9 C
Patiāla
Saturday, December 14, 2024

‘ਮਿੱਤਰਾਂ ਦੇ ਘਰ’ ਨੂੰ ਚੜ੍ਹਿਆ ਪੰਜਾਬੀਅਤ ਦਾ ਰੰਗ

Must read


ਲਖਵਿੰਦਰ ਸਿੰਘ ਰਈਆ

ਫਿਰਨਾ ਤੁਰਨਾ ਤੇ ਗੱਲਬਾਤ ਦੀ ਆਪਸੀ ਸਾਂਝ ਪਾਉਣੀ ਮਨੁੱਖ ਦੀ ਹਮੇਸ਼ਾਂ ਫ਼ਿਤਰਤ ਰਹੀ ਹੈ। ਆਪਣੇ ਹਾਣ ਦੇ ਟੋਲੇ ਨਾਲ ਘੁੰਮਣ ਫਿਰਨ ਤੇ ਗੱਪਸ਼ੱਪ ਮਾਰਨ ਦਾ ਆਪਣਾ ਵੱਖਰਾ ਹੀ ਨਜ਼ਾਰਾ ਹੁੰਦਾ ਹੈ। ਖ਼ਾਸ ਕਰਕੇ ਉਹ ਪ੍ਰੋਢ ਲੋਕ ਜਿਨ੍ਹਾਂ ਨੇ ਜੀਵਨ ਦੇ ਖੱਟੇ ਮਿੱਠੇ ਅਨੁਭਵਾਂ ਵਿੱਚੋਂ ਗੁਜ਼ਰਦਿਆਂ ਕਾਫ਼ੀ ਉਮਰ ਹੰਢਾ ਲਈ ਹੁੰਦੀ ਹੈ। ਇਸ ਪ੍ਰੋਢ ਉਮਰ ਵਿੱਚ ਕੁਝ ਮਾਯੂਸੀ ਵੀ ਜ਼ਰੂਰ ਆ ਹੀ ਜਾਂਦੀ ਹੈ। ਇਸ ਮਾਯੂਸੀ ਨੂੰ ਦੂਰ ਕਰਨ ਤੇ ਹੁਲਾਸ ਦਾ ਰੰਗ ਭਰਨਾ ਇੱਕ ਪਰਉਪਕਾਰੀ ਕਰਮ ਹੋ ਨਿੱਬੜਦਾ ਹੈ।

ਇਸ ਪਰਉਪਕਾਰ ਲਈ ਸਿੱਖ ਐਸੋਸੀਏਸ਼ਨ ਆਸਟਰੇਲੀਆ ਸੀਨੀਅਰ ਸਿਟੀਜ਼ਨਾਂ ਵਿੱਚ ਤਾਜ਼ਗੀ ਭਰਨ ਲਈ ਉਨ੍ਹਾਂ ਨੂੰ ਸਮੂਹਿਕ ਰੂਪ ਵਿੱਚ ਘੁਮਾਉਣ ਫਿਰਾਉਣ ਲਈ ਵੱਖ ਵੱਖ ਥਾਵਾਂ ’ਤੇ ਸਮੇਂ ਸਮੇਂ ’ਤੇ ਸੁਚੱਜਾ ਪ੍ਰਬੰਧ ਕਰਦੀ ਹੀ ਰਹਿੰਦੀ ਹੈ। ਇਸ ਵਾਰ ਸੰਸਥਾ ਵੱਲੋਂ ਡਾਇਰੈਕਟਰ ਸੀਨੀਅਰ ਸਿਟੀਜਨ ਵਿੰਗ ਹਰਕਮਲਜੀਤ ਸਿੰਘ ਸੈਣੀ, ਕੋਆਰਡੀਨੇਟਰ ਜੋਗਿੰਦਰ ਸਿੰਘ ਜਗਰਾਉਂ , ਕੋਆਰਡੀਨੇਟਰ ਕੁਲਦੀਪ ਕੌਰ ਪੂਨੀ, ਮਨਮੋਹਨ ਸਿੰਘ ਪੂਨੀ, ਸੰਤੋਖ ਸਿੰਘ, ਕੁਲਦੀਪ ਸਿੰਘ ਜੋਹਲ, ਹਰਚਰਨ ਸਿੰਘ ਭੋਲਾ, ਰਣਜੀਤ ਸਿੰਘ ਬਨਵੈਤ, ਪਰਮਜੀਤ ਕੌਰ ਕਲਸੀ ਤੇ ਗੁਰਦੁਆਰਾ ਮੈਨੇਜਿੰਗ ਕਮੇਟੀ ਗਲੈਨਵੁੱਡ ਦੀ ਯੋਗ ਅਗਵਾਈ ਵਿੱਚ ਫਾਅਗਨ ਪਾਰਕ ਦਾ ਤੋਰਾ ਫੇਰਾ ਮਾਰਨ ਦਾ ਸਬੱਬ ਬਣਾਇਆ ਗਿਆ ਤਾਂ ਕਿ ਸੀਨੀਅਰ ਸਿਟੀਜਨ ਵੀ ਕੁਝ ਸੁਖ਼ਦ ਪਲ ਮਾਣ ਸਕਣ।

ਗਲੈਨ ਵੁੱਡ ਸਿਡਨੀ ਗੁਰਦੁਆਰਾ ਸਾਹਿਬ ਤੋਂ ਲੰਗਰ ਛਕਣ ਤੋਂ ਬਾਅਦ ਦੋ ਲਗਜ਼ਰੀ ਬੱਸਾਂ ਤੇ ਵੈਨਾਂ ਰਾਹੀਂ ਪੌਣੋ ਦੋ ਸੌ ਦੇ ਕਰੀਬ ਸੀਨੀਅਰ ਸਿਟੀਜਨਜ਼ ਨੂੰ ਫਾਅਗਨ ਪਾਰਕ (ਸਿਡਨੀ) ਪਹੁੰਚਾਇਆ ਗਿਆ। ਉੱਥੇ ਇਨ੍ਹਾਂ ਬਜ਼ੁਰਗਾਂ ਨੇ ਫਾਅਗਨ ਪਰਿਵਾਰ ਦੇ ਵਿਰਾਸਤੀ ਘਰ ਨੂੰ ਵੇਖਣ ਤੇ ਮਾਣਨ ਲਈ ਵੱਖ ਵੱਖ ਟੋਲਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਤਾਂ ਕਿ ਭੀੜ ਭੜੱਕੇ/ ਰੌਲੇ ਗੌਲੇ ਦੀ ਥਾਂ ਸ਼ਾਂਤੀ ਨਾਲ ਇਸ ਵਿਰਾਸਤੀ ਘਰ ਨੂੰ ਵੇਖਿਆ ਜਾ ਸਕੇ। ਇੱਥੇ ਕੁਝ ਗੋਰੇ ਵਲੰਟੀਅਰ ਗਾਈਡ ਦੇ ਤੌਰ ’ਤੇ ਇਸ ਘਰ ਵਿੱਚ ਪਈਆਂ ਵਿਰਾਸਤੀ ਵਸਤੂਆਂ ਬਾਰੇ ਬੜੀ ਬਾਰੀਕੀ ਨਾਲ ਸਮਝਾ ਰਹੇ ਸਨ। ਵੈਸੇ ਵੀ ਘਰ ਪਰਿਵਾਰ, ਖੇਤੀ-ਬਾਗਬਾਨੀ ਕਰਨ ਦੇ ਸੰਦ, ਮਕੈਨੀਕਲ ਦੇ ਔਜ਼ਾਰ, ਆਵਾਜਾਈ ਲਈ ਵਰਤੇ ਜਾਂਦੇ ਸਾਧਨ (ਬੱਘੀਆਂ, ਜੀਪਾਂ, ਕਾਰਾਂ ਆਦਿ), ਹੈਂਡ ਪੰਪ ਤੇ ਪੌਣ ਪੱਖਿਆਂ ਦੀ ਮਦਦ ਨਾਲ ਚੱਲਣ ਵਾਲੇ ਪੰਪ ਆਦਿ ਵਿਰਾਸਤੀ ਵਸਤਾਂ ਆਸਟਰੇਲੀਆ ਦੇ ਅਤੀਤ ਦੀ ਝਲਕ ਦਿਖਾਉਂਦੇ ਹਨ।

ਫਾਅਗਨ ਪਾਰਕ ਕਰੀਬ 55 ਹੈਕਟਰ ਵਿੱਚ ਫੈਲੀ ਹੋਈ ਹੈ। ਇਸ ਖੇਤਰ ਵਿੱਚ ਆਇਰਲੈਂਡ ਦਾ ਫਾਅਗਨ ਪਰਿਵਾਰ 1840 ਵਿੱਚ ਆਸਟਰੇਲੀਆ ਆਣ ਵੱਸਿਆ ਸੀ। ਇਸ ਪਰਿਵਾਰ ਨੇ ਉਸ ਸਮੇਂ ਦਾ ਆਲੀਸ਼ਾਨ ਘਰ ਬਣਾਇਆ। 1980 ਵਿੱਚ ਇਸ ਪਰਿਵਾਰ ਦੇ ਵਾਰਸਾਂ ਨੇ ਘਰ ਤੇ ਵਸਤਾਂ ਸਮੇਤ ਇਸ ਖੇਤਰ ਨੂੰ ਵਿਰਾਸਤੀ ਅਮਾਨਤ ਵਜੋਂ ਵਿਕਸਤ ਕਰਨ ਲਈ ਇਹ ਜ਼ਮੀਨ ਦਾਨ ਕਰ ਦਿੱਤੀ ਸੀ ਤੇ 1988 ਵਿੱਚ ਸਥਾਨਕ ਕੌਂਸਲ ਨੇ ਇਸ ਨੂੰ ਖੂਬਸੂਰਤ ਬਣਾਉਣ ਦੇ ਯਤਨ ਆਰੰਭ ਦਿੱਤੇ, ਪਰ ਹੁਣ ਇਸ ਦੀ ਮੌਜੂਦਾ ਰੇਖ ਦੇਖ ‘ਫਰੈਂਡਜ਼ ਆਫ ਫਾਅਗਨ ਪਾਰਕ’ ਕਲੱਬ ਵੱਲੋਂ ਕੀਤੀ ਜਾ ਰਹੀ ਜੋ ‘ਮਿੱਤਰਾਂ ਦਾ ਘਰ’ ਵਜੋਂ ਜਾਣਿਆ ਜਾਂਦਾ ਹੈ।

ਦਰੱਖਤਾਂ ਤੇ ਘਾਹ ਦੀ ਦਿਲ ਖਿੱਚਵੀਂ ਹਰਿਆਵਲ, ਖਿੜੀ ਧੁੱਪ ਤੇ ਠੰਢੀ ਰੁਮਕਦੀ ਪੌਣ ਆਪਣਾ ਵੱਖਰੀ ਤਰ੍ਹਾਂ ਦਾ ਮਨਮੋਹਕ ਦ੍ਰਿਸ਼ ਸਿਰਜਦੀ ਹੈ। ਇਹ ਦ੍ਰਿਸ਼ ਇੱਥੇ ਆਉਣ ਵਾਲੇ ਹਰ ਵਿਅਕਤੀ ’ਤੇ ਜਾਦੂਮਈ ਰੰਗ ਵਿਖਾਉਂਦਾ ਹੈ। ਸੋ ਕੁਝ ਸਾਥੀ ਇਸ ਖੇਤਰ ਦੇ ਮਨਮੋਹਕ ਦ੍ਰਿਸ਼ਾਂ ਦਾ ਨਜ਼ਾਰਾ ਮਾਣਨ ਲਈ ਨਿਕਲ ਤੁਰੇ ਤੇ ਕੁਝ ਗੱਪਸ਼ੱਪ ਮਾਰਨ ਲਈ ਮਹਿਫ਼ਲਾਂ ਲਾ ਕੇ ਬੈਠ ਗਏ। ‘ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਬੋਲੀ ਮੈਂ ਪਾਵਾਂ, ਨੱਚ ਗਿੱਧੇ ਵਿੱਚ ਤੂੰ’ ਅਨੁਸਾਰ ਬਹੁਤਿਆਂ ਨੇ ਆਪਣੇ ਆਪਣੇ ਪਿੜ ਮੱਲ ਲਏ। ਪੰਜਾਬੀ ਗੀਤਾਂ ਦੇ ਬੋਲਾਂ ਨਾਲ ਸੰਗੀਤਮਈ ਫ਼ਿਜ਼ਾ ਰੁਮਕਣ ਲੱਗ ਪਈ। ਪੰਜਾਬੀਅਤ ਦੀ ਪ੍ਰੋਢ ਢਾਣੀ ਦੇ ਇਸ ਫੇਰੇ ਤੋਰੇ ਨੇ ਪੰਜਾਬੀ ਵਿਰਾਸਤੀ ਸੱਭਿਆਚਾਰ ਦੇ ਮਿੰਨੀ ਮੇਲੇ ਦਾ ਮਾਹੌਲ ਬਣਾ ਕੇ ਗੋਰਿਆਂ ਦੇ ਮਿੱਤਰ ਘਰ ਨੂੰ ਪੰਜਾਬੀਅਤ ਦੇ ਰੰਗ ਵਿੱਚ ਰੰਗ ਦਿੱਤਾ। ਯਾਨੀ ਇੱਥੇ ਗੀਤ, ਸੰਗੀਤ, ਬੋਲੀਆਂ ਨਾਲ ਗਿੱਧੇ ਤੇ ਭੰਗੜੇ ਨੇ ਪਿੜ ਮੱਲੇ ਤੇ ਹਾਸੇ ਠੱਠੇ ਵੀ ਪੂਰੇ ਚੱਲੇ। ਗਿਆਨੀ ਸੰਤੋਖ ਸਿੰਘ ਦੀ ਆਮਦ ਨੇ ਇਸ ਮੇਲੇ ਦੇ ਰੰਗ ਨੂੰ ਹੋਰ ਵੀ ਗੂੜ੍ਹਾ ਕਰ ਦਿੱਤਾ। ਬੁੱਢਿਆਂ ਠੇਰਿਆਂ ਵਿੱਚ ਬੁਢਾਪੇ ਦੀਆਂ ਦੁੱਖ ਤਕਲੀਫ਼ਾਂ/ ਸਮੱਸਿਆਵਾਂ ਮੰਨੋਂ ਖੰਭ ਲਾ ਕੇ ਹੀ ਉੱਡ ਗਈਆਂ ਹੋਣ। ਆਪਣੀ ਆਪਣੀ ਜਵਾਨੀ ਵੇਲੇ ਦੀਆਂ ਮਿੱਠੀਆਂ ਨਿੱਘੀਆਂ ਯਾਦਾਂ ਨਾਲ ਮਾਹੌਲ ਪੂਰੀ ਤਰ੍ਹਾਂ ਰੁਮਾਂਚਕ ਹੋ ਉੱਠਿਆ ਸੀ। ਬੀਬੀ ਸ਼ਲਿੰਦਰ ਕੌਰ ਛਿੰਦੀ, ਗੁਰਜੀਤ ਕੌਰ ਪੱਡਾ ਤੇ ਸੁਖਵਿੰਦਰ ਕੌਰ ਆਹੀਂ, ਮੁਕੰਦ ਸਿੰਘ ਬਰਨਾਲਾ, ਮਨਮੋਹਨ ਸਿੰਘ ਵਾਲੀਆ, ਸਤਨਾਮ ਸਿੰਘ ਗਿੱਲ, ਜੀਵਨ ਸਿੰਘ ਦੋਸਾਂਝ, ਜੋਗਿੰਦਰ ਸਿੰਘ ਸੋਹੀ, ਬਲਜਿੰਦਰ ਸਿੰਘ ਅਜਨਾਲਾ ਅਤੇ ਲਖਵਿੰਦਰ ਸਿੰਘ ਚਾਹਲ ਆਦਿ ਨੇ ਇਸ ਰੌਣਕ ਮੇਲੇ ਦੀ ਰੌਣਕ ਨੂੰ ਵਧਾਉਣ ਵਿੱਚ ਤਨੋਂ ਮਨੋਂ ਯੋਗਦਾਨ ਪਾਇਆ।

ਗੁਰਦੁਆਰਾ ਸਾਹਿਬ ਵੱਲੋਂ ਪਹੁੰਚਾਏ ਗਏ ਲੰਗਰ ਨੂੰ ਇੱਥੇ ਵੀ ਛਕਿਆ ਗਿਆ। ਇਸ ਤੋਂ ਬਾਅਦ ਫਿਰ ਮਹਿਫ਼ਲਾਂ ਜੁੜ ਗਈਆਂ। ਵੈਸੇ ਵੀ ਸਮਾਂ ਰੁਕਦਾ ਨਹੀਂ, ਪਰ ਇਸ ਰੰਗੀਨ ਸਮੇਂ ਘੜੀਆਂ ਦੀਆਂ ਸੂਈਆਂ ਆਮ ਨਾਲੋਂ ਕੁਝ ਜ਼ਿਆਦਾ ਹੀ ਤੇਜ਼ ਦੌੜੀਆਂ ਜਾਂਦੀਆਂ ਜਾਪਦੀਆਂ ਸਨ। ਢਲੇ ਸੂਰਜ ਤੇ ਰੁੱਖਾਂ ਦੇ ਲੰਮੇ ਹੁੰਦੇ ਪਰਛਾਵਿਆਂ ਨੇ ਮੌਜ ਮਸਤੀ ਕਰਦੇ ਪਰਿੰਦਿਆਂ ਨੂੰ ਆਪਣੇ ਆਪਣੇ ਆਲ੍ਹਣਿਆਂ ਵੱਲ ਕੂਚ ਕਰਨ ਦਾ ਸੰਦੇਸ਼ ਦੇ ਦਿੱਤਾ। ਆਖਰ ਤੁਰਨ ਦਾ ਵੇਲਾ ਆਇਆ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਪੰਜਾਬੀ ਘਰ/ਸਕੂਲ ਵਿੱਚ ਸੂਚਨਾ ਸੰਚਾਰ ਪ੍ਰਣਾਲੀ ਦੀਆਂ ਨਵੀਂ ਤਕਨੀਕਾਂ ਕੰਪਿਊਟਰ, ਪੰਜਾਬੀ ਸਿਖਾਉਣ ਅਤੇ ਸਿਹਤ ਸੰਭਾਲ ਲਈ ਪਹਿਲਾਂ ਤੋਂ ਹੀ ਲੱਗਦੀਆਂ ਕਲਾਸਾਂ ਦੀ ਖਾਸ ਕਰਕੇ ਯੋਗ ਬਾਰੇ ਜਾਣਕਾਰੀ ਵੀ ਦਿੱਤੀ ਗਈ ਤਾਂ ਕਿ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਿਆ ਜਾ ਸਕੇ ਤੇ ਬਜ਼ੁਰਗਾਂ ਨੂੰ ਸਿਹਤਮੰਦ ਜੀਵਨ ਗੁਜ਼ਾਰਦਿਆਂ ਜੀਵਨ ਬਤੀਤ ਕਰਨ ਦਾ ਮੌਕਾ ਮਿਲਦਾ ਰਹੇ।
ਸੰਪਰਕ: 61423191173



News Source link
#ਮਤਰ #ਦ #ਘਰ #ਨ #ਚੜਹਆ #ਪਜਬਅਤ #ਦ #ਰਗ

- Advertisement -

More articles

- Advertisement -

Latest article