ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਦਸੰਬਰ
ਸਥਾਨਕ ਸੁਖਨਾ ਝੀਲ ’ਤੇ ਅੱਜ ਸ਼ੁਰੂ ਹੋਏ 6ਵੇਂ ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਵੱਡੀ ਗਿਣਤੀ ਰੱਖਿਆ ਮਾਹਿਰਾਂ ਨੇ ਸ਼ਮੂਲੀਅਤ ਕਰਦਿਆਂ ਰੂਸ-ਯੂਕਰੇਨ ਜੰਗ ਅਤੇ ਏਅਰਕ੍ਰਾਫਟ ਕੈਰੀਰਅਰਜ਼ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਫੈਸਟੀਵਲ ਵਿੱਚ ਪੱਛਮੀ ਕਮਾਂਡ ਵੱਲੋਂ ਲਗਾਈ ਗਈ ਟੈਂਕਾਂ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਰੂਸ ਦਾ ਬਣਿਆ ਟੈਂਕ ਟੀ-72 ਅਤੇ ਭਾਰਤ ਵਿੱਚ ਤਿਆਰ ਕੀਤਾ ਬੀਐੱਮਪੀ-2 ਸਭ ਨੂੰ ਹੈਰਾਨ ਕਰ ਰਿਹਾ ਹੈ। ਫੌਜ ਦੇ ਇਕ ਜਵਾਨ ਅਨੁਸਾਰ ਟੈਂਕ ਟੀ-72 ਰੂਸ ਦਾ ਬਣਿਆ ਹੋਇਆ ਹੈ, ਜੋ ਜੰਗ ਦੇ ਮੈਦਾਨ ਵਿੱਚ ‘ਮਾਈਨਿੰਗ’ ਦੀ ਭਾਲ ਕਰਕੇ ਫੌਜ ਦੀ ਟੁਕੜੀ ਨੂੰ 3.7 ਮੀਟਰ ਦਾ ਸਾਫ-ਸੁਥਰਾ ਰਾਹ ਮੁਹੱਈਆ ਕਰਵਾਉਂਦਾ ਹੈ।
ਇਸੇ ਤਰ੍ਹਾਂ ਭਾਰਤ ਵੱਲੋਂ ਤਿਆਰ ਕੀਤਾ ਬੀਐੱਮਪੀ-2 ਟੈਂਕ ਪਾਣੀ ’ਤੇ ਚੱਲਣ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਬੀਐੱਮਪੀ-2 ਸਮਤਲ ਜ਼ਮੀਨ ’ਤੇ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇ ਪਾਣੀ ਵਿੱਚ 25 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜਦਾ ਹੈ।
ਇਸ ਤੋਂ ਇਲਾਵਾ ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਗਤਕੇ ਦੀ ਟੀਮ ਨੇ ਵੀ ਆਪਣੇ ਜੌਹਰ ਦਿਖਾਏ। ਇਸ ਤੋਂ ਇਲਾਵਾ ਭੰਗੜੇ ਅਤੇ ਗਿੱਧੇ ਦੀਆਂ ਟੀਮਾਂ ਨੇ ਵੀ ਰੰਗ ਬੰਨ੍ਹਿਆ।
ਭਾਰਤੀ ਫੌਜ ਦੇ ਹਥਿਆਰਾਂ ਵਿੱਚ 7.62 ਐੱਮਐੱਮ ਨੈਗੇਵ ਐੱਲਐੱਮਜੀ ਹੋਈ ਸ਼ਾਮਲ
ਇਜ਼ਰਾਈਲ ਵੱਲੋਂ ਤਿਆਰ ਕੀਤੀ ਗਈ 7.62 ਐੱਮਐੱਮ ਨੈਗੇਵ ਐੱਲਐੱਮਜੀ ਨੂੰ ਬੀਤੇ ਸਾਲ ਹੀ ਭਾਰਤੀ ਫੌਜ ਦੇ ਹਥਿਆਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਫੌਜ ਦੇ ਜਵਾਨ ਨੇ ਦੱਸਿਆ ਕਿ ਇਸ ਨਾਲ 800 ਮੀਟਰ ਦੀ ਰੇਂਜ ਵਿੱਚ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ 600 ਤੋਂ 800 ਗੋਲੀਆਂ ਚਲਾਈਆਂ ਜਾ ਸਕਦੀਆਂ ਹਨ।