ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਨਵੰਬਰ
ਪਟਿਆਲਾ ਪੁਲੀਸ ਦੇ ਸੀਆਈਏ ਸਟਾਫ ਦੇ ਇੰਚਾਰਜ ਸ਼ਮਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਵੱਖ-ਵੱਖ ਕਾਰਵਾਈਆਂ ਵਿੱਚ ਚਾਰ ਵਿਅਕਤੀਆਂ ਨੂੰ ਛੇ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਇਹ ਜਾਣਕਾਰੀ ਐੱਸਐੱਸਪੀ ਵਰੁਣ ਸ਼ਰਮਾ ਤੇ ਐੱਸਪੀ (ਡੀ) ਹਰਬੀਰ ਅਟਵਾਲ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਪਹਿਲੀ ਕਾਰਵਾਈ ਵਿੱਚ ਫੜੇ ਗਏ ਦੋ ਮੁਲਜ਼ਮਾਂ ਦੀ ਪਛਾਣ ਰਵਿੰਦਰ ਵਿੰਦਾ ਗੁੱਜਰ ਵਾਸੀ ਚਪਰਾਹੜ ਅਤੇ ਗੁਰਵਿੰਦਰ ਸਿੰਘ ਗੁੰਦਰ ਵਾਸੀ ਪਸਿਆਣਾ ਵਜੋਂ ਹੋਈ ਹੈ। ਉਨ੍ਹਾਂ ਖ਼ਿਲਾਫ਼ ਥਾਣਾ ਬਖਸ਼ੀਵਾਲਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸੀਈਏ ਦੀ ਹੀ ਟੀਮ ਵੱਲੋਂ ਇਕ ਵੱਖਰੀ ਕਾਰਵਾਈ ਵਿੱਚ ਜਮਸ਼ੇਦ ਅਲੀ ਅਤੇ ਅਰਮਾਨ ਅਲੀ ਨੂੰ ਦੋ ਪਿਸਤੌਲਾਂ ਸਮੇਤ ਕਾਬੂ ਕੀਤਾ ਗਿਆ ਹੈ।