ਮੀਰਪੁਰ: ਆਪਣੇ ਵੱਡੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਨਾਲ ਭਾਰਤੀ ਟੀਮ ਭਲਕੇ ਬੁੱਧਵਾਰ ਨੂੰ ਇੱੱਥੇ ਬੰਗਲਾਦੇਸ਼ ਖ਼ਿਲਾਫ਼ ਦੂਜੇ ਇੱਕ ਰੋਜ਼ਾ ਮੁਕਾਬਲੇ ਵਿੱਚ ਮੈਦਾਨ ’ਤੇ ਉਤਰੇਗੀ। ਪਹਿਲੇ ਮੁਕਾਬਲੇ ਵਿੱਚ ਬੰਗਲਾਦੇਸ਼ ਨੇ ਆਖਰੀ ਵਿਕਟ ਲਈ 50 ਤੋਂ ਵੱਧ ਦੌੜਾਂ ਜੋੜਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਇਸ ਮੈਚ ਵਿੱਚ ਭਾਰਤੀ ਗੇਂਦਬਾਜ਼ ਪਿਛਲੇ ਬੱਲੇਬਾਜ਼ਾਂ ਨੂੰ ਆਊਟ ਕਰਨ ਵਿੱਚ ਅਸਫਲ ਰਹੇ ਪਰ ਟੀਮ ਨੂੰ ਉਨ੍ਹਾਂ ਤੋਂ ਜ਼ਿਆਦਾ ਨਿਰਾਸ਼ ਬੱਲੇਬਾਜ਼ਾਂ ਨੇ ਕੀਤਾ। ਭਾਰਤੀ ਟੀਮ ਨੇ ਆਖਰੀ ਵਾਰ 2015 ਵਿੱਚ ਬੰਗਲਾਦੇਸ਼ ਵਿੱਚ ਦੁਵੱਲੀ ਲੜੀ ਖੇਡੀ ਸੀ ਜਦੋਂ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਤਿੰਨ ਮੈਚਾਂ ਦੀ ਲੜੀ 1-2 ਨਾਲ ਹਾਰ ਗਈ ਸੀ। ਜੇ ਸਪਿੰਨਰ ਸ਼ਾਕਿਬ ਅਲ ਹਸਨ ਅਤੇ ਮਹਿਦੀ ਹਸਨ ਮਿਰਾਜ ਇਕ ਵਾਰ ਫਿਰ ਭਾਰਤੀ ਬੱਲੇਬਾਜ਼ਾਂ ਨੂੰ 11 ਤੋਂ 40 ਓਵਰਾਂ ਵਿਚਾਲੇ ਤੰਗ ਕਰਦੇ ਹਨ ਤਾਂ ਸ਼ੇਰ-ਏ-ਬੰਗਲਾ ਸਟੇਡੀਅਮ ਵਿਚ ਇਤਿਹਾਸ ਖੁਦ ਨੂੰ ਦੁਹਰਾ ਸਕਦਾ ਹੈ। -ਪੀਟੀਆਈ