ਮਨੋਜ ਸ਼ਰਮਾ
ਬਠਿੰਡਾ, 4 ਦਸੰਬਰ
ਇੱਥੇ ਜ਼ੱਚਾ-ਬੱਚਾ ਹਸਪਤਾਲ ’ਚੋਂ ਅੱਜ ਦੁਪਹਿਰ ਵੇਲੇ ਦੋ ਔਰਤਾਂ ਨਵਜੰਮਿਆ ਬੱਚਾ ਚੋਰੀ ਕਰਕੇ ਫ਼ਰਾਰ ਹੋ ਗਈਆਂ। ਬੱਚਾ ਚੋਰੀ ਹੋਣ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਵਿਮੈੱਨ ਐਂਡ ਚਿਲਡਰਨ ਹਸਪਤਾਲ ਦੇ ਪ੍ਰਬੰਧਕਾਂ ਤੇ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਓਰੀਆ ਵਾਸੀ ਪ੍ਰਮੋਦ ਕੁਮਾਰ ਦੀ ਪਤਨੀ ਬਬਲੀ ਰਾਣੀ ਨੇ ਪਹਿਲੀ ਦਸੰਬਰ ਨੂੰ ਹਸਪਤਾਲ ਵਿੱਚ ਬੱਚੇ (ਲੜਕੇ) ਨੂੰ ਜਨਮ ਦਿੱਤਾ ਸੀ।
ਇਸ ਮਗਰੋਂ ਅੱਜ ਜ਼ੱਚਾ ਤੇ ਬੱਚਾ ਨੂੰ ਚਿਲਡਰਨ ਹਸਪਤਾਲ ਦੇ ਕਮਰਾ ਨੰਬਰ-210 ਵਿੱਚ ਬੈੱਡ ਅਲਾਟ ਕਰ ਦਿੱਤਾ ਗਿਆ। ਬਬਲੀ ਰਾਣੀ ਦੇ ਜੀਜੇ ਬਮਲੇਸ਼ ਕੁਮਾਰ ਨੇ ਦੱਸਿਆ ਐਤਵਾਰ ਦਾ ਦਿਨ ਹੋਣ ਕਾਰਨ ਹਸਪਤਾਲ ਅੰਦਰ ਭੀੜ ਬਹੁਤ ਘੱਟ ਸੀ ਅਤੇ ਬਬਲੀ ਦੀ ਦੇਖਭਾਲ ਉਸ ਦੀ ਬੇਟੀ ਮੁਸਕਾਨ ਕਰ ਰਹੀ ਸੀ। ਇਸ ਦੌਰਾਨ ਇਕ ਔਰਤ ਨਰਸ ਦੇ ਰੂਪ ’ਚ ਕਮਰੇ ’ਚ ਦਾਖਲ ਹੋਈ ਤੇ ਡਾਕਟਰ ਵੱਲੋਂ ਟੀਕਾਕਰਨ ਕਰਨ ਦੇ ਨਾਂ ’ਤੇ ਬੱਚੇ ਨੂੰ ਲੈ ਕੇ ਫਰਾਰ ਹੋ ਗਈ। ਉਸ ਦੇ ਨਾਲ ਇੱਕ ਹੋਰ ਔਰਤ ਵੀ ਸੀ। ਬਮਲੇਸ਼ ਕੁਮਾਰ ਨੇ ਦੱਸਿਆ ਉਹ ਬਠਿੰਡਾ ਦੇ ਪ੍ਰਤਾਪ ਨਗਰ ਵਿੱਚ ਰਹਿੰਦਾ ਹੈ। ਉਸ ਨੇ ਆਪਣੀ ਸਾਲੀ ਨੂੰ ਯੂਪੀ ਤੋਂ ਬਠਿੰਡਾ ਇਸ ਲਈ ਸੱਦਿਆ ਸੀ ਇੱਥੇ ਸਿਹਤ ਸਹੂਲਤਾਂ ਬਿਹਤਰ ਹਨ।
ਪੀੜਤ ਪਰਿਵਾਰ ਨੇ ਬੱਚਾ ਚੋਰੀ ਹੋਣ ਦੀ ਸ਼ਿਕਾਇਤ ਸਥਾਨਕ ਹਸਪਤਾਲ ਵਿਚਲੀ ਪੁਲੀਸ ਚੌਕੀ ਨੂੰ ਦੇ ਦਿੱਤੀ ਹੈ। ਡੀਐੱਸਪੀ ਸਿਟੀ ਦੀ ਅਗਵਾਈ ਹੇਠ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਤੇ ਕੱਪੜੇ ਬਦਲ ਕੇ ਹਸਪਤਾਲ ਵਾਲੀ ਗਲੀ ਵਿੱਚੋਂ ਲੰਘਦੀਆਂ ਔਰਤਾਂ ਦੀਆਂ ਤਸਵੀਰਾਂ ਵੀ ਮਿਲੀਆਂ ਹਨ। ਡੀਐੱਸਪੀ ਸਿਟੀ-1 ਵਿਸ਼ਵਜੀਤ ਸਿੰਘ ਮਾਨ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ’ਤੇ ਉਕਤ ਔਰਤਾਂ ਖ਼ਿਲਾਫ਼ ਥਾਣਾ ਕੋਤਵਾਲੀ ਵਿਚ ਕੇਸ ਦਰਜ ਕਰ ਲਿਆ ਹੈ। ਹਸਪਤਾਲ ਦੇ ਐੱਸਐੱਮਓ ਡਾ. ਸਤੀਸ਼ ਸਿੰਗਲਾ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਹੈ।