ਇਸਲਾਮਾਬਾਦ, 6 ਦਸੰਬਰ
ਉੱਤਰੀ ਅਫਗਾਨਿਸਤਾਨ ਵਿੱਚ ਅੱਜ ਸਵੇਰੇ ਕੰਮ ਕਰਨ ਲਈ ਜਾ ਰਹੇ ਸਰਕਾਰੀ ਮੁਲਾਜ਼ਮਾਂ ਨਾਲ ਭਰੀ ਬੱਸ ਨੇੜੇ ਬੰਬ ਧਮਾਕਾ ਹੋਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਬਲਖ ਸੂਬੇ ਵਿੱਚ ਤਾਲਿਬਾਨ ਵੱਲੋਂ ਨਿਯੁਕਤ ਪੁਲੀਸ ਮੁਖੀ ਦੇ ਤਰਜਮਾਨ ਮੁਹੰਮਦ ਆਸਿਫ਼ ਵਜ਼ੀਰੀ ਨੇ ਦੱਸਿਆ ਕਿ ਮਜ਼ਾਰ-ਏ ਸ਼ਰੀਫ਼ ਨੇੜੇ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਬੰਬ ਸੜਕ ਕਿਨਾਰੇ ਇੱਕ ਪਹੀਏ ਅੰਦਰ ਲਾਇਆ ਗਿਆ ਸੀ। ਜਦੋਂ ਹੀਰਾਟਨ ਗੈਸ ਅਤੇ ਪੈਟਰੋਲੀਅਮ ਵਿਭਾਗ ਦੇ ਮੁਲਾਜ਼ਮਾਂ ਨੂੰ ਲੈ ਕੇ ਬੱਸ ਉੱਥੋਂ ਲੰਘ ਰਹੀ ਸੀ ਤਾਂ ਧਮਾਕਾ ਹੋ ਗਿਆ। ਹਾਲੇ ਤੱਕ ਕਿਸੇ ਨੇ ਵੀ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸੇ ਤਰ੍ਹਾਂ ਪੂਰਬੀ ਨੰਗਰਹਾਰ ਦੀ ਰਾਜਧਾਨੀ ਜਲਾਲਾਬਾਦ ਸ਼ਹਿਰ ਦੇ ਮਨੀ ਐਕਸਚੇਂਜ ਬਾਜ਼ਾਰ ਵਿੱਚ ਹੋਏ ਇੱਕ ਹੋਰ ਬੰਬ ਧਮਾਕੇ ’ਚ ਘੱਟੋ-ਘੱਟ 6 ਵਿਅਕਤੀ ਜ਼ਖਮੀ ਹੋ ਗਏ। -ਏਪੀ