ਮੁੰਬਈ, 1 ਦਸੰਬਰ
ਭਾਰਤ ਤੋਂ ਥਾਈਲੈਂਡ ਈ-ਵੀਜ਼ਾ ਆਨ ਅਰਾਈਵਲ ਲਈ ਦਰਖਾਸਤ ਕਰਨ ਵਾਲਿਆਂ ਦੀ ਗਿਣਤੀ ਇਸ ਸਾਲ ਮਾਰਚ ਤੋਂ ਅਕਤੂਬਰ ਦਰਮਿਆਨ ਸੱਤ ਗੁਣਾਂ ਵਧ ਗਈ ਹੈ। ਇਹ ਜਾਣਕਾਰੀ ਵੀਜ਼ੇ ਲਈ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਵਾਲੀ ਏਜੰਸੀ ਵੀਐੱਫਐੱਸ ਗਲੋਬਲ ਨੇ ਸਾਂਝੀ ਕੀਤੀ ਹੈ। ਵੀਐੱਫਐੱਸ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਥੋਂ ਥਾਈਲੈਂਡ ਦਾ ਮੌਕੇ ’ਤੇ ਵੀਜ਼ਾ ਲੈਣ ਲਈ ਆਨਲਾਈਨ ਦਰਖਾਸਤ ਕਰਨ ਵਾਲਿਆਂ ਦੀ ਗਿਣਤੀ ਵਿਚ ਭਾਰੀ ਉਛਾਲ ਆਇਆ ਹੈ। ਭਾਰਤ ਸਰਕਾਰ ਨੇ ਕਰੋਨਾ ਤੋਂ ਬਾਅਦ ਇਸ ਸਾਲ ਮਾਰਚ ਵਿਚ ਕੌਮਾਂਤਰੀ ਉਡਾਣਾਂ ਮੁੜ ਸ਼ੁਰੂ ਕੀਤੀਆਂ ਸਨ, ਉਸ ਵੇੇਲੇ ਤੋਂ ਲੈ ਕੇ ਅਕਤੂਬਰ ਤਕ ਈ-ਵੀਜ਼ਾ ਲੈਣ ਵਾਲਿਆਂ ਦੀ ਗਿਣਤੀ ਸੱਤ ਗੁਣਾਂ ਵਧ ਗਈ ਹੈ। ਦੱਸਣਾ ਬਣਦਾ ਹੈ ਕਿ ਵੀਐੱਫਐੱਸ ਗਲੋਬਲ ਨੇ ਇਮੀਗਰੇਸ਼ਨ ਬਿਊਰੋ ਆਫ ਥਾਈਲੈਂਡ ਨਾਲ ਭਾਈਵਾਲੀ ਤਹਿਤ ਸਾਲ 2019 ਵਿਚ ਪਹੁੰਚਣ ਸਾਰ ਵੀਜ਼ਾ ਮਿਲਣ ਲਈ ਈ-ਵੀਜ਼ਾ ਸੇਵਾ ਸ਼ੁਰੂ ਕੀਤੀ ਸੀ। ਵੀਐੱਫਐੱਸ ਗਲੋਬਲ ਦੇ ਪਾਸਪੋਰਟ ਤੇ ਈ-ਵੀਜ਼ਾ ਦੇ ਸੀਓਓ ਨੋਇਲ ਸਵੈਨ ਨੇ ਦੱਸਿਆ ਕਿ ਈ-ਵੀਜ਼ਾ ਦਰਖਾਸਤ ਦੀ ਗਿਣਤੀ ਵਧ ਗਈ ਹੈ ਤੇ ਇਸ ਸੇਵਾ ਦੀ ਵਰਤੋਂ ਕਰਨ ਵਾਲਿਆਂ ਦੀ ਥਾਈਲੈਂਡ ਵਿਚ ਦਾਖਲ ਹੋਣ ਲਈ ਉਥੋਂ ਦੇ ਮੁੱਖ ਹਵਾਈ ਅੱਡਿਆਂ ’ਤੇ ਖੱਜਲ-ਖੁਆਰੀ ਬਚ ਜਾਂਦੀ ਹੈ।-ਪੀਟੀਆਈ