ਐਡੀਲੇਡ, 3 ਦਸੰਬਰ
ਆਸਟਰੇਲੀਆ ਦੀ ਹਾਕੀ ਟੀਮ ਨੇ ਅੱਜ ਇੱਥੇ ਭਾਰਤ ਨੂੰ 5-1 ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 3-1 ਨਾਲ ਜੇਤੂ ਲੀਡ ਬਣਾ ਲਈ ਹੈ। ਪਹਿਲੇ ਕੁਆਰਟਰ ਵਿੱਚ ਕੋਈ ਵੀ ਟੀਮ ਗੋਲ ਨਹੀਂ ਸਕੀ ਜਦਕਿ 25ਵੇਂ ਮਿੰਟ ਵਿੱਚ ਦਿਲਪ੍ਰੀਤ ਸਿੰਘ ਨੇ ਗੋਲ ਕਰ ਕੇ ਭਾਰਤ ਨੂੰ ਲੀਡ ਦਿਵਾਈ। ਦੂਜੇ ਕੁਆਰਟਰ ਦੇ ਆਖਰੀ ਪਲਾਂ ਵਿੱਚ ਭਾਰਤੀ ਡਿਫੈਂਸ ਢਹਿ ਗਿਆ ਅਤੇ ਜੈਰੇਮੀ ਹੇਵਰਡ (29ਵੇਂ) ਅਤੇ ਜੇਕ ਵੇਟਨ (30ਵੇਂ) ਨੇ 50 ਸਕਿੰਟਾਂ ਦੇ ਅੰਤਰਾਲ ਵਿੱਚ ਦੋ ਗੋਲ ਕਰ ਕੇ ਆਸਟਰੇਲੀਆ ਨੂੰ 2-1 ਨਾਲ ਲੀਡ ਦਿਵਾਈ। ਤੀਜੇ ਕੁਆਰਟਰ ’ਚ ਆਸਟਰੇਲੀਆ ਪੂਰੀ ਤਰ੍ਹਾਂ ਭਾਰਤ ’ਤੇ ਹਾਵੀ ਰਿਹਾ। ਇਸ ਦੌਰਾਨ ਟੌਮ ਵਿਕਹਮ ਨੇ 34ਵੇਂ ਮਿੰਟ ਵਿੱਚ ਗੋਲ ਕਰ ਕੇ ਲੀਡ ਅੱਗੇ ਵਧਾਈ ਜਦਕਿ ਹੇਵਰਡ ਨੇ 41ਵੇਂ ਮਿੰਟ ਵਿੱਚ ਆਪਣਾ ਦੂਜਾ ਅਤੇ ਟੀਮ ਲਈ ਚੌਥਾ ਗੋਲ ਕੀਤਾ। ਇਸ ਮਗਰੋਂ ਮੈਟ ਡਾਸਨ ਨੇ 54ਵੇਂ ਮਿੰਟ ਵਿੱਚ ਆਸਟਰੇਲੀਆ ਲਈ ਪੰਜਵਾਂ ਗੋਲ ਦਾਗਿਆ। -ਪੀਟੀਆਈ