24.3 C
Patiāla
Wednesday, April 24, 2024

ਸੁਰੰਗਾਂ ਦਾ ਦੇਸ਼ ਨੌਰਵੇ

Must read


ਮਨਦੀਪ ਸਿੰਘ ਪੂਨੀਆ

ਯੂਰਪ ਦੀ ਬੁੱਕਲ ਵਿੱਚ ਘੁੱਗ ਵੱਸਦਾ ਦੇਸ ਨੌਰਵੇ ਜਿਸ ਦੀ ਸ਼ਾਂਤੀ, ਸੁਹੱਪਣ ਅਤੇ ਸੋਹਣੇ ਪਰਬਤ ਤੇ ਵਾਦੀਆਂ ਯਾਤਰੀਆਂ ਲਈ ਖਿੱਚ ਦਾ ਕੇਂਦਰ ਬਣਦੇ ਹਨ। ਸਰਦੀਆਂ ਦੀ ਰੁੱਤੇ ਹਰੀਆਂ ਅਸਮਾਨੀ ਲਾਈਟਾਂ, ਜਿਨ੍ਹਾਂ ਨੂੰ ਨੌਰਥਨ ਲਾਈਟਸ ਵੀ ਕਿਹਾ ਜਾਂਦਾ ਹੈ, ਨਾਲ ਜਗਮਗਾਉਣ ਵਾਲੀ ਇਹ ਧਰਤੀ ਅਨੇਕਾਂ ਵਾਰ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਦਾ ਰੁਤਬਾ ਹਾਸਲ ਕਰ ਚੁੱਕੀ ਹੈ।

ਜਿਸ ਤਰ੍ਹਾਂ ਪੰਜਾਬੀ ਦੀ ਕਹਾਵਤ ਹੈ ਕਿ ‘ਪਿੰਡ ਦਾ ਗੁਹਾਰਿਆਂ ਤੋਂ ਪਤਾ ਲੱਗ ਜਾਂਦਾ ਹੈ।’ ਉਸੇ ਤਰ੍ਹਾਂ ਨੌਰਵੇ ਦੀਆਂ ਪਰਬਤਾਂ ਨੂੰ ਚੀਰਦੀਆਂ ਸੜਕਾਂ ਅਤੇ ਸੜਕੀ ਸੁਰੰਗਾਂ ਇਸ ਦੀ ਵਿਲੱਖਣਤਾ ਹਨ, ਜਿਨ੍ਹਾਂ ਵਿੱਚ ਨੌਰਵੇ ਨੂੰ ਅੰਤਾਂ ਦੀ ਮੁਹਾਰਤ ਹਾਸਲ ਹੈ। ਉਸ ਦੀ ਇਸ ਮੁਹਾਰਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 385,207 ਵਰਗ ਕਿਲੋਮੀਟਰ ਵਾਲੇ ਦੇਸ਼ ਵਿੱਚ ਕੁਲ 1164 ਸੜਕੀ ਸੁਰੰਗਾਂ ਹਨ। ਰਾਜਧਾਨੀ ਓਸਲੋ ਵਿੱਚ ਤਾਂ ਜਿਵੇਂ ਸੁਰੰਗਾਂ ਦਾ ਜਾਲ ਹੀ ਬੁਣਿਆ ਹੋਵੇ। ਨੌਰਵੇ ਵਿੱਚ ਹਰ ਸਾਲ ਤਕਰੀਬਨ 70 ਕਿਲੋਮੀਟਰ ਪਰਬਤਾਂ ਨੂੰ ਚੀਰਿਆ ਜਾਂਦਾ ਹੈ ਭਾਵ ਸੁਰੰਗਾਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਦਾ ਉਦੇਸ਼ ਸੜਕੀ ਆਵਾਜਾਈ ਦੌਰਾਨ ਖ਼ਰਚੇ ਅਤੇ ਸਮੇਂ ਦੀ ਬੱਚਤ ਕਰਨਾ ਹੈ। ਸਾਲ 1890 ਵਿੱਚ ਪੁਰਾਣੀ ਰਾਜਧਾਨੀ ਬਰਗਨ ਦੇ ਇਲਾਕੇ ਵਿੱਚ ਸਭ ਤੋਂ ਪਹਿਲੀ ਸੜਕੀ ਸੁਰੰਗ ਬਣਾਈ ਗਈ ਸੀ ਜਿਸ ਦੀ ਲੰਬਾਈ 24 ਮੀਟਰ ਸੀ।

ਹੁਣ ਗੱਲ ਕਰਦੇ ਹਾਂ ਸੰਸਾਰ ਦੀ ਸਭ ਤੋਂ ਲੰਮੀ ਸੜਕੀ ਸੁਰੰਗ ਦੀ ਜੋ ਕਿ 1995 ਤੋਂ 2000 ਦੇ ਸਮੇਂ ਵਿੱਚ ਬਣੀ। ਇਹ ਨੌਰਵੇ ਦੇ ਪੱਛਮ ਵਿੱਚ ਹੈ ਜਿਸ ਨੂੰ ‘ਲਾਰਦਾਲ ਟਨਲ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਨਵੀਂ ਰਾਜਧਾਨੀ ਓਸਲੋ ਅਤੇ ਪੁਰਾਣੀ ਰਾਜਧਾਨੀ ਬਰਗਨ ਦੀ ਆਪਸੀ ਦੂਰੀ ਨੂੰ ਘੱਟ ਕਰਦੀ ਇਸ ਟਨਲ ਦੀ ਲੰਬਾਈ 24,510 ਮੀਟਰ ਅਤੇ ਚੌੜਾਈ 9 ਮੀਟਰ ਹੈ। ਇਸ ਸੁਰੰਗ ਨੂੰ ਬਣਾਉਣ ਲਈ 2.5 ਮਿਲੀਅਨ ਕਿਊਬਕ ਮੀਟਰ ਪੱਥਰਾਂ ਨੂੰ ਚੀਰਿਆ ਗਿਆ ਸੀ। ਦਸ ਹਜ਼ਾਰ ਮੀਟਰ ਤੋਂ ਉੱਪਰ ਲੰਬੀਆਂ ਸੁਰੰਗਾਂ ਦੀ ਲੜੀ ਵਿੱਚ ਰੀਫਿਲਕੇ ਟਨਲ, ਗੁਦਵੰਗਾਂ ਟਨਲ, ਫੁਲਗੇਫੋਨ ਟਨਲ ਆਦਿ ਵਰਗੀਆਂ ਅਨੇਕਾਂ ਸੜਕੀ ਸੁਰੰਗਾਂ ਹਨ।

ਜੇਕਰ ਸੰਸਾਰ ਦੀਆਂ ਸਭ ਤੋਂ ਲੰਬੀਆਂ ਸੜਕੀ ਸੁਰੰਗਾਂ ਦੀ ਗੱਲ ਕਰੀਏ ਤਾਂ ਲਾਰਦਾਲ ਟਨਲ ਤੋਂ ਬਾਅਦ ਚੀਨ ਦੀਆਂ ਸੜਕੀ ਸੁਰੰਗਾਂ ਦਾ ਨਾਮ ਆਉਂਦਾ ਹੈ ਜਿਨ੍ਹਾਂ ਵਿੱਚ ਜਾਮਾਤੇ ਟਨਲ ਹੈ ਜੋ 18,200 ਮੀਟਰ ਲੰਮੀ, ਜੌਗਾਨਾਸਾਨ ਟਨਲ 18040 ਮੀਟਰ ਅਤੇ ਜਿੰਗਪਿੰਗਸਾਨਟਨਲ 17,483 ਮੀਟਰ ਲੰਬੀ ਹੈ।

ਲਾਰਦਾਲ ਟਨਲ ਵਿੱਚ ਸੁਰੱਖਿਆ ਦੇ ਕਾਫ਼ੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਕਿਸੇ ਵੀ ਸੜਕ ਦੁਰਘਟਨਾ ਜਾਂ ਅੱਗ ਲੱਗਣ ਵਰਗੀਆਂ ਘਟਨਾਵਾਂ ਦੀ ਸਥਿਤੀ ਨਾਲ ਨਜਿੱਠਣ ਲਈ ਹਰ 250 ਮੀਟਰ ਉੱਪਰ ਐਮਰਜੈਂਸੀ ਟੈਲੀਫੋਨ ਬੂਥ ਲੱਗੇ ਹਨ, ਜਿਨ੍ਹਾਂ ਦਾ ਐਮਰਜੈਂਸੀ ਕੰਟਰੋਲ ਸੈਂਟਰ ਨਾਲ ਸਿੱਧਾ ਸਬੰਧ ਹੈ। ਅੱਗ ਲੱਗਣ ਦੀ ਸਥਿਤੀ ਵਿੱਚ ਹਰ 125 ਮੀਟਰ ਉੱਪਰ ਅੱਗ ਬੁਝਾਊ ਯੰਤਰ ਰੱਖੇ ਗਏ ਹਨ। ਐਮਰਜੈਂਸੀ ਹਾਲਾਤ ਵਿੱਚ ਜਦੋਂ ਐਮਰਜੈਂਸੀ ਟੈਲੀਫੋਨ ਬੂਥ ਵਰਤੋਂ ਵਿੱਚ ਹੁੰਦਾ ਹੈ ਤਾਂ ਸੁਰੰਗ ਵਿੱਚ ਲੱਗੇ ਇਲੈਕਟ੍ਰੌਨਿਕ ਬੋਰਡ ‘ਵਾਪਸ ਜਾਓ ਅਤੇ ਪਿੱਛੇ ਮੁੜੋ’ ਦਾ ਸੰਦੇਸ਼ ਆਪਣੇ ਆਪ ਦੇਣ ਲੱਗ ਜਾਂਦੇ ਹਨ ਅਤੇ ਅੰਦਰ ਜਾਂ ਅੰਦਰ ਆਉਣ ਵਾਲੀਆਂ ਗੱਡੀਆਂ ਲਈ ਸੁਰੱਖਿਆ ਸੁਵਿਧਾ ਬਣ ਜਾਂਦੇ ਹਨ। ਇਸ ਤੋਂ ਇਲਾਵਾ ਸੁਰੰਗ ਵਿੱਚ ਟੈਲੀਫੋਨ ਅਤੇ ਰੇਡੀਓ ਰੇਂਜ ਦੀ ਫੁੱਲ ਸੁਵਿਧਾ ਹੈ ਭਾਵ ਸੁਰੰਗ ਵਿੱਚੋਂ ਲੰਘਣ ਸਮੇਂ ਨੈੱਟਵਰਕ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਂਦੀ।

ਸਪੀਡ ਲਿਮਟ ਦੀ ਗੱਲ ਕੀਤੀ ਜਾਵੇ ਤਾਂ ਇਸ ਅੰਦਰ ਆਧੁਨਿਕ ਤਕਨੀਕ ਵਾਲੇ ਚਾਰ ਕੈਮਰੇ ਲਗਾਏ ਗਏ ਹਨ। ਇਹ ਚਾਰੋ ਕੈਮਰੇ ਸਿਰਫ਼ ਸੁਰੰਗ ਐਂਟਰੀ ਜਾਂ ਨਿਕਲਣ ਸਮੇਂ ਹੀ ਲਗਾਏ ਗਏ ਹਨ ਜੋ 80 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨੂੰ ਵੱਖਰੇ ਤਰੀਕੇ ਨਾਲ ਕੰਟਰੋਲ ਕਰਦੇ ਹਨ। ਭਾਵ ਵਾਹਨ ਦੇ ਐਂਟਰ ਹੋਣ ਸਮੇਂ ਇੱਕ ਤਸਵੀਰ ਲੈ ਲੈਂਦੇ ਹਨ ਅਤੇ ਦੂਸਰੀ ਤਸਵੀਰ ਬਾਹਰ ਨਿਕਲਦੇ ਸਮੇਂ ਲੈਂਦੇ ਹਨ ਅਤੇ ਅੰਦਰ ਵੜਨ ਅਤੇ ਬਾਹਰ ਨਿਕਲਣ ਦੇ ਵਿਚਕਾਰਲੇ ਸਮੇਂ ਨੂੰ ਕੈਲਕੂਲੇਟ ਕਰਕੇ ਸਪੀਡ ਦਾ ਅੰਦਾਜ਼ਾ ਲਗਾ ਲੈਂਦੇ ਹਨ। ਸੁਰੰਗ ਵਿੱਚ ਕਈ ਜਗ੍ਹਾ ਉੱਪਰ ਖੁੱਲ੍ਹੇ ਸਪਾਟ ਬਣਾਏ ਗਏ ਹਨ ਜਿਨ੍ਹਾਂ ਵਿੱਚ ਚਿੱਟੀਆਂ, ਨੀਲੀਆਂ ਅਤੇ ਪੀਲੀਆਂ ਲਾਈਟਾਂ ਲਗਾਈਆਂ ਗਈਆਂ ਹਨ ਜੋ ਕਿ ਦਿਨ ਦੀ ਰੌਸ਼ਨੀ ਅਤੇ ਸਵੇਰ ਦੀ ਰੌਸ਼ਨੀ ਦਾ ਅਹਿਸਾਸ ਕਰਵਾਉਂਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਖੁੱਲ੍ਹੇ ਸਪਾਟਾਂ ਨੂੰ ਰੁਕਣ ਜਾਂ ਆਰਾਮ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ।

ਵਿਸ਼ਵ ਦੀ ਸਭ ਤੋਂ ਲੰਬੀ ਸੁਰੰਗ ਲਾਰਦਾਲ ਟਨਲ ਦਾ ਦ੍ਰਿਸ਼ 

ਦੁਨੀਆ ਦੀ ਅਤੇ ਨੌਰਵੇ ਦੀ ਸਭ ਤੋਂ ਲੰਮੀ ਇਸ ਸੜਕ ਸੁਰੰਗ ਨੂੰ ਬਣਾਉਣ ਲਈ ਤਕਰੀਬਨ 88,000 ਕਰੋੜ ਰੁਪਏ ਖ਼ਰਚਾ ਆਇਆ ਹੈ। ਇਸ ਤੋਂ ਬਾਅਦ ਨੌਰਵੇ ਇੱਕ ਹੋਰ ਸਭ ਤੋਂ ਲੰਬੀ ਸੁਰੰਗ ਬਣਾਉਣ ਲੱਗਾ ਹੈ ਜੋ 26.7 ਕਿਲੋਮੀਟਰ ਲੰਬੀ ਹੋਵੇਗੀ ਅਤੇ ਸਮੁੰਦਰ ਦੇ ਹੇਠਾਂ ਬਣੇਗੀ। ‘ਬੁਕਨਾਫਿਊਰ’ ਨਾਮ ਦੀ ਇਹ ਸੁਰੰਗ 2033 ਵਿੱਚ ਆਮ ਜਨਤਾ ਲਈ ਖੋਲ੍ਹ ਦਿੱਤੀ ਜਾਵੇਗੀ।
ਸੰਪਰਕ: 0047 463 19 763



News Source link
#ਸਰਗ #ਦ #ਦਸ਼ #ਨਰਵ

- Advertisement -

More articles

- Advertisement -

Latest article