ਜੋਗਿੰਦਰ ਸਿੰਘ ਮਾਨ
ਮਾਨਸਾ, 16 ਨਵੰਬਰ
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਅੱਜ ਧਰੇੜੀ ਜੱਟਾਂ ਟੌਲ ਪਲਾਜ਼ਾ ਰਾਜਪੁਰਾ-ਪਟਿਆਲਾ ਰੋਡ, ਟਹਿਣਾ ਟੀ- ਪੁਆਇੰਟ ਫਰੀਦਕੋਟ, ਭੰਡਾਰੀ ਪੁਲ ਅੰਮ੍ਰਿਤਸਰ ਸਾਹਿਬ ਤੇ ਤਲਵੰਡੀ ਸਾਬੋ ਵਿਖੇ ਸੜਕਾਂ ਜਾਮ ਕੀਤੀਆਂ ਗਈਆਂ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕਾਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਵਿਖੇ ਡੇਢ ਮਹੀਨੇ ਤੋਂ ਉੱਪਰ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਕਰੀਬ 3 ਮਹੀਨੇ ਤੋਂ ਉੱਪਰ, ਡੀਸੀ ਦਫਤਰ ਫ਼ਰੀਦਕੋਟ ਵਿਖੇ ਪੰਜ ਮਹੀਨੇ ਤੋਂ ਉੱਪਰ ਅਤੇ ਅੰਮ੍ਰਿਤਸਰ ਸਾਹਿਬ ਵਿਖੇ 8 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਸਰਕਾਰ ਦੇ ਕੰਨਾਂ ਤੱਕ ਹਾਲੇ ਤੱਕ ਕੋਈ ਆਵਾਜ਼ ਨਹੀਂ ਪਹੁੰਚੀ, ਜਿਸ ਕਾਰਨ ਮਜਬੂਰਨ ਲੋਕਾਂ ਨੂੰ ਸੜਕਾਂ ਉੱਪਰ ਆਕੇ ਸੰਘਰਸ਼ ਕਰਨਾ ਪੈ ਰਿਹਾ ਹੈ।

ਪੰਜਾਬ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਅੰਤਰ ਦਾ ਅੰਦਾਜ਼ਾ ਪੰਜਾਬ ਵਾਸੀ ਇਸ ਗੱਲ ਤੋਂ ਹੀ ਲਗਾ ਸਕਦੇ ਹਨ ਕਿ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਨਾਲ 2 ਅਗਸਤ ਅਤੇ 6 ਅਕਤੂਬਰ ਨੂੰ ਹੋਈਆਂ ਮੀਟਿੰਗਾਂ ਨੂੰ ਮਹੀਨਿਆਂ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਦੀਆ ਮੰਨੀਆ ਗਈਆ ਮੰਗਾਂ ਦੇ ਸੰਬੰਧ ਵਿੱਚ ਅੱਜ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ ਗਿਆ ਹੈ। ਫਰੀਦਕੋਟ ਅਤੇ ਅੰਮ੍ਰਿਤਸਰ ਸਾਹਿਬ ਵਿਖੇ ਜਗਜੀਤ ਸਿੰਘ ਡੱਲੇਵਾਲ, ਮਾਨਸਾ ਅਤੇ ਤਲਵੰਡੀ ਸਾਬੋ ਵਿਖੇ ਕਾਕਾ ਸਿੰਘ ਕੋਟੜਾ, ਧਰੇੜੀ ਜੱਟਾ ਟੌਲ ਪਲਾਜ਼ਾ ਪਟਿਆਲਾ ਵਿਖੇ ਜਸਵੀਰ ਸਿੰਘ ਸਿੱਧੂਪੁਰ, ਮਾਨ ਸਿੰਘ ਰਾਜਪੁਰਾ, ਮੇਹਰ ਸਿੰਘ ਥੇੜੀ ਅਤੇ ਮੁਕੇਰੀਆਂ ਵਿਖੇ ਸੁਖਦੇਵ ਸਿੰਘ ਭੋਜਰਾਜ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਰਕਾਰ ਮੰਗਾਂ ਉੱਪਰ ਕੋਈ ਗੰਭੀਰਤਾ ਨਹੀਂ ਵਿਖਾਉਦੀ ਤਾਂ ਇਹ ਮੋਰਚਾ ਅਣਮਿੱਥੇ ਸਮੇਂ ਲਈ ਚੱਲੇਗਾ।