਬ ਸੈਕਟਰ ਵਿੱਚ ਗਲਤੀ ਨਾਲ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਵਾਲੇ ਬੀਐੱਸਐੱਫ ਦੇ ਜਵਾਨ ਨੂੰ ਕਾਬੂ ਕਰ ਲਿਆ। ਬੀਐੱਸਐੱਫ ਜਵਾਨ ਨੂੰ ਪਾਕਿ ਰੇਂਜਰਾਂ ਵੱਲੋਂ ਭਾਰਤ ਹਵਾਲੇ ਕੀਤੇ ਜਾਣ ਦੀ ਉਡੀਕ ਕੀਤੀ ਜਾ ਰਹੀ ਹੈ। ਦਸੰਬਰ ਵਿੱਚ ਪੰਜਾਬ ਦੇ ਅਬੋਹਰ ਸੈਕਟਰ ਵਿੱਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 1 ਦਸੰਬਰ ਨੂੰ ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ‘ਜ਼ੀਰੋ ਲਾਈਨ’ ਗਸ਼ਤ ਦੌਰਾਨ ਜਵਾਨ ਪਾਕਿਸਤਾਨ ਵਾਲੇ ਪਾਸੇ ਦਾਖ਼ਲ ਹੋ ਗਿਆ ਸੀ। ਉਸੇ ਦਿਨ ਪਾਕਿਸਤਾਨ ਰੇਂਜਰਾਂ ਨੇ ਫਲੈਗ ਮੀਟਿੰਗ ਤੋਂ ਬਾਅਦ ਜਵਾਨ ਨੂੰ ਵਾਪਸ ਬੀਐੱਸਐੱਫ ਹਵਾਲੇ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਤਾਜ਼ਾ ਮਾਮਲੇ ਵਿੱਚ ਬੀਐੱਸਐੱਫ ਜਵਾਨ ਨੇ ਬੁੱਧਵਾਰ ਸਵੇਰੇ ਬਹੁਤ ਸੰਘਣੀ ਧੁੰਦ ਕਾਰਨ ਸਰਹੱਦ ਪਾਰ ਕੀਤੀ ਅਤੇ ਪਾਕਿ ਰੇਂਜਰਾਂ ਨੇ ਉਸ ਨੂੰ ਫੜ ਲਿਆ। ਬੀਐੱਸਐੱਫ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੀਐੱਸਐੱਫ ਅਤੇ ਪਾਕਿ ਰੇਂਜਰ ਇੱਕ-ਦੂਜੇ ਨਾਲ ਸੰਪਰਕ ਵਿੱਚ ਹਨ।