39.1 C
Patiāla
Thursday, April 25, 2024

ਕਿਰਤ ਕਰਨੀ, ਵੰਡ ਛਕਣਾ ਅਤੇ ਨਾਮ ਜਪਣਾ ਦਾ ਸੰਤੁਲਨ ਹੋਣਾ ਜ਼ਰੂਰੀ

Must read


ਹਰਦਮ ਮਾਨ

ਸਰੀ: ਵੈਨਕੂਵਰ ਵਿਚਾਰ ਮੰਚ ਵੱਲੋਂ ‘ਜਪੁਜੀ ਸਾਹਿਬ’ ਦੀ ਸਾਰਥਿਕਤਾ ਨੂੰ ਅਜੋਕੇ ਪ੍ਰਸੰਗ ਵਿੱਚ ਪੇਸ਼ ਕਰਨ ਵਾਲੇ ਡਾ. ਕਮਲਜੀਤ ਸਿੰਘ ਟਿੱਬਾ ਨਾਲ ਰੂਬਰੂ ਕਰਵਾਇਆ ਗਿਆ। ਸਰੀ ਵਿਖੇ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਾਂਝੇ ਵਿਹੜੇ ਵਿੱਚ ਕਰਵਾਏ ਇਸ ਪ੍ਰੋਗਰਾਮ ਵਿੱਚ ਡਾ. ਕਮਲਜੀਤ ਸਿੰਘ ਟਿੱਬਾ ਨੇ ਆਪਣੀ ਪੁਸਤਕ ‘ਸਿੱਖ ਇਨਕਲਾਬ ਦਾ ਫਲਸਫਾ ਜਪੁਜੀ’ ਉੱਪਰ ਹੀ ਵਿਸ਼ੇਸ਼ ਗੱਲਬਾਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮੰਚ ਦੇ ਬੁਲਾਰੇ ਜਰਨੈਲ ਸਿੰਘ ਆਰਟਿਸਟ ਨੇ ਮੰਚ ਦੀ ਸਥਾਪਨਾ ਅਤੇ ਇਸ ਦੇ ਕਾਰਜ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਮੰਚ ਸੰਚਾਲਕ ਮੋਹਨ ਗਿੱਲ ਨੇ ਇਸ ਵਿਚਾਰ ਚਰਚਾ ਵਿੱਚ ਸ਼ਾਮਲ ਸ਼ਖ਼ਸੀਅਤਾਂ ਨਾਲ ਸੰਖੇਪ ਜਾਣ ਪਛਾਣ ਕਰਵਾਈ ਅਤੇ ਡਾ. ਕਮਲਜੀਤ ਸਿੰਘ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਭਨਾਂ ਦੇ ਰੂਬਰੂ ਕੀਤਾ।

ਡਾ. ਕਮਲਜੀਤ ਸਿੰਘ ਟਿੱਬਾ ਨੇ ਆਪਣੀ ਪੁਸਤਕ ‘ਸਿੱਖ ਇਨਕਲਾਬ ਦਾ ਫਲਸਫਾ ਜਪੁਜੀ’ ਤੋਂ ਹੀ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਜਪੁਜੀ ਸਾਹਿਬ ਦੀ ਜਿੰਨੀ ਕੁ ਵਿਆਖਿਆ ਹੁਣ ਤੱਕ ਕੀਤੀ ਗਈ ਹੈ, ਉਹ ਸਭ ਅੱਧੀ ਤੇ ਅਧੂਰੀ ਹੈ। ਇਨ੍ਹਾਂ ਵਿਦਵਾਨਾਂ ਨੇ ਜਪੁਜੀ ਸਾਹਿਬ ਦੀ ਵਿਆਖਿਆ ਰਾਹੀਂ ਜੋ ਕੁਝ ਸਮਝਾਇਆ ਹੈ, ਉਸੇ ਤਰ੍ਹਾਂ ਲੋਕ ਕਰੀ ਜਾ ਰਹੇ ਹਨ। ਉਨ੍ਹਾਂ ਨੇ ਇਸ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਦੀ ਬਜਾਏ ਇਸ ਨੂੰ ਸਿਰਫ਼ ਸ਼ਬਦ ਸੁਣਨ ਤੱਕ ਹੀ ਸੀਮਤ ਰੱਖਿਆ। ਇਸ ਪੁਸਤਕ ਦੇ ਰਚਣ ਦਾ ਕਾਰਨ ਵੀ ਇਹ ਹੀ ਹੈ ਕਿ ਉਹ ਚਾਹੁੰਦੇ ਸਨ ਕਿ ਇਸ ਦੀ ਸਹੀ ਵਿਆਖਿਆ ਕੀਤੀ ਜਾਵੇ।

ਡਾ. ਕਮਲਜੀਤ ਸਿੰਘ ਟਿੱਬਾ ਨਾਲ ਰੂਬਰੂ ਸਮਾਗਮ ਦੀਆਂ ਝਲਕਾਂ (ਖੱਬੇ ਅਤੇ ਸੱਜੇ)

ਉਨ੍ਹਾਂ ਕਿਹਾ ਕਿ ਇਸ ਪੁਸਤਕ ਰਾਹੀਂ ਉਨ੍ਹਾਂ ਨੇ ਜਪੁਜੀ ਦੇ ਕੇਂਦਰ ਅਤੇ ਇਸ ਦੀ ਮਹਾਨਤਾ ਨੂੰ ਫੜਨ ਅਤੇ ਸਮਝਣ ਦਾ ਯਤਨ ਕੀਤਾ ਹੈ ਜਿਸ ਨੇ ਏਡੀ ਵੱਡੀ ਸਿੱਖ ਲਹਿਰ ਨੂੰ ਜਨਮ ਦਿੱਤਾ ਹੈ। ਜਪੁਜੀ ਸਾਹਿਬ ਦੀ ਪਹਿਲੀ ਪੌੜੀ ਵਿਚਲੀ ਤੁਕ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।” ਰਾਹੀਂ ਗੁਰੂ ਨਾਨਕ ਦੇਵ ਜੀ ਨੇ ਇੱਕ ਸੁਆਲ ਖੜ੍ਹਾ ਕੀਤਾ ਹੈ ਅਤੇ ਉਸੇ ਸਵਾਲ ਦਾ ਜਵਾਬ ਸਾਰਾ ਜਪੁਜੀ ਸਾਹਿਬ ਹੈ, ਉਸੇ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਅਤੇ ਉਸੇ ਸਵਾਲ ਦਾ ਜਵਾਬ ਹੀ ਸਾਰੀ ਸਿੱਖ ਲਹਿਰ ਹੈ। ਗੁਰੂ ਨਾਨਕ ਦਾ ਸਵਾਲ ਹੈ ਕਿ ਮਨੁੱਖ ਸਚਿਆਰਾ ਕਿਵੇਂ ਬਣੇ ਅਤੇ ਮੁਨੱਖ ਕੂੜ ਦੀਆਂ ਪਾਲਾਂ ਨੂੰ ਕਿਵੇਂ ਤੋੜੇ? ਸਚਿਆਰਾ ਮਨੁੱਖ ਤਾਂ ਹੀ ਬਣ ਸਕਦਾ ਹੈ ਜੇ ਉਹ ਕੂੜ ਦੀਆਂ ਪਾਲਾਂ ਤੋੜੇਗਾ। ਜਿਉਂ ਜਿਉਂ ਕੂੜ ਦੀਆਂ ਪਾਲਾਂ ਟੁੱਟਣਗੀਆਂ ਤਿਉਂ ਤਿਉਂ ਮਨੁੱਖ ਸਚਿਆਰਾ ਹੁੰਦਾ ਜਾਏਗਾ। ਸਚਿਆਰੇ ਮਨੁੱਖ ਹੀ ਕੂੜ ਦੀਆਂ ਪਾਲਾਂ ਤੋੜ ਸਕਦੇ ਹਨ।

ਡਾ. ਕਮਲਦੀਪ ਸਿੰਘ ਟਿੱਬਾ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਗੁਰੂ ਨਾਨਕ ਦੇਵ ਜੀ ਦਾ ਜੀਵਨ ਦੇਖਦੇ ਹਾਂ ਕਿ ਉਹ ਆਪਣੀ ਯਾਤਰਾ ਦੌਰਾਨ ਜਿੱਥੇ ਵੀ ਗਏ, ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ, ਸੰਵਾਦ ਰਚਾਇਆ ਅਤੇ ਇਸ ਸੰਵਾਦ ਤੋਂ ਹੀ ਨਵਾਂ ਫ਼ਲਸਫ਼ਾ ਰਚਿਆ। ਇਸੇ ਤੁਕ ਤੋਂ ਹੈ “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।।” ਇਸ ਤੁਕ ਵਿਚਲੇ ‘ਹੁਕਮ’ ਸ਼ਬਦ ਵਿੱਚ ਏਨਾ ਧੁੰਦਲਕਾ ਹੈ ਕਿ ਇਸ ‘ਹੁਕਮ’ ਦੀ ਵਿਆਖਿਆ ਕਰਨ ਵਾਲੇ ਵਿਦਵਾਨ ਤਾਂ ਸੱਚਮੁੱਚ ਹੀ ਇਸ ਦੇ ਅਸਲੀ ਅਰਥਾਂ ਤੋਂ ਆਸੇ ਪਾਸੇ ਲੈ ਗਏ ਹਨ। ਜਦੋਂ ਕਿ ‘ਹੁਕਮਿ ਰਜਾਈ ਚਲਣ’ ਦਾ ਮਤਲਬ ਇਸ ਤੋਂ ਉੱਪਰਲੀ ਲਾਈਨ ‘ਕਿਵ ਸਚਿਆਰਾ ਹੋਈਐ’ ਨਾਲ ਹੈ। ਇਸ ਸ਼ਬਦ ਰਾਹੀਂ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਸਚਿਆਰੇ ਬਣਨ ਅਤੇ ਕੂੜ ਦੀਆਂ ਪਾਲਾਂ ਤੋੜਣ ਦਾ ਸੰਦੇਸ਼ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਇੰਨੇ ਵੱਡੇ ਫਿਲਾਸਫਰ ਸਨ, ਇੰਨੀ ਵੱਡੀ ਲਹਿਰ ਉਨ੍ਹਾਂ ਤੋਂ ਸ਼ੁਰੂ ਹੋਈ ਹੈ, ਜੋ ਸੰਸਾਰ ਦੀ ਵੱਡੀ ਲਹਿਰ ਬਣੀ ਹੈ। ਫਿਰ ਅੱਜ ਕਿਉਂ ਨਹੀਂ ਉਹ ਗੱਲ ਹੋ ਰਹੀ ਜੋ ਉਹ ਕਰਨੀ ਚਾਹੁੰਦੇ ਸਨ? ਇਹ ਸਵਾਲ ਹੀ ਉਨ੍ਹਾਂ ਨੂੰ ਝੰਜੋੜਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਆਖਿਆਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੀ ਕਰਨੀ ਵਿੱਚੋਂ ਉਨ੍ਹਾਂ ਦੀ ਬਾਣੀ ਨਿਕਲਦੀ ਨਹੀਂ ਦਿਖਾਈ ਅਤੇ ਸਿਰਫ਼ ਬਾਣੀ ਦੀ ਹੀ ਵਿਆਖਿਆ ਕਰੀ ਜਾ ਰਹੇ ਹਨ। ਦੁਖਾਂਤ ਇਹ ਹੈ ਕਿ ਵਿਆਖਿਆਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੀ ਸਿਰਫ਼ ਕਹਿਣੀ ਨੂੰ ਹੀ ਪ੍ਰਚਾਰਿਆ ਹੈ। ਗੁਰੂ ਨਾਨਕ ਜੀ ਤੋਂ ਪਹਿਲਾਂ ਵੀ ਰੱਬ, ਗੌਡ, ਅੱਲ੍ਹਾ, ਪਰਮਾਤਮਾ ਬਾਰੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਸਨ ਤੇ ਲੋਕ ਸਮਝਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਉਸੇ ਰੱਬ ਦੀ ਗੱਲ ਕੀਤੀ ਹੈ ਜਦੋਂ ਕਿ ਹਰ ਵਿਦਵਾਨ ਨੇ ਆਪਣੇ ਨਜ਼ਰੀਏ ਤੋਂ ਰੱਬ ਦੀ ਵਿਆਖਿਆ ਕੀਤੀ ਹੈ ਅਤੇ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਨਜ਼ਰੀਏ ਤੋਂ ਰੱਬ ਨੂੰ ਪੇਸ਼ ਕੀਤਾ ਹੈ। ਅਸੀਂ ਸਿਰਫ਼ ਪ੍ਰਚੱਲਤ ਮੁਹਾਵਰਾ ਹੀ ਸਮਝੀ ਜਾ ਰਹੇ ਹਾਂ ਕਿ ਗੁਰੂ ਜੀ ਨੇ ਵੀ ਉਹੀ ਗੱਲ ਕੀਤੀ ਹੈ ਜਦੋਂ ਕਿ ਨਿਰੰਕਾਰ ਨਾਲ ਸਬੰਧਤ ਗੁਰੂ ਨਾਨਕ ਦੇਵ ਜੀ ਦੀ ਗੱਲ ਬਿਲਕੁਲ ਨਿਵੇਕਲੀ ਅਤੇ ਵੱਖਰੀ ਹੈ।

ਜਪੁਜੀ ਸਾਹਿਬ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਨਿਕਲਦੀ ਹੈ ਕਿ ਮਾਇਆ ਦੀ ਸਰਦਾਰੀ ਕਾਰਨ ਜੀਵਨ ਵਿੱਚ ਵਿਗਾੜ ਪਿਆ ਹੋਇਆ ਹੈ ਅਤੇ ਮਾਇਆ ਦੀ ਇਹ ਸਰਦਾਰੀ ਜਿੰਨਾ ਚਿਰ ਰਹੇਗੀ ਓਨਾ ਚਿਰ ਜੀਵਨ ਵਿੱਚ ਤੇ ਸਮਾਜ ਵਿੱਚ ਇਹ ਵਿਗਾੜ ਇਸੇ ਤਰ੍ਹਾਂ ਹੀ ਰਹੇਗਾ। ਗੁਰੂ ਨਾਨਕ ਦੇਵ ਨੇ ਬਹੁਤ ਸਰਲ ਸ਼ਬਦਾਂ ਰਾਹੀਂ ਸਮਝਾਇਆ ਹੈ ਕਿ ਮਾਇਆ ਦੀ ਸਰਦਾਰੀ ਤੋੜ ਕੇ ਸਚਿਆਰੇ ਮਨੁੱਖ ਬਣੋ, ਸਚਿਆਰੇ ਮਨੁੱਖ ਦੀ ਸਰਦਾਰੀ ਸਥਾਪਤ ਹੋਣ ਨਾਲ ਹੀ ਜੀਵਨ ਅਤੇ ਸਮਾਜ ਦੇ ਸਾਰੇ ਮਸਲੇ ਹੱਲ ਹੋ ਸਕਦੇ ਹਨ।

ਡਾ. ਟਿੱਬਾ ਨੇ ‘ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ’ ਨੂੰ ਸਾਰੀ ਗੁਰਬਾਣੀ ਦਾ ਨਿਚੋੜ ਦੱਸਦਿਆਂ ਕਿਹਾ ਕਿ ਇੱਥੇ ਭੁਲੇਖਾ ਖੜ੍ਹਾ ਕੀਤਾ ਜਾ ਰਿਹਾ ਹੈ। ਸਾਡੇ ਪ੍ਰਚਾਰਕਾਂ ਵਿੱਚੋਂ 99 ਪ੍ਰਤੀਸ਼ਤ ਸਿਰਫ਼ ਇੱਕ ਗੱਲ ’ਤੇ ਹੀ ਜ਼ੋਰ ਦੇ ਰਹੇ ਹਨ ਕਿ ਨਾਮ ਜਪੋ, ਨਾ ਉਹ ਕਿਰਤ ਵੱਲ ਧਿਆਨ ਦਿੰਦੇ ਹਨ ਤੇ ਨਾ ਵੰਡ ਛਕਣ ਦੀ ਗੱਲ ਕਰਦੇ ਹਨ। ਜਦੋਂਕਿ ਕਿਰਤ ਕਰਨੀ, ਵੰਡ ਛਕਣਾ ਅਤੇ ਨਾਮ ਜਪਣਾ ਇਨ੍ਹਾਂ ਤਿੰਨਾਂ ਦਾ ਸੰਤੁਲਨ ਹੋਣਾ ਚਾਹੀਦਾ ਹੈ। ਸੰਤੁਲਨ ਨਾ ਹੋਣ ਕਰਕੇ ਹੀ ਦੁੱਖ ਤਕਲੀਫ਼ਾਂ ਖੜ੍ਹੀਆਂ ਹੋ ਰਹੀਆਂ ਹਨ। ਹਰ ਰੋਜ਼ ਪਾਠ ਕਰਨ ਤੇ ਨਾਮ ਸਿਮਰਨ ਬਾਰੇ ਡਾ. ਕਮਲਜੀਤ ਟਿੱਬਾ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਗੁਰਬਾਣੀ ਦੇ ਸ਼ਬਦਾਂ ਵਿੱਚ ਜਿਹੜਾ ਗਿਆਨ ਹੈ ਉਸ ਨੂੰ ਹਰ ਰੋਜ਼ ਆਪਣੇ ਚਿੱਤ ਵਿੱਚ ਵਸਾ ਕੇ ਚੱਲੋ ਅਤੇ ਹਰ ਰੋਜ਼ ਉਸ ਨੂੰ ਯਾਦ ਕਰਕੇ ਸੱਚਾ, ਸੁੱਚਾ ਤੇ ਈਮਾਨਦਾਰੀ ਵਾਲਾ ਵਿਹਾਰ ਕਰੋ। ਗੁਰੂ ਆਪਣੇ ਸੱਚਖੰਡ ਰਾਹੀਂ ਆਪਣੇ ਸੁਪਨਿਆਂ ਦਾ ਸੰਸਾਰ, ਆਪਣੇ ਸੁਪਨਿਆਂ ਦੀ ਨਗਰੀ ਦਾ ਪ੍ਰਬੰਧ ਸਿਰਜਦੇ ਹਨ ਕਿ ਇਸ ਤਰ੍ਹਾਂ ਦਾ ਉੱਚ ਆਚਰਣ ਬਣਾ ਕੇ ਹੀ ਅਸੀਂ ਸੱਚਾ ਜੀਵਨ ਬਿਤਾ ਸਕਦੇ ਹਾਂ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀ ਕਰਤਾਰਪੁਰੀ ਜੀਵਨ ਜਾਚ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਰਤਾਰਪੁਰੀ ਜੀਵਨ ਵਿੱਚ ਸਾਰੇ ਲੋਕ ਕੰਮ ਕਰਦੇ ਹਨ, ਜੋ ‘ਸਭ’ ਕੁਝ ਹੈ ਉਹ ‘ਸਭਨਾਂ ਦਾ ਸਾਂਝਾ’ ਹੈ। ਇਹ ਇੱਕ ਨਵੇਂ ਸਮਾਜ ਦੇ ਸੁਪਨੇ ਦੀ ਸਿਰਜਣਾ ਹੈ ਜਿੱਥੇ ਗੁਰੂ ਜੀ ਅਨੁਸਾਰ ਕੰਮ ਬੰਦੇ ਨੂੰ ਗੁਲਾਮ ਨਹੀਂ ਬਣਾਏਗਾ ਸਗੋਂ ਕੰਮ ਕਰਕੇ ਬੰਦੇ ਨੂੰ ਆਨੰਦ ਆਵੇਗਾ।

ਡਾ. ਜਗਜੀਤ ਸਿੰਘ ਗਿੱਲ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਸਲ ਵਿੱਚ ਬਚਪਨ ਵਿੱਚ ਹੀ ਸਾਨੂੰ ਮਾਂ- ਪਿਓ ਵੱਲੋਂ ਘਰਾਂ ਵਿੱਚ ਭਾਈ ਬਾਲੇ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਹਨ। ਉੱਥੇ ਹੀ ਸਾਨੂੰ ਝੂਠ ਸਿਖਾ ਦਿੱਤਾ ਜਾਂਦਾ ਹੈ ਜੋ ਸਾਡਾ ਪਰਿਪੱਕ ਵਿਸ਼ਵਾਸ ਬਣ ਜਾਂਦਾ ਹੈ ਅਤੇ ਉਸ ਨੂੰ ਅਸੀਂ ਕੋਸ਼ਿਸ਼ ਕਰਨ ’ਤੇ ਵੀ ਆਪਣੇ ਮਨ ਵਿੱਚੋਂ ਵਿਸਾਰ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਸਾਡੇ ਵਿਰਸੇ ਤੋਂ ਬਿਲਕੁਲ ਅਣਜਾਣ ਹੈ। ਡਾ. ਗਿੱਲ ਨੇ ਕਿਹਾ ਕਿ ਅਸੀਂ ਕਿਹੜੇ ਸੱਚ ਜਾਂ ਸਚਿਆਰ ਦੀ ਗੱਲ ਕਰਦੇ ਹਾਂ ਜਦੋਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਤਾਂ ਅੱਜ ਗੁਰਦੁਆਰਿਆਂ ਵਿੱਚ ਕੇਕ ਕੱਟ ਕੇ ਮਨਾਇਆ ਜਾਂਦਾ ਹੈ, ਪਰ ਇਸ ਦੇ ਵਿਰੋਧ ਵਿੱਚ ਬੋਲਣ ਵਾਲਾ ਕੋਈ ਵੀ ਨਹੀਂ ਹੈ।

ਭੁਪਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਗੁਰਬਾਣੀ ਅਤੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਵਿਚਾਰਧਾਰਾ ਦਾ ਸਹੀ ਅਰਥਾਂ ਵਿੱਚ ਸਮਾਜ ਵਿੱਚ ਸੰਚਾਰ ਨਾ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਖੱਬੇਪੱਖੀਆਂ ਅਤੇ ਵਿਦਵਾਨਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਅਤੇ ਧਰਮ ਦੇ ਅਖੌਤੀ ਪ੍ਰਚਾਰਕਾਂ ਨੂੰ ਮੌਕਾ ਮਿਲ ਗਿਲਾ ਕਿ ਉਹ ਆਪਣੇ ਮੁਫ਼ਾਦਾਂ ਹਿਤ ਇਸ ਦਾ ਪ੍ਰਚਾਰ-ਪਾਸਾਰ ਕਰ ਸਕਣ।

ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਸਿੱਖ ਵਿਚਾਰਧਾਰਾ ਨੂੰ ਪਾਸੇ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾ. ਕਮਲਜੀਤ ਸਿੰਘ ਟਿੱਬਾ ਨੇ ਜਿਸ ਨਜ਼ਰੀਏ ਤੋਂ ਜਪੁਜੀ ਸਾਹਿਬ ਦੀ ਵਿਆਖਿਆ ਕੀਤੀ ਹੈ ਉਹ ਬਹੁਤ ਵਧੀਆ ਤੇ ਸ਼ਲਾਘਾਯੋਗ ਹੈ। ਸ਼ਿਵਰਾਜ ਘੁੰਮਣ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵੱਡਾ ਖੋਜੀ ਜਾਂ ਵਿਦਵਾਨ ਨਾ ਤਾਂ ਦੁਨੀਆਂ ’ਤੇ ਹੋਰ ਕੋਈ ਹੋਇਆ ਹੈ ਤੇ ਨਾ ਹੀ ਸ਼ਾਇਦ ਹੋ ਸਕੇਗਾ। ਹਰਦੇਵ ਸਿੱਧੂ ਨੇ ਡਾ. ਸਾਹਿਬ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਕਿਹਾ ਕਿ ਸਾਨੂੰ ਗੁਰਬਾਣੀ ਦੇ ਇਸ ਨਜ਼ਰੀਏ ਤੋਂ ਕਾਰਜਸ਼ੀਲ ਹੋਣਾ ਚਾਹੀਦਾ ਹੈ ਅਤੇ ਚੰਗੇ ਸਮਾਜ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਜਗਦੇਵ ਸਿੰਘ ਸੰਧੂ, ਪ੍ਰਿੰ. ਮੋਨਿਕਾ ਮਲਹੋਤਰਾ, ਡਾ. ਰਵਿੰਦਰ ਰੀਹਲ, ਨਵਰੂਪ ਸਿੰਘ, ਬਖਸ਼ਿੰਦਰ, ਲੱਕੀ ਸੰਧੂ, ਭੁਪਿੰਦਰ ਸਿੰਘ ਮੱਲ੍ਹੀ, ਪ੍ਰਿੰਸੀਪਲ ਹੈਰੀ ਪੂਨੀਆ, ਤੇਜਵਿੰਦਰ ਬਰਾੜ, ਹਰਮਿੰਦਰ ਰੀਹਲ, ਬਲਰਾਜ ਬਾਸੀ, ਕੁਲਦੀਪ ਬਾਸੀ, ਚਮਕੌਰ ਸਿੰਘ, ਡਾ. ਗੁਰਵਿੰਦਰ ਸਿੰਘ ਧਾਲੀਵਾਲ, ਗੁਰਮੀਤ ਸਿੰਘ ਸਿੱਧੂ, ਹਰਦਮ ਸਿੰਘ ਮਾਨ, ਗੁਰਦੀਪ ਭੁੱਲਰ ਅਤੇ ਕਈ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
ਸੰਪਰਕ: +1 604 308 6663News Source link
#ਕਰਤ #ਕਰਨ #ਵਡ #ਛਕਣ #ਅਤ #ਨਮ #ਜਪਣ #ਦ #ਸਤਲਨ #ਹਣ #ਜਰਰ

- Advertisement -

More articles

- Advertisement -

Latest article