ਜਗਮੋਹਨ ਸਿੰਘ
ਰੂਪਨਗਰ, 19 ਨਵੰਬਰ
ਜ਼ਿਲ੍ਹਾ ਰੂਪਨਗਰ ਪੁਲੀਸ ਵੱਲੋਂ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਪੁੱਤਰ ਅਜੈਵੀਰ ਸਿੰਘ ਲਾਲਪੁਰਾ ਦੀ ਗੱਡੀ ਘੇਰ ਕੇ ਉਨ੍ਹਾਂ ’ਤੇ ਪਿਸਤੌਲ ਤਾਣਨ ਦੇ ਦੋਸ਼ ਅਧੀਨ ਦੋ ਨੌਜਵਾਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਅਜੈਵੀਰ ਸਿੰਘ ਲਾਲਪੁਰਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਸਾਥੀ ਸੁਰਿੰਦਰਪਾਲ ਵਾਸੀ ਰੂੜੇਮਾਜਰਾ ਨਾਲ ਆਪਣੀ ਰੇਂਜ ਰੋਵਰ ਵਿੱਚ ਪਿੰਡ ਕਲਵਾਂ ਪਰਤ ਰਹੇ ਸਨ। ਇਸੇ ਦੌਰਾਨ ਬੱਸ ਅੱਡਾ ਬੈਂਸਾਂ ਨੇੜਿਉਂ ਸਵਿੱਫਟ ਕਾਰ ਡੀਐੱਲ8ਸੀਐਨਬੀ8262 ਉਨ੍ਹਾਂ ਦੇ ਪਿੱਛੇ ਲੱਗ ਗਈ। ਰਾਤ 11.30 ਵਜੇ ਦੇ ਕਰੀਬ ਉਹ ਆਜ਼ਮਪੁਰ ਬਾਈਪਾਸ ਲੰਘੇ ਤਾਂ ਸਵਿੱਫਟ ਗੱਡੀ ਦੇ ਚਾਲਕ ਨੇ ਉਨ੍ਹਾਂ ਦੀ ਗੱਡੀ ਦੇ ਅੱਗੇ ਲਗਾ ਕੇ ਉਨ੍ਹਾਂ ਨੂੰ ਘੇਰ ਲਿਆ। ਗੱਡੀ ਵਿੱਚੋਂ ਉਤਰੇ ਦੋ ਨੌਜਵਾਨਾਂ ਵਿੱਚੋਂ ਇੱਕ ਨੇ ਉਨ੍ਹਾਂ ’ਤੇ ਪਿਸਤੌਲ ਤਾਣ ਕੇ ਗੱਡੀ ਵਿੱਚੋਂ ਥੱਲੇ ਉਤਾਰ ਲਿਆ ਤੇ ਉਨ੍ਹਾਂ ਨੂੰ ਮੰਦਾ-ਚੰਗਾ ਬੋਲਦੇ ਰਹੇ। ਇਸੇ ਦੌਰਾਨ ਪੁਲੀਸ ਦੀ ਪੀਸੀਆਰ ਆਉਣ ’ਤੇ ਦੋਵੇਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਵੀ ਉਨ੍ਹਾਂ ਦੇ ਨਾਲ ਸਨ ਪਰ ਨੌਜਵਾਨਾਂ ਨੇ ਉਨ੍ਹਾਂ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ। ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਅਤੇ ਜਸਕਰਨ ਸਿੰਘ ਵਾਸੀ ਤਖ਼ਤਗੜ੍ਹ ਵੱਜੋਂ ਹੋਈ ਹੈ। ਡੀਐੱਸਪੀ ਆਨੰਦਪੁਰ ਸਾਹਿਬ ਅਜ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਸਲਾ ਬਰਾਮਦ ਕਰ ਲਿਆ ਹੈ ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।