ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 6 ਦਸੰਬਰ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਆਨੰਦਪੁਰ ਸਾਹਿਬ ਦੇ ਭਾਈ ਨੰਦ ਲਾਲ ਪਬਲਿਕ ਸਕੂਲ ਵਿੱਚ 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼ ਕੀਤਾ। ਇਨ੍ਹਾਂ ਖੇਡਾਂ ਵਿੱਚ 23 ਜ਼ਿਲ੍ਹਿਆਂ ਦੇ ਹਜ਼ਾਰਾਂ ਖਿਡਾਰੀ ਭਾਗ ਲੈ ਰਹੇ ਹਨ। ਖੇਡਾਂ ਦੀ ਸ਼ੁਰੂਆਤ ਤੋਂ ਪਹਿਲਾਂ ਭਾਈ ਨੰਦ ਲਾਲ ਪਬਲਿਕ ਸਕੂੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਵਚਨਬੱਧ ਹੈ। ਉਦਘਾਟਨੀ ਸਮਾਰੋਹ ਵਿੱਚ ਪਹੁੰਚਣ ’ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਡੀਪੀਆਈ (ਐਲੀਮੈਂਟਰੀ ਸਿੱਖਿਆ) ਹਰਿੰਦਰ ਕੌਰ, ਉਪ ਖੇਡ ਨਿਰਦੇਸ਼ਕ ਸੁਨੀਲ ਕੁਮਾਰ, ਅਸਿਸਟੈਂਟ ਕਮਿਸ਼ਨਰ ਹਰਜੋਤ ਕੌਰ ਤੇ ਪ੍ਰਿੰਸੀਪਲ ਸਤਨਾਮ ਸਿੰਘ ਆਦਿ ਨੇ ਨਿੱਘਾ ਸਵਾਗਤ ਕੀਤਾ। ਉਪਰੰਤ ਸਿੱਖਿਆ ਮੰਤਰੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਵੱਖ ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਦੇ ਮਾਰਚ ਪਾਸਟ ਤੋਂ ਸਲਾਮੀ ਹਾਸਲ ਕੀਤੀ। ਬਲਵਿੰਦਰ ਸਿੰਘ ਦੀ ਅਗਵਾਈ ਹੇਠ ਖਿਡਾਰੀਆਂ ਵੱਲੋ ਖੇਡਾਂ ਦੀ ਮਸ਼ਾਲ ਜਗਾਈ ਗਈ। ਇਸ ਤੋਂ ਬਾਅਦ ਹਰਜੋਤ ਸਿੰਘ ਬੈਂਸ ਵੱਲੋਂ ਖੇਡਾਂ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਨੇ ਸਿੱਖਿਆ ਮੰਤਰੀ ਨਾਲ ਤਸਵੀਰਾਂ ਵੀ ਖਿੱਚੀਆਂ ਤੇ ਸਿੱਖਿਆ ਮੰਤਰੀ ਨੇ ਖਾਣ-ਪੀਣ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਉਨ੍ਹਾਂ ਅਧਿਆਪਕਾਂ ਨੂੰ ਕਿਹਾ ‘ਜੇਕਰ ਤੁਹਾਨੂੰ ਮੇਰੇ ਨਾਲ ਕੋਈ ਗਿਲਾ ਹੈ, ਤੁਸੀਂ ਮੇਰੇ ਘਰ ਦੇ ਅੱਗੇ ਧਰਨਾ ਲਗਾਓ ਪਰ ਬੱਚਿਆਂ ਦੀਆਂ ਖੇਡਾਂ ਦੇ ਵਿੱਚ ਵਿਘਨ ਨਾ ਪਾਓ’।