ਵਾਸ਼ਿੰਗਟਨ: ਸੱਤ ਦੇਸ਼ਾਂ ਦੇ ਗਰੁੱਪ ਜੀ-7 ਅਤੇ ਆਸਟਰੇਲੀਆ ਨੇ ਰੂਸ ’ਤੇ ਨਵੀਂ ਸ਼ਰਤ ਲਗਾਉਂਦਿਆਂ ਇਸ ਦੇ ਕੱਚੇ ਤੇਲ ਦੀ ਕੀਮਤ ਹੱਦ 60 ਅਮਰੀਕੀ ਡਾਲਰ ਪ੍ਰਤੀ ਬੈਰਲ ਤੈਅ ਕੀਤੀ ਹੈ। ਇੱਕ ਦਿਨ ਪਹਿਲਾਂ ਯੂਰੋਪੀਅਨ ਯੂਨੀਅਨ ਨੇ ਸਰਬਸੰਮਤੀ ਨਾਲ ਅਜਿਹਾ ਹੀ ਫ਼ੈਸਲਾ ਕੀਤਾ ਸੀ। ਨਵੀਂ ਪਾਬੰਦੀ 5 ਦਸੰਬਰ ਤੋਂ ਲਾਗੂ ਹੋਵੇਗੀ। ਰੂਸੀ ਤੇਲ ਦੀ ਕੀਮਤ ਹੱਦ ਤੈਅ ਕਰਨ ਦਾ ਮੰਤਵ ਆਲਮੀ ਪੱਧਰ ’ਤੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਠੱਲ੍ਹ ਪਾਉਣਾ ਅਤੇ ਰੂਸ ਵੱਲੋਂ ਤੇਲ ਰਾਹੀਂ ਹੋ ਰਹੀ ਕਮਾਈ ਨੂੰ ਯੂਕਰੇਨ ਖ਼ਿਲਾਫ਼ ਜੰਗ ਵਿੱਚ ਵਰਤਣ ਤੋਂ ਰੋਕਣਾ ਹੈ। ਉਧਰ, ਰੂਸ ਨੇ ਕਿਹਾ ਕਿ ਪੱਛਮੀ ਦੇਸ਼ਾਂ ਵੱਲੋਂ ਉਸ ਦੇ ਤੇਲ ਸਬੰਧੀ ਲਗਾਈ ਗਈ ਨਵੀਂ ਸ਼ਰਤ ਉਸ ਨੂੰ ਮਨਜ਼ੂਰ ਨਹੀਂ ਹੈ। ਅਮਰੀਕਾ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। -ਏਪੀ