ਨਵੀਂ ਦਿੱਲੀ: ਆਲਮੀ ਬੈਂਕ ਨੇ ਚਾਲੂ ਵਿੱਤੀ ਸਾਲ 2022-23 ਲਈ ਭਾਰਤ ਦੀ ਜੀਡੀਪੀ ਆਧਾਰਿਤ ਵਿਕਾਸ ਦਰ ਦੇ ਅਨੁਮਾਨਾਂ ਨੂੰ 6.5 ਫੀਸਦ ਤੋਂ ਵਧਾ ਕੇ 6.9 ਫੀਸਦ ਕਰ ਦਿੱਤਾ ਹੈ। ਆਲਮੀ ਬੈਂਕ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਅਣਸੁਖਾਵੇਂ ਘਟਨਾਕ੍ਰਮ ਦਰਮਿਆਨ ਭਾਰਤੀ ਅਰਥਚਾਰਾ ਮਜ਼ਬੂਤ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਆਲਮੀ ਬੈਂਕ ਨੇ ਚਾਲੂ ਵਿੱਤੀ ਸਾਲ ਵਿੱਚ ਵਿਕਾਸ ਦਰ ਦੇ ਅਨੁਮਾਨ ਨੂੰ 7.5 ਫੀਸਦ ਤੋਂ ਘਟਾ ਕੇ 6.5 ਫੀਸਦ ਕਰ ਦਿੱਤਾ ਸੀ ਜਦੋਂ ਕਿ ਹੁਣ ਉਸ ਨੇ ਇਨ੍ਹਾਂ ਅਨੁਮਾਨਾਂ ਨੂੰ ਮੁੜ ਵਧਾ ਕੇ 6.9 ਫੀਸਦ ਕਰ ਦਿੱਤਾ ਹੈ। ਆਲਮੀ ਬੈਂਕ ਨੇ ਮੰਗਲਵਾਰ ਨੂੰ ਜਾਰੀ ਭਾਰਤ ਨਾਲ ਸਬੰਧਤ ਆਪਣੀ ਸੱਜਰੀ ਰਿਪੋਰਟ ਵਿੱਚ ਕਿਹਾ ਕਿ ਭਾਰਤੀ ਅਰਥਚਾਰਾ ਮਜ਼ਬੂਤ ਬਣਿਆ ਹੋਇਆ ਹੈ ਤੇ ਦੂਜੀ ਤਿਮਾਹੀ ਵਿੱਚ ਜੀਡੀਪੀ ਦਾ ਅੰਕੜਾ ਆਸ ਨਾਲੋਂ ਕਿਤੇ ਬਿਹਤਰ ਹੈ। ਇਸ ਕਰਕੇ ਪੂਰੇ ਵਿੱਤੀ ਸਾਲ ਲਈ ਵਿਕਾਸ ਦਰ ਦੇ ਅਨੁਮਾਨਾਂ ਨੂੰ ਵਧਾਇਆ ਗਿਆ ਹੈ। ਪਿਛਲੇ ਵਿੱਤੀ ਸਾਲ (2021-22) ਵਿੱਚ ਭਾਰਤ ’ਚ ਵਿਕਾਸ ਦਰ 8.7 ਫੀਸਦ ਰਹੀ ਸੀ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) ਵਿੱਚ ਅਰਥਚਾਰਾ 6.3 ਫੀਸਦ ਦੀ ਦਰ ਨਾਲ ਵਧਿਆ। ਉਧਰ ਜੂਨ ਵਿੱਚ ਖ਼ਤਮ ਹੋਈ ਤਿਮਾਹੀ ਵਿੱਚ ਜੀਡੀਪੀ ਦੀ ਵਿਕਾਸ ਦਰ 13.5 ਫੀਸਦ ਰਹੀ ਸੀ। ਆਲਮੀ ਅਰਥਚਾਰੇ ਵਿੱਚ ਮੰਦੀ ਦਰਮਿਆਨ ਇਹ ਕਿਸੇ ਕੌਮਾਂਤਰੀ ਏਜੰਸੀ ਵੱਲੋਂ ਭਾਰਤ ਦੀ ਵਿਕਾਸ ਦਰ ਬਾਰੇ ਕੀਤੀ ਪਲੇਠੀ ਪੇਸ਼ੀਨਗੋਈ ਹੈ। ਆਲਮੀ ਬੈਂਕ ਦੀ ‘ਤੂਫ਼ਾਨ ਵਿੱਚ ਅੱਗੇ ਵਧਣਾ’ ਸਿਰਲੇਖ ਵਾਲੀ ਰਿਪੋਰਟ ਮੁਤਾਬਕ ਆਲਮੀ ਪੱਧਰ ’ਤੇ ਆਰਥਿਕ ਹਾਲਾਤ ਵਿਗੜਨ ਦਾ ਅਸਰ ਭਾਰਤ ਦੀਆਂ ਵਿਕਾਸ ਸੰਭਾਵਨਾਵਾਂ ’ਤੇ ਵੀ ਪੲੇਗਾ। -ਪੀਟੀਆਈ