ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 20 ਨਵੰਬਰ
ਬਠਿੰਡਾ-ਡੱਬਵਾਲੀ ਰੋਡ ’ਤੇ ਪੈਂਦੇ ਪਿੰਡ ਗੁਰਥੜੀ ਨੇੜੇ ਐਤਵਾਰ ਦੇਰ ਰਾਤ ਸਾਲਾਸਰ ਤੋਂ ਆ ਰਹੀ ਨਿਊ ਦੀਪ ਕੰਪਨੀ ਦੀ ਬੱਸ ਅਤੇ ਇੱਕ ਮੋਟਰ ਸਾਈਕਲ ਦੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਦਿਓਰ ਭਰਜਾਈ ਦੀ ਭਿਆਨਕ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ। ਟੱਕਰ ਏਨੀ ਜ਼ਬਰਦਸਤ ਸੀ ਕਿ ਅੱਗ ਲੱਗਣ ਕਾਰਨ ਮੋਟਰਸਾਈਕਲ ਤੇ ਬੱਸ ਸੜ ਗਏ। ਮ੍ਰਿਤਕਾਂ ਦੀ ਪਛਾਣ ਲਵਪ੍ਰੀਤ ਸਿੰਘ (33) ਅਤੇ ਉਸ ਦੀ ਭਰਜਾਈ ਰੇਖਾ (30) ਪਿੰਡ ਖਿਆਲਾ (ਜ਼ਿਲ੍ਹਾ ਮਾਨਸਾ) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬੁਲੇਟ ਮੋਟਰਸਾਈਕਲ ’ਤੇ ਦੋਵੇਂ ਦਿਓਰ-ਭਰਜਾਈ ਵਾਸੀ ਪਿੰਡ ਖਿਆਲਾ ਤੋਂ ਪਥਰਾਲਾ ਨੂੰ ਜਾ ਰਹੇ ਸਨ। ਇਸ ਦੌਰਾਨ ਬੱਸ ਨਾਲ ਟੱਕਰ ਹੋ ਗਈ ਅਤੇ ਮੋਟਰਸਾਈਕਲ ਨੂੰ ਘਸੀਟਦੀ ਹੋਈ ਕਾਫ਼ੀ ਦੂਰ ਤੱਕ ਲੈ ਗਈ, ਜਿਸ ਕਾਰਨ ਅੱਗ ਲੱਗ ਗਈ। ਬੱਸ ਵਿੱਚ ਸਵਾਰ 60-65 ਯਾਤਰੀਆਂ ਨੇ ਮੁਸ਼ਕਲ ਨਾਲ ਜਾਨ ਬਚਾਈ। ਇਸ ਮੌਕੇ ਥਾਣਾ ਸੰਗਤ ਦੀ ਪੁਲੀਸ, ਸੰਗਤ ਸਹਾਰਾ ਕਲੱਬ ਅਤੇ ਨੇੜੇ ਤੇੜੇ ਦੇ ਲੋਕਾਂ ਨੇ ਰਾਹਤ ਕਾਰਜ ਸ਼ੁਰੂ ਕੀਤੇ।