ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 4 ਦਸੰਬਰ
ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਖੁੱਲ੍ਹ ਕੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ‘ਐੱਚਟੀ’ ‘ਚ ਛਪੀ ਰਿਪੋਰਟ ਮੁਤਾਬਕ ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਦਿਲਜੀਤ ਨੇ ਪਿਛਲੇ ਦਿਨੀਂ ਕਲਾਕਾਰਾਂ ਦੀਆਂ ਹੱਤਿਆਵਾਂ ‘ਤੇ ਆਪਣੀ ਚੁੱਪ ਤੋੜੀ ਅਤੇ ਇਸ ਲਈ ‘ਸਰਕਾਰ ਦੀ ਨਾਲਾਇਕੀ’ ਨੂੰ ਜ਼ਿੰਮੇਵਾਰ ਠਹਿਰਾਇਆ। ਦਿਲਜੀਤ ਨੇ ਕਿਹਾ, ‘ਇਨ੍ਹਾਂ ਸਾਰਿਆਂ ਨੇ ਸਖ਼ਤ ਮਿਹਨਤ ਕੀਤੀ। ਮੈਨੂੰ ਨਹੀਂ ਲੱਗਦਾ ਕਿ ਕੋਈ ਕਲਾਕਾਰ ਕਿਸੇ ਨਾਲ ਕੁਝ ਗਲਤ ਕਰ ਸਕਦਾ ਹੈ, ਮੈਂ ਆਪਣੇ ਤਜਰਬੇ ਦੀ ਗੱਲ ਕਰ ਰਿਹਾ ਹਾਂ। ਕਲਾਕਾਰ ਅਤੇ ਕਿਸੇ ਹੋਰ ਦੇ ਵਿਚਕਾਰ ਕੁਝ ਵੀ ਨਹੀਂ ਹੋ ਸਕਦਾ ਤਾਂ ਫਿਰ ਕੋਈ ਹੋਰ ਕਿਸੇ ਨੂੰ ਕਿਉਂ ਮਾਰੇਗਾ? ਇਹ ਬਹੁਤ ਹੀ ਦੁਖਦਾਈ ਗੱਲ ਹੈ। ਇਸ ਬਾਰੇ ਗੱਲ ਕਰਨਾ ਵੀ ਬਹੁਤ ਔਖਾ ਹੈ। ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਉਸ ਦੀ ਸੁਰੱਖਿਆ ਵਾਪਸ ਲੈਣ ਬਾਰੇ ਦਿਲਜੀਤ ਨੇ ਕਿਹਾ, ‘ਇਹ ਸਰਕਾਰ ਦੀ ਸੌ ਫੀ਼ਸਦ ਨਾਲਾਇਕੀ ਹੈ। ਇਹ ਰਾਜਨੀਤੀ ਹੈ ਅਤੇ ਰਾਜਨੀਤੀ ਬਹੁਤ ਗੰਦੀ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਉਸ ਨੂੰ ਇਨਸਾਫ਼ ਮਿਲੇ ਅਤੇ ਅਜਿਹਾ ਦੁਖਾਂਤ ਨਾ ਵਾਪਰੇ।’