ਵਾਸ਼ਿੰਗਟਨ, 3 ਦਸੰਬਰ
ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਭਾਰਤ ਦੇ ਜੀ-20 ਏਜੰਡੇ ਨੂੰ ਪੂਰੀ ਹਮਾਇਤ ਦਿੱਤੀ ਹੈ। ਆਈਐੱਮਐੱਫ ’ਚ ਰਣਨੀਤਕ ਅਤੇ ਨੀਤੀਗਤ ਸਮੀਖਿਆ ਵਿਭਾਗ ਦੀ ਡਾਇਰੈਕਟਰ ਸੇਯਲਾ ਪਜ਼ਾਰਬਾਸਿਓਗਲੂ ਨੇ ਕਿਹਾ ਕਿ ਭਾਰਤ ਨੇ ਵਧੇਰੇ ਖੁਸ਼ਹਾਲ ਭਵਿੱਖ ਲਈ ਸਾਂਝੇ ਏਜੰਡੇ ਦੀ ਵਕਾਲਤ ਕੀਤੀ ਹੈ। ਸੇਯਲਾ ਨੇ ਭਾਰਤ ਅਤੇ ਚੀਨ ਦੇ ਅਗਲੇ ਹਫ਼ਤੇ ਦੇ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਭਾਰਤ ਚੱਲ ਰਹੇ ਆਲਮੀ ਸੰਕਟਾਂ ਨੂੰ ਇਕ ਮੌਕੇ ਵਜੋਂ ਵਰਤਦਿਆਂ ਉਨ੍ਹਾਂ ਦੇ ਨਿਬੇੜੇ ਲਈ ਸਰਬਸੰਮਤੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਨ੍ਹਾਂ ’ਤੇ ਫੌਰੀ ਧਿਆਨ ਦੇਣ ਦੀ ਲੋੜ ਹੈ।’’ ਸੇਯਲਾ ਨੇ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਕਾਰਨ ਪੈਦਾ ਹੋਏ ਭੋਜਨ ਅਤੇ ਊਰਜਾ ਸੰਕਟਾਂ ਵੱਲ ਵੀ ਸੰਕੇਤ ਕੀਤਾ। ਆਈਐੱਮਐੱਫ ਦੀ ਅਧਿਕਾਰੀ ਨੇ ਕਿਹਾ ਕਿ ਭਾਰਤ ਦੀ ਜੀ-20 ਪ੍ਰਧਾਨਗੀ ਦਾ ਉਦੇਸ਼ ‘ਇਕ ਧਰਤ, ਇਕ ਪਰਿਵਾਰ, ਇਕ ਭਵਿੱਖ’ ਹੈ ਜਿਸ ਦਾ ਮਤਲਬ ਹੈ ਕਿ ਭਾਰਤ ਮੱਤਭੇਦਾਂ ਨੂੰ ਦਰਕਿਨਾਰ ਕਰਨ ’ਤੇ ਜ਼ੋਰ ਦੇ ਰਿਹਾ ਹੈ ਤਾਂ ਜੋ ਸਥਾਨਕ, ਸੰਘੀ ਅਤੇ ਕੌਮਾਂਤਰੀ ਪੱਧਰ ’ਤੇ ਰਲ ਕੇ ਕੰਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਨੇ ਇੰਡੋਨੇਸ਼ੀਆ ਦੇ ਬਾਲੀ ’ਚ ਜੀ-20 ਐਲਾਨਨਾਮੇ ’ਚ ਅਹਿਮ ਭੂਮਿਕਾ ਨਿਭਾਈ ਜਿਸ ’ਚ ਯੂਕਰੇਨ ’ਚ ਜੰਗ ਦੀ ਸਖ਼ਤ ਨਿਖੇਧੀ ਵੀ ਕੀਤੀ ਗਈ। -ਪੀਟੀਆਈ