35.2 C
Patiāla
Tuesday, April 23, 2024

ਪੱਗ

Must read


ਸੁਰਿੰਦਰ ਸਿੰਘ ਰਾਏ

ਮੈਂ ਅਜੇ ਨਵਾਂ-ਨਵਾਂ ਹੀ ਫੈਮਿਲੀ ਵੀਜ਼ੇ ’ਤੇ ਇਸ ਮੁਲਕ ਵਿੱਚ ਆਇਆ ਸੀ। ਦੋ-ਤਿੰਨ ਮਹੀਨੇ ਦੀ ਨੱਸ-ਭੱਜ ਤੋਂ ਬਾਅਦ ਮਸਾਂ ਹੀ ਪਾਰਟ-ਟਾਈਮ ਕੰਮ ਮਿਲਿਆ ਸੀ। ਕੰਮ ਮਿਲ ਜਾਣ ਕਾਰਨ ਮਨ ਨੂੰ ਖ਼ੁਸ਼ੀ ਵੀ ਸੀ ਤੇ ਚਿੰਤਾ ਵੀ। ਚਿੰਤਾ ਇਸ ਗੱਲ ਦੀ ਕਿ ਕੰਮ ਪਾਰਟ ਟਾਈਮ ਏ। ਕੀ ਪਤੈ, ਮਾਲਕ ਕਦੋਂ ਕੰਮ ਤੋਂ ਜਵਾਬ ਦੇ ਦੇਵੇ। ਮਨ ’ਤੇ ਕਈ ਤਰ੍ਹਾਂ ਦੇ ਅਜਿਹੇ ਬੋਝ ਹੋਣ ਕਾਰਨ ਅੱਜ ਮੈਨੂੰ ਥਕਾਵਟ ਵੀ ਕੁਝ ਵਧੇਰੇ ਹੀ ਮਹਿਸੂਸ ਹੋ ਰਹੀ ਸੀ। ਕੰਮ ਤੋਂ ਵਿਹਲਾ ਹੋਣ ਤੋਂ ਬਾਅਦ ਮੈਂ ਘਰ ਜਾਣ ਦੀ ਕਾਹਲ ਵਿੱਚ ਸਾਂ। ਟਰੇਨ ਚੱਲਣ ਨੂੰ ਮਸਾਂ ਦੋ ਕੁ ਮਿੰਟ ਦਾ ਸਮਾਂ ਹੀ ਬਾਕੀ ਬਚਦਾ ਸੀ। ਬਾਜ਼ਾਰ ਦੀਆਂ ਭੀੜੀਆਂ ਗਲੀਆਂ ਥੀਂ ਵਾਹੋ-ਦਾਹੀ ਤੇਜ਼ੀ ਨਾਲ ਤੁਰਦਿਆਂ ਮੈਂ ਟਰੇਨ ਫੜ ਹੀ ਲਈ। ਟਰੇਨ ਵਿੱਚ ਕਈ ਕਮਿਊਨਿਟੀਜ਼ ਦੇ ਲੋਕ ਬੈਠੇ ਹੋਏ ਸਨ। ਕੋਈ ਇਟਾਲੀਅਨ ਸੀ ਤੇ ਕੋਈ ਗਰੀਕੀ, ਵੀਅਤਨਾਮੀ ਤੇ ਯੋਗੋਸਲਾਵੀਅਨ। ਨਵਾਂ-ਨਵਾਂ ਆਇਆ ਹੋਣ ਕਾਰਨ ਮੈਂ ਸਭ ਨੂੰ ਹੈਰਾਨੀ ਨਾਲ ਵਾਚ ਕਰ ਰਿਹਾ ਸਾਂ। ‘‘ਜੇ ਤੂੰ ਇਸ ਦੇਸ਼ ਵਿੱਚ ਰਹਿਣਾ ਏਂ, ਤਾਂ ਤੈਨੂੰ ਇੱਥੋਂ ਦੇ ਵਸਨੀਕਾਂ ਵਾਂਗ ਰਹਿਣਾ ਪਵੇਗਾ।’’ ਕੁਝ ਸਮੇਂ ਬਾਅਦ ਅਚਾਨਕ ਹੀ ਟਰੇਨ ਵਿੱਚ ਮੇਰੇ ਨਾਲ ਸੀਟ ’ਤੇ ਬੈਠੇ ਇੱਕ ਗੋਰੇ ਵਿਅਕਤੀ ਨੇ ਘੂਰਦੀਆਂ ਨਜ਼ਰਾਂ ਨਾਲ ਮੈਨੂੰ ਆਖਿਆ। ਭਾਵੇਂ ਉਹ ਅੰਗਰੇਜ਼ੀ ਵਿੱਚ ਬੋਲਿਆ ਸੀ, ਪਰ ਪੰਜਾਬੀ ਵਿੱਚ ਉਸ ਨੇ ਇਸ ਤਰ੍ਹਾਂ ਹੀ ਆਖਿਆ ਸੀ।

ਉਸ ਦੀ ਰੁੱਖੀ ਤੇ ਕੋਝੀ ਆਵਾਜ਼ ਸੁਣ ਕੇ ਮੈਂ ਦੰਗ ਰਹਿ ਗਿਆ। ਬਿਨਾਂ ਬੁਲਾਏ ਹੀ ਟਿੱਪਣੀ ਕਰਨ ਕਰਕੇ ਉਹ ਮੈਨੂੰ ਸ਼ਰਾਬੀ ਵਿਅਕਤੀ ਜਾਪਿਆ। ਮੇਰੇ ਜ਼ਿਹਨ ਵਿੱਚ ਗੋਰਿਆਂ ਬਾਰੇ ਨਿਮਰ ਤੇ ਸੁਲਝੇ ਹੋਣ ਦਾ ਅਕਸ ਇਕਦਮ ਲੜਖੜਾ ਗਿਆ। ‘‘ਮੈਂ ਤਾਂ ਇਸ ਵਿਅਕਤੀ ਨੂੰ ਜਾਣਦਾ ਤੱਕ ਵੀ ਨਹੀਂ ਹਾਂ। ਨਾ ਹੀ ਪਹਿਲਾਂ ਕਿਧਰੇ ਵੇਖਿਆ ਏ। ਇਹ ਕੌਣ ਏਂ? ਮੇਰੀ ਕਿਹੜੀ ਗੱਲ ਇਸ ਨੂੰ ਬੁਰੀ ਲੱਗੀ?’’ ਮੈਂ ਪਰੇਸ਼ਾਨੀ ਵਿੱਚ ਮਨ ਦੀਆਂ ਪਰਤਾਂ ਫਰੋਲ-ਫਰੋਲ ਖ਼ੁਦ ਦੇ ਰੂ-ਬ-ਰੂ ਹੋ ਰਿਹਾ ਸੀ। ‘‘ਕੀ ਤੂੰ ਆਪਣੇ ਆਪ ਨੂੰ ਦਹਿਸ਼ਤਗਰਦ ਵਿਖਾ ਰਿਹਾ ਏਂ? ਤੂੰ ਆਪਣੀ ਵੱਖਰੀ ਪਛਾਣ ਦੁਆਰਾ ਕੀ ਦਰਸਾਉਣਾ ਚਾਹੁੰਦਾ ਏਂ?” ਉਸ ਨੇ ਗੁੱਸੇ ਭਰੇ ਅੰਦਾਜ਼ ਵਿੱਚ ਅਗਲਾ ਪ੍ਰਸ਼ਨ ਵਗਾਹ ਮਾਰਿਆ। ਮੈਂ ਤਾਂ ਅਜੇ ਉਸ ਦੇ ਪਹਿਲੇ ਕੀਤੇ ਕੁਮੈਂਟ ਨਾਲ ਹੀ ਪਰੇਸ਼ਾਨ ਹੋਇਆ ਪਿਆ ਸੀ। ਦੂਸਰੇ ਕੁਮੈਂਟ ਨੇ ਮੈਨੂੰ ਹੋਰ ਵੀ ਚੱਕਰ ਵਿੱਚ ਪਾ ਦਿੱਤਾ। ਪਹਿਲਾਂ ਤਾਂ ਮੈਂ ਸੋਚਿਆ ਕਿ ਇਸ ਸ਼ਰਾਬੀ ਗੋਰੇ ਨਾਲੋਂ ਉੱਠ ਕੇ ਕਿਸੇ ਹੋਰ ਸੀਟ ’ਤੇ ਜਾ ਬੈਠਾਂ। ਫਿਰ ਫੁਰਨਾ ਆਇਆ ਕਿ ਇਵੇਂ ਕਰਨ ਨਾਲ ਤਾਂ ਬਾਕੀ ਸਵਾਰੀਆਂ ਵੀ ਪਰੇਸ਼ਾਨ ਹੋਣਗੀਆਂ। ਵੀਹ-ਪੱਚੀ ਮਿੰਟ ਦਾ ਸਫ਼ਰ ਏ। ਇੱਥੇ ਹੀ ਬੈਠੇ ਰਹਿਣਾ ਠੀਕ ਏ। ਮੈਂ ਮਨੋਂ-ਮਨੀਂ ਇਹ ਫ਼ੈਸਲਾ ਕਰਕੇ ਆਪਣੀ ਚੁੱਪ ਹੋਰ ਪੀਡੀ ਕਰ ਲਈ। ਨਾਲ ਹੀ ਆਪਣੇ ਹੱਥ ਵਿੱਚ ਫੜੀ ਈਵਨਿੰਗ ਅਖ਼ਬਾਰ ਮੈਂ ਹੋਰ ਵਧੇਰੇ ਇਕਾਗਰਤਾ ਨਾਲ ਪੜ੍ਹਨ ਲੱਗ ਪਿਆ, ਤਾਂ ਕਿ ਇਸ ਨੂੰ ਜਾਪੇ ਕਿ ਇਹ ਤਾਂ ਮੈਨੂੰ ਬਿਲਕੁਲ ਹੀ ਅਣਗੌਲਿਆਂ ਕਰ ਰਿਹਾ ਏ। ਪਰ ਉਹ ਗੋਰਾ ਵਿਅਕਤੀ ਫਿਰ ਵੀ ਮੇਰੇ ਵੱਲ ਬੜੇ ਗੁੱਸੇ ਨਾਲ ਤੱਕੀ ਜਾ ਰਿਹਾ ਸੀ। ਥੱਕਿਆ ਟੁੱਟਿਆ ਹੋਣ ਕਾਰਨ ਮੈਂ ਉਸ ਨਾਲ ਕੋਈ ਸਵਾਲ-ਜਵਾਬ ਨਹੀਂ ਸੀ ਕਰਨੇ ਚਾਹੁੰਦਾ।

ਜਿਵੇਂ-ਜਿਵੇਂ ਉਹ ਮੇਰੇ ਹੁੰਗਾਰੇ ਦੀ ਉਡੀਕ ਕਰੀ ਜਾ ਰਿਹਾ ਸੀ, ਮੈਨੂੰ ਉਸ ਤੋਂ ਖਿੱਝ ਆ ਰਹੀ ਸੀ। ਅੰਦਰੋਂ-ਅੰਦਰ ਮੈਂ ਦੁਖੀ ਸਾਂ। ਮੇਰਾ ਦਿਲ ਕਰਦਾ ਸੀ ਕਿ ਇਸ ਦੇ ਦੋ-ਤਿੰਨ ਹੂਰੇ ਜੜ ਦੇਵਾਂ। ‘‘ਇਵੇਂ ਕਰਨ ਨਾਲ ਤਾਂ ਸਾਰਾ ਕਸੂਰ ਹੀ ਮੇਰਾ ਬਣ ਜਾਵੇਗਾ। ਇੱਥੋਂ ਦਾ ਕਾਨੂੰਨ ਤਾਂ ਪਹਿਲਾਂ ਹਮਲਾ ਕਰਨ ਵਾਲੇ ਨੂੰ ਦੋਸ਼ੀ ਮੰਨਦਾ ਏ। ਛੱਡੋ ਪਰ੍ਹਾਂ, ਬੜਬੋਲਾ ਏ, ਬੋਲੀ ਜਾਵੇ। ਇਵੇਂ ਬੇਹੁਦਾ ਬੋਲਣ ਨਾਲ ਇਹ ਮੇਰਾ ਕੀ ਵਿਗਾੜ ਲਏਗਾ?’’ ਇਹ ਸੋਚ ਮੈਂ ਚੁੱਪ ਸਾਧਣੀ ਹੀ ਬਿਹਤਰ ਸਮਝੀ। ਅਚਾਨਕ ਅਗਲੇ ਸਟੇਸ਼ਨ ’ਤੇ ਟਰੇਨ ਰੁਕ ਗਈ। ‘‘ਜੇ ਤੁਸੀਂ ਇੱਥੋਂ ਦੇ ਕਲਚਰ ਵਿੱਚ ਘੁਲ-ਮਿਲ ਨਹੀਂ ਸਕਦੇ ਤਾਂ ਇਹ ਦੇਸ਼ ਛੱਡ ਕੇ ਆਪਣੇ ਦੇਸ਼ ਵਾਪਸ ਚਲੇ ਜਾਓ। ਤੁਸੀਂ ਇੱਥੇ ਕਿਉਂ ਆਉਂਦੇ ਹੋ?’’ ਕ੍ਰੋਧ ਨਾਲ ਮੇਰੇ ਵੱਲ ਝਾਕਦਾ ਹੋਇਆ ਮੂੰਹ ਵਿੱਚ ਇਵੇਂ ਬੁੜਬੁੜ ਕਰਦਾ ਉਹ ਟਰੇਨ ਤੋਂ ਹੇਠਾਂ ਉਤਰ ਗਿਆ।

ਉਸ ਦੇ ਉਤਰ ਜਾਣ ਤੋਂ ਬਾਅਦ ਮੈਂ ਕੁਝ ਰਾਹਤ ਮਹਿਸੂਸ ਕੀਤੀ। ਕੁਝ ਸਮੇਂ ਬਾਅਦ ਮੇਰਾ ਟਰੇਨ ਸਟੇਸ਼ਨ ਵੀ ਆ ਗਿਆ ਸੀ। ‘‘ਮਿਸਟਰ ਸਿੰਘ, ਡੌਂਟ ਮਾਈਂਡ ਪਲੀਜ਼, ਆਈ ਐਮ ਸੌਰੀ ਫਾਰ ਦੈਟ।’’ ਟਰੇਨ ਤੋਂ ਹੇਠਾਂ ਉਤਰਦੇ ਵਕਤ ਅਚਾਨਕ ਹੀ ਮੇਰੇ ਮੋਢੇ ’ਤੇ ਹੱਥ ਮਾਰਦਿਆਂ ਇੱਕ ਵਿਅਕਤੀ ਬੋਲਿਆ। ਮੈਂ ਪਿਛਾਂਹ ਪਰਤ ਕੇ ਵੇਖਿਆ, ਇੱਕ ਬਜ਼ੁਰਗ ਗੋਰਾ ਵਿਅਕਤੀ ਮੇਰੇ ਕੰਨੀਂ ਬਹੁਤ ਅਪਣੱਤ ਭਰੀਆਂ ਨਜ਼ਰਾਂ ਨਾਲ ਤੱਕ ਰਿਹਾ ਸੀ। ‘‘ਉਸ ਵਿਅਕਤੀ ਦੇ ਭੈੜੇ ਵਰਤਾਉ ਦੀ ਮੈਂ ਤੈਥੋਂ ਮੁਆਫ਼ੀ ਮੰਗਦਾ ਹਾਂ। ਇਹੋ ਜਿਹੇ ਇੱਕਾ-ਦੁੱਕਾ ਵਿਅਕਤੀ ਸਮੁੱਚੀ ਕਮਿਊਨਿਟੀ ਨੂੰ ਬਦਨਾਮ ਕਰਦੇ ਹਨ।’’ ਉਸ ਨੇ ਅੰਗਰੇਜ਼ੀ ਵਿੱਚ ਬੋਲਦਿਆਂ ਇੰਜ ਆਖਿਆ। ਤੇ ਉਹ ਬਜ਼ੁਰਗ ਵਿਅਕਤੀ ਟਰੇਨ ਤੋਂ ਉਤਰ ਕੇ ਮੇਰੇ ਨਾਲ ਹੀ ਤੁਰ ਪਿਆ। ‘‘ਤੂੰ ਇੰਡੀਆ ਤੋਂ ਏ?’’ ਉਸ ਨੇ ਪੁੱਛਿਆ। ‘‘ਜੀ, ਹਾਂ।’’ ਮੇਰਾ ਸੰਖੇਪ ਜਵਾਬ ਸੀ। ‘‘ਮਿਸਟਰ ਸਿੰਘ, ਮੈਂ ਤੁਹਾਡੇ ਕਲਚਰ ਬਾਰੇ ਬਹੁਤਾ ਤਾਂ ਨਹੀਂ ਜਾਣਦਾ, ਪਰ ਮੇਰੇ ਪਿਤਾ ਜੀ, ਮੈਨੂੰ ਤੁਹਾਡੇ ਕਲਚਰ ਬਾਰੇ ਕਾਫ਼ੀ ਕੁਝ ਦੱਸਦੇ ਹੁੰਦੇ ਸੀ। ਪਰ ਉਦੋਂ ਮੈਂ ਬਾਲ ਅਵਸਥਾ ਵਿੱਚ ਸਾਂ। ਮੇਰਾ ਜਨਮ ਕਲਕੱਤਾ ਸ਼ਹਿਰ ਦਾ ਏ। ਮੇਰੇ ਪਿਤਾ ਫ਼ੌਜ ਵਿੱਚ ਕਰਨਲ ਸਨ। ਇਹ ਇੰਗਲਿਸ਼ ਰਾਜ ਵੇਲੇ ਦੀ ਗੱਲ ਏ।’’

ਉਸ ਨੇ ਮੈਨੂੰ ਆਪਣੇ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਉਸ ਦੀ ਇੰਡੀਆ ਨਾਲ ਪੁਰਾਣੀ ਸਾਂਝ ਹੋਣ ਕਾਰਨ ਉਹ ਮੇਰੇ ਨਾਲ ਬਹੁਤ ਹੀ ਹਿਤ ਨਾਲ ਗੱਲਾਂ ਕਰ ਰਿਹਾ ਸੀ। ਉਸ ਦੀ ਅਪਣੱਤ ਵੇਖ ਮੈਂ ਉਸ ਵੱਲ ਗਹੁ ਨਾਲ ਤੱਕਿਆ। ‘‘ਕੀ ਤੂੰ ਮੈਨੂੰ ਆਪਣੇ ਕਲਚਰ ਬਾਰੇ ਕੁਝ ਵਧੇਰੇ ਜਾਣਕਾਰੀ ਦੇ ਸਕਦੈਂ?’’ ਫਿਰ ਉਸ ਨੇ ਮੈਨੂੰ ਪੁੱਛਿਆ। ‘‘ਜੀ ਹਾਂ, ਕਿਉਂ ਨਹੀਂ?’’ ਮੈਂ ਜਵਾਬ ਮੋੜਿਆ। ‘‘ਤੂੰ ਕਿਹੜੀ ਸਟਰੀਟ ’ਤੇ ਰਹਿਨਾ ਏਂ?’’ ‘‘ਜੀ, ਵਿਲੀਅਮ ਸਟਰੀਟ ’ਤੇ।’’ ‘‘ਫਿਰ ਤਾਂ ਤੂੰ ਮੇਰੇ ਨਾਲ ਦੀ ਸਟਰੀਟ ਵਿੱਚ ਹੀ ਰਹਿਨਾ ਏਂ। ਕੀ ਤੂੰ ਮੈਨੂੰ ਆਪਣਾ ਮੋਬਾਈਲ ਨੰਬਰ ਦੇ ਸਕਦੈਂ?’’ ‘‘ਜੀ, ਬਿਲਕੁਲ।’’ ਮੇਰੇ ਇੰਜ ਆਖਣ ’ਤੇ ਉਹ ਖ਼ੁਸ਼ ਹੋ ਗਿਆ। ‘‘ਅਸੀਂ ਦੋਵੇਂ ਕਿਸੇ ਐਤਵਾਰ ਅਹੁ ਸਾਹਮਣੇ ਵਾਲੇ ਪਾਰਕ ਵਿੱਚ ਮਿਲਾਂਗੇ। ਮੇਰਾ ਨਾਮ ਜੌਹਨ ਏ। ਮੈਂ ਤੈਨੂੰ ਫੋਨ ਕਰਾਂਗਾ।’’ ਉਸ ਨੇ ਗੰਭੀਰ ਹੋ ਕੇ ਆਖਿਆ। ‘‘ਜੀ ਜ਼ਰੂਰ।’’ ਮੇਰਾ ਭਰਵਾਂ ਹੁੰਗਾਰਾ ਸੀ। ਮੈਂ ਉਸ ਨੂੰ ਆਪਣਾ ਫੋਨ ਨੰਬਰ ਦੇ ਦਿੱਤਾ। ਤੇ ਫਿਰ ਅਸੀਂ ਦੋਵੇਂ ਆਪੋ-ਆਪਣੀ ਸਟਰੀਟ ਪੈ ਗਏ।

‘‘ਸਰ, ਕੈਨ ਆਈ ਆਸਕ ਯੂ ਏ ਕੁਐਸਚਨ?’’ ਇੱਕ ਦਿਨ ਸ਼ਾਪਿੰਗ ਸੈਂਟਰ ਵਿੱਚ ਸ਼ਾਪਿੰਗ ਕਰਦਿਆਂ ਪਿੱਛੋਂ ਦੀ ਅਚਾਨਕ ਆ ਕੇ ਬੱਚੇ ਨੇ ਮੈਨੂੰ ਆਖਿਆ। ਉਹ ਬੱਚਾ ਆਪਣੀ ਮਾਂ ਦਾ ਹੱਥ ਛੁਡਾ ਕੇ ਨੱਸ ਕੇ ਮੇਰੇ ਕੋਲ ਆਇਆ ਸੀ। ਬੱਚਾ ਸਵਾਲ ਪੁੱਛਣ ਲਈ ਬੜਾ ਉਤਾਵਲਾ ਜਾਪਦਾ ਸੀ। ‘‘ਯੈੱਸ ਵਾਈ ਨਾਟ?’’ ਮੈਂ ਤੁਰੰਤ ਆਖਿਆ। ‘‘ਵਟ ਇਜ਼ ਆਨ ਯੂਅਰ ਹੈੱਡ?’’ ਉਸ ਨੇ ਤੋਤਲੀ ਜਿਹੀ ਆਵਾਜ਼ ਵਿੱਚ ਮੇਰੇ ਸਿਰ ਵੱਲ ਇਸ਼ਾਰਾ ਕਰਦਿਆਂ ਆਖਿਆ। ‘‘ਇਟ ਇਜ਼ ਟਰਬਨ।’’ ਮੇਰਾ ਜਵਾਬ ਸੀ। ‘‘ਵਾਈ ਯੂ ਪੁੱਟ ਆਨ ਦੈਟ ਬਨ?’’ ਨਾਲ ਲੱਗਦੇ ਹੀ ਉਸ ਨੇ ਅਗਲਾ ਸਵਾਲ ਪੁੱਛ ਲਿਆ। ‘‘ਮਾਈਕਲ, ਕਮ ਹੀਅਰ। ਵਾਈ ਯੂ ਆਸਕ ਸੱਚ ਰੀਲੀਜੀਅਸ ਕੁਐਸਚਨਜ਼ ਟੂ ਹਿਮ? ਇਟ ਇਜ਼ ਦੇਅਰ ਕਲਚਰ।’’ ਬੱਚੇ ਦੀ ਗੋਰੀ ਮਾਂ ਨੇ ਉੱਚੀ ਆਵਾਜ਼ ਮਾਰ ਕੇ ਉਸ ਨੂੰ ਟੋਕਿਆ। ‘‘ਬ੍ਰਦਰ, ਨੈਵਰ ਮਾਈਂਡ ਇਟ।’’ ਨਾਲ ਹੀ ਉਸ ਨੇ ਮੈਨੂੰ ਸੰਬੋਧਨ ਹੁੰਦਿਆਂ ਆਖਿਆ। ਬੱਚਾ ਦੌੜ ਕੇ ਆਪਣੀ ਮਾਂ ਕੋਲ ਚਲੇ ਗਿਆ। ਪਰ ਉਹ ਦੌੜਦਾ ਹੋਇਆ ਵੀ ਮੇਰੇ ਵੱਲ ਬੜੀ ਤਵੱਜੋ ਨਾਲ ਵੇਖੀ ਜਾ ਰਿਹਾ ਸੀ, ਜਿਵੇਂ ਉਸ ਨੂੰ ਕੁਝ ਨਵਾਂ ਸਿੱਖਣ ਦੀ ਪ੍ਰਬਲ ਤਾਂਘ ਹੋਵੇ।

ਫਿਰ ਮੈਨੂੰ ਉਸ ਸ਼ਰਾਬੀ ਵਿਅਕਤੀ ਦੀ ਯਾਦ ਆ ਗਈ, ਜਿਹੜਾ ਕੁਝ ਦਿਨ ਪਹਿਲਾਂ ਮੈਨੂੰ ਟਰੇਨ ਵਿੱਚ ਮਿਲਿਆ ਸੀ। ਮੈਂ ਸੋਚਦਾ ਸਾਂ ਕਿ ਬੰਦੇ ਬੰਦੇ ਵਿੱਚ ਕਿੰਨਾ ਅੰਤਰ ਏ। ਇਸ ਗੋਰੀ ਨਸਲ ਦੀ ਇਸਤਰੀ ਨੇ ਤਾਂ ਆਪਣੇ ਇੱਕ ਨਿੱਕੇ ਜਿਹੇ ਬੇਸਮਝ ਬੱਚੇ ਨੂੰ ਵੀ ਨਿੱਜੀ ਸਵਾਲ ਪੁੱਛਣ ਤੋਂ ਰੋਕਿਆ ਏ। ਤੇ ਉਹ ਅਧੇੜ ਉਮਰ ਦਾ ਸ਼ਰਾਬੀ ਗੋਰਾ ਕਿਵੇਂ ਬੇਤੁਕਾ ਬੋਲੀ ਜਾ ਰਿਹਾ ਸੀ। ਇਹ ਘਟਨਾ ਕਈ ਦਿਨ ਮੇਰੇ ਜ਼ਿਹਨ ਵਿੱਚ ਚੱਕਰ ਕੱਟਦੀ ਰਹੀ। ‘‘ਗੁੱਡ ਈਵਨਿੰਗ, ਮਿਸਟਰ ਸਿੰਘ, ਮੈਂ ਜੌਹਨ ਬੋਲਦੈਂ।’’ ਸ਼ਾਪਿੰਗ ਕਰਕੇ ਘਰ ਜਾਂਦਿਆਂ ਫੋਨ ਚੁੱਕਣ ’ਤੇ ਮੇਰੇ ਕੰਨੀਂ ਇਹ ਆਵਾਜ਼ ਪਈ। ‘‘ਗੁੱਡ ਈਵਨਿੰਗ, ਜੌਹਨ। ਕਿਵੇਂ ਓਂ?’’ ਮੈਂ ਜਵਾਬ ਮੋੜਿਆ। ‘‘ਕੱਲ੍ਹ ਐਤਵਾਰ ਏ। ਕੀ ਤੂੰ ਮੈਨੂੰ ਸਵੇਰੇ ਨੌਂ ਵਜੇ ਉਸ ਪਾਰਕ ਵਿੱਚ ਮਿਲ ਸਕਦੈਂ?’’ ‘‘ਕਿਉਂ ਨਹੀਂ, ਸਰ? ਮੈਂ ਜ਼ਰੂਰ ਮਿਲਾਂਗਾ।’’ ਮੈਂ ਤੁਰੰਤ ਆਖਿਆ। ਮੇਰੇ ਇੰਜ ਆਖਣ ’ਤੇ ਉਹ ਖ਼ੁਸ਼ ਹੋ ਗਿਆ। ‘‘ਆਲ ਰਾਈਟ। ਮੈਂ ਕੱਲ੍ਹ ਉੱਥੇ ਤੇਰਾ ਇੰਤਜ਼ਾਰ ਕਰਾਂਗਾ।’’ ਇਹ ਆਖ ਉਸ ਨੇ ਫੋਨ ਕੱਟ ਦਿੱਤਾ।

ਦੂਸਰੇ ਦਿਨ ਮੈਂ ਛੇਤੀ-ਛੇਤੀ ਨਹਾ ਕੇ ਪਾਰਕ ਜਾਣ ਲਈ ਤਿਆਰ ਹੋ ਗਿਆ। ਮੇਰੇ ਪੁੱਜਣ ਤੋਂ ਪਹਿਲਾਂ ਹੀ ਜੌਹਨ ਉੱਥੇ ਮੇਰਾ ਇੰਤਜ਼ਾਰ ਕਰ ਰਿਹਾ ਸੀ। ‘‘ਮਿਸਟਰ ਸਿੰਘ, ਕਿਵੇਂ ਓਂ?’’ ਮੈਨੂੰ ਵੇਖ ਕੇ ਉਸ ਨੇ ਬਹੁਤ ਹੀ ਉਮਾਹ ਨਾਲ ਆਖਿਆ। ‘‘ਜੀ, ਬਿਲਕੁਲ ਠੀਕ।’’ ‘‘ਆ ਆਪਾਂ ਉਸ ਹਰੇ ਘਾਹ ’ਤੇ ਬਹਿੰਦੇ ਆਂ। ਅੱਜ ਤੂੰ ਮੇਰਾ ਟੀਚਰ ਏਂ।’’ ਇੰਜ ਆਖ ਉਹ ਹਲਕਾ ਜਿਹਾ ਹੱਸਦਿਆਂ ਮੈਨੂੰ ਪਾਰਕ ਦੇ ਦੂਜੇ ਪਾਸੇ ਲੈ ਗਿਆ। ‘‘ਅੱਛਾ, ਕੀ ਤੂੰ ਮੈਨੂੰ ਦੱਸ ਸਕਦੈਂ, ਕਿ ਤੁਸੀਂ ਪੱਗ ਕਿਉਂ ਬੰਨ੍ਹਦੇ ਹੋ?’’ ਉਸ ਦਾ ਪਹਿਲਾ ਸਵਾਲ ਸੀ। ‘‘ਜੌਹਨ, ਇਹ ਸਾਡੇ ਕਲਚਰ ਦਾ ਇੱਕ ਸਿੰਬਲ ਏ।’’ ਮੇਰਾ ਸੰਖੇਪ ਜਵਾਬ ਸੀ। ‘‘ਕੀ ਪੱਗ ਦਾ ਕੋਈ ਸਪੈਸ਼ਲ ਕਲਰ ਹੁੰਦਾ ਏ?’’ ‘‘ਨਹੀਂ ਜੌਹਨ, ਅਸੀਂ ਆਪਣੀ ਪਸੰਦ ਅਨੁਸਾਰ ਕਿਸੇ ਵੀ ਕਲਰ ਦੀ ਪੱਗ ਬੰਨ੍ਹ ਸਕਦੇ ਹਾਂ।’’ ‘‘ਕੀ ਤੁਸੀਂ ਇੱਕ ਰਿਜਿਡ ਧਾਰਮਿਕ ਵਿਅਕਤੀ ਹੋ?’’ ਇਹ ਸਵਾਲ ਉਸ ਨੇ ਮੈਨੂੰ ਵਧੇਰੇ ਗੰਭੀਰਤਾ ਨਾਲ ਪੁੱਛਿਆ। ‘‘ਨਹੀਂ ਸਰ, ਸਾਡਾ ਧਰਮ ਰਿਜਿਡ ਨਹੀਂ ਏਂ। ਇਹ ਤਾਂ ਸਾਡੇ ਲਈ ਆਪਣੇ ਕਲਚਰ ਤੇ ਧਰਮ ਪ੍ਰਤੀ ਸਤਿਕਾਰ ਦੇਣ ਦੀ ਭਾਵਨਾ ਏਂ। ਅਸੀਂ ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਾਂ।’’ ‘‘ਵੈੱਲ! ਇਟ ਇਜ਼ ਏ ਗ੍ਰੇਟ ਥਿੰਗ।’’ ਉਹ ਇਕਦਮ ਬੋਲਿਆ। ਮੇਰੀ ਇਹ ਗੱਲ ਸੁਣ ਕੇ ਉਹ ਖ਼ਾਸਾ ਪ੍ਰਭਾਵਿਤ ਹੋਇਆ ਜਾਪਦਾ ਸੀ।

ਹੁਣ ਜੌਹਨ ਪਹਿਲਾਂ ਨਾਲੋਂ ਕੁਝ ਵਧੇਰੇ ਮੋਕਲਾ ਹੋ ਗਿਆ ਸੀ। ਉਹ ਹੋਰ ਵਧੇਰੇ ਖ਼ੁਸ਼ ਮੂਡ ਵਿੱਚ ਗੱਲਾਂ ਕਰਨ ਲੱਗਾ। ‘‘ਮਿਸਟਰ ਸਿੰਘ, ਜੋ ਲੋਕ ਪਗੜੀ ਬੰਨ੍ਹਦੇ ਨੇ, ਕੀ ਉਹ ਸਾਰੇ ਸਿੱਖ ਹੁੰਦੇ ਹਨ?’’ ‘‘ਨਹੀਂ ਸਰ, ਸਾਰੇ ਪਗੜੀਧਾਰੀ ਸਿੱਖ ਨਹੀਂ ਹੁੰਦੇ। ਕੁਝ ਹਿੰਦੂ ਤੇ ਮੁਸਲਮਾਨ ਧਰਮਾਂ ਦੇ ਪੈਰੋਕਾਰ ਵੀ ਪੱਗ ਬੰਨ੍ਹਦੇ ਹਨ।’’ ਮੈਂ ਜਵਾਬ ਦਿੱਤਾ। ਮੇਰੇ ਇਸ ਸ਼ਸ਼ੋਪੰਜ ਵਾਲੇ ਜਵਾਬ ਤੋਂ ਉਹ ਮੈਨੂੰ ਕੁਝ ਕਨਫਿਊਜ਼ ਹੋਇਆ ਜਾਪਿਆ। ‘‘ਅੱਛਾ, ਫਿਰ ਅਸੀਂ ਇਹ ਕਿਵੇਂ ਜਾਣ ਸਕਦੇ ਹਾਂ ਕਿ ਉਹ ਸਿੱਖ ਏ ਤੇ ਉਹ ਸਿੱਖ ਨਹੀਂ ਹੈ?’’ ਆਪਣੀ ਸ਼ੰਕਾ ਨਿਵਾਰਨ ਲਈ ਉਸ ਨੇ ਬੜੀ ਸੰਜੀਦਗੀ ਨਾਲ ਫਿਰ ਪੁੱਛਿਆ। ਜੌਹਨ ਦੇ ਇਸ ਸਵਾਲ ਦਾ ਜਵਾਬ ਦੇਣਾ ਮੇਰੇ ਲਈ ਵੀ ਮੁਸ਼ਕਿਲ ਸੀ। ਮੈਂ ਇਸ ਨੂੰ ਕਿਵੇਂ ਸਮਝਾਵਾਂ? ਇਨ੍ਹਾਂ ਨੂੰ ਤਾਂ ਸਭ ਪਗੜੀਧਾਰੀ ਲੋਕ ਇੱਕੋ ਜਿਹੇ ਜਾਪਦੇ ਨੇ। ਇਸ ਭੇਦ ਨੂੰ ਸਮਝਣ ਲਈ ਤਾਂ ਵੱਖ-ਵੱਖ ਸੱਭਿਅਤਾਵਾਂ ਦੀ ਡੂੰਘੀ ਜਾਣਕਾਰੀ ਹੋਣੀ ਚਾਹੀਦੀ ਏ। ਮੈਂ ਜਵਾਬ ਦੇਣ ਲਈ ਦੁਚਿਤੀ ਵਿੱਚ ਸਾਂ। ‘‘ਤੇਰਾ ਮਤਲਬ, ਪਗੜੀਧਾਰੀ ਵਧੇਰੇ ਲੋਕ ਆਮ ਤੌਰ ’ਤੇ ਸਿੱਖ ਹੀ ਹੁੰਦੇ ਹਨ, ਪਰ ਕੁਝ ਨਹੀਂ ਵੀ ਹੋ ਸਕਦੇ।’’ ਮੇਰੀ ਦੁਚਿਤੀ ਵੇਖ ਉਸ ਨੇ ਆਪ ਹੀ ਆਖਿਆ।

ਕੁਝ ਸਮਾਂ ਉਹ ਗੰਭੀਰ ਹੋ ਕੇ ਸੋਚਦਾ ਰਿਹਾ, ਜਿਵੇਂ ਉਹ ਮੈਥੋਂ ਸਾਡੇ ਕਲਚਰ ਬਾਰੇ ਹੋਰ ਵਧੇਰੇ ਜਾਣਕਾਰੀ ਲੈਣ ਦੀ ਤਾਂਘ ਵਿੱਚ ਹੋਵੇ, ਪਰ ਉਸ ਦੀ ਸੰਤੁਸ਼ਟੀ ਨਾ ਹੋ ਰਹੀ ਹੋਵੇ। ‘‘ਮਿਸਟਰ ਸਿੰਘ, ਕੀ ਤੂੰ ਮੈਨੂੰ ਸਿੱਖ ਹਿਸਟਰੀ ਤੇ ਕਲਚਰ ਬਾਰੇ ਕੁਝ ਇੰਗਲਿਸ਼ ਬੁਕਸ ਦੇ ਸਕਦਾ ਏਂ?’’ ਕੁਝ ਸਮਾਂ ਸੋਚ ਕੇ ਉਸ ਨੇ ਆਖਿਆ। ‘‘ਜੀ ਜ਼ਰੂਰ, ਮੈਂ ਤੁਹਾਡੇ ਲਈ ਛੇਤੀ ਹੀ ਪੁਸਤਕਾਂ ਦਾ ਪ੍ਰਬੰਧ ਕਰ ਦੇਵਾਂਗਾ।’’ ਮੈਂ ਆਖਿਆ। ਮੇਰਾ ਇਹ ਜਵਾਬ ਸੁਣ ਕੇ ਉਹ ਖ਼ੁਸ਼ ਹੋ ਗਿਆ। ਗੱਲਾਂ-ਬਾਤਾਂ ਕਰਦਿਆਂ ਚੋਖਾ ਸਮਾਂ ਬੀਤ ਗਿਆ ਸੀ। ਜਿਵੇਂ ਦੋ-ਤਿੰਨ ਘੰਟੇ ਖੰਭ ਲਾ ਕੇ ਉੱਡ ਗਏ ਹੋਣ। ਘੜੀ ਦੀ ਸੂਈ ਦੁਪਹਿਰ ਦੇ ਬਾਰਾਂ ਵੱਲ ਇਸ਼ਾਰਾ ਕਰ ਰਹੀ ਸੀ। ‘‘ਮਿਸਟਰ ਸਿੰਘ, ਵੈਰੀ ਨਾਈਸ ਟੂ ਟਾਕ ਯੂ। ਸੀ ਯੂ ਲੇਟਰ।’’ ਵਿਦਾ ਹੋਣ ਲੱਗੇ ਉਸ ਨੇ ਬੜੇ ਸਤਿਕਾਰ ਨਾਲ ਮੈਨੂੰ ਆਖਿਆ। ‘‘ਮੇਰੀ ਗੱਲ ਯਾਦ ਰੱਖਣਾਂ।’’ ਜਾਂਦਾ ਜਾਂਦਾ ਉਹ ਫਿਰ ਬੋਲਿਆ।

ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋ ਚੁੱਕੀਆਂ ਸਨ। ਅੱਜ ਮੌਸਮ ਬੜਾ ਸੁਹਾਵਣਾ ਸੀ। ਮੈਂ ਬਲਜੀਤ ਤੋਂ ਬੱਚਿਆਂ ਨੂੰ ਬੀਚ ’ਤੇ ਘੁਮਾਉਣ ਦੀ ਸਲਾਹ ਪੁੱਛੀ। ਉਸ ਨੇ ਵੀ ਝੱਟ ਦੇਣੀ ਹਾਂ ਕਰ ਦਿੱਤੀ। ਵਾਹੋ-ਦਾਹੀ ਤਿਆਰ ਹੋ ਕੇ ਅਸੀਂ ਬੱਚਿਆਂ ਸਮੇਤ ਆਪਣੀ ਕਾਰ ਵਿੱਚ ਬੀਚ ਵੱਲ ਨਿਕਲ ਗਏ। ਬੀਚ ਦੇ ਸਾਹਮਣੇ ਇੱਕ ਪਿਕਨਿਕ ਸਪਾਟ ’ਤੇ ਅਸਾਂ ਕਾਰ ਪਾਰਕ ਕੀਤੀ ਤੇ ਉੱਥੇ ਲੱਗੇ ਬੈਂਚਾਂ ’ਤੇ ਬੈਠ ਗਏ। ਸਾਹਮਣੇ ਸਮੁੰਦਰ ਦੀਆਂ ਲਹਿਰਾਂ ਉੱਛਲ-ਉੱਛਲ ਕਿਨਾਰਿਆਂ ਵੱਲ ਆ ਰਹੀਆਂ ਸਨ, ਜਿਵੇਂ ਅਠਖੇਲਾਂ ਕਰ ਰਹੀਆਂ ਹੋਣ। ਬੱਚਿਆਂ ਲਈ ਇਹ ਮਨੋਰੰਜਨ ਦਾ ਇੱਕ ਵਧੀਆ ਸਾਧਨ ਸੀ। ਸਾਡੇ ਸਾਹਮਣੇ ਵਾਲੇ ਬੈੱਚਾਂ ’ਤੇ ਇੱਕ ਗੋਰਾ ਵਿਅਕਤੀ ਤੇ ਉਸ ਦੀ ਖ਼ੂਬਸੂਰਤ ਪਤਨੀ ਬੈਠੇ ਹੋਏ ਸਨ। ਉਹ ਦੋਵੇਂ ਟੇਬਲ ’ਤੇ ਪਈ ਬੀਅਰ ਵੀ ਸਿਪ ਕਰੀ ਜਾ ਰਹੇ ਸਨ ਤੇ ਸਾਡੇ ਵੱਲ ਵੀ ਤੱਕੀ ਜਾ ਰਹੇ ਸਨ। ‘‘ਇਹ ਜੋੜਾ ਸਾਡੇ ਨਾਲ ਕੋਈ ਨਵੀਂ ਬਹਿਸ ਛੇੜੇਗਾ।’’ ਮੈਂ ਬਲਜੀਤ ਨਾਲ ਗੱਲ ਕੀਤੀ। ‘‘ਆਪਾਂ ਸੀਟ ਬਦਲ ਲੈਂਦੇ ਆਂ।’’ ਉਸ ਨੇ ਝੱਟ ਆਖਿਆ। ਬੱਚੇ ਪਾਰਕ ਵਿੱਚ ਖੇਡ ਰਹੇ ਸਨ।

ਅਸੀਂ ਦੋਵੇਂ ਉੱਥੋਂ ਉੱਠ ਕੇ ਅੱਗੇ ਪਏ ਬੈਂਚਾਂ ’ਤੇ ਜਾ ਬੈਠ ਗਏ। ਕੁਝ ਸਮੇਂ ਬਾਅਦ ਜਦੋਂ ਮੈਂ ਦੁਬਾਰਾ ਪਿੱਛੇ ਪਰਤ ਕੇ ਵੇਖਿਆ ਤਾਂ ਉਹ ਜੋੜਾ ਤਾਂ ਬੜੀ ਉਤਸੁਕਤਾ ਨਾਲ ਉਵੇਂ ਦਾ ਉਵੇਂ ਹੀ ਤੱਕੀ ਜਾ ਰਿਹਾ ਸੀ। ਮੇਰੇ ਮਨ ਦੀ ਸ਼ੰਕਾ ਵਿੱਚ ਹੋਰ ਵਾਧਾ ਹੋ ਗਿਆ, ਜਦੋਂ ਉਹ ਦੋਵੇਂ ਉੱਥੋਂ ਉੱਠ ਕੇ ਸਾਡੇ ਸਾਹਮਣੇ ਵਾਲੇ ਬੈਂਚਾਂ ’ਤੇ ਆ ਕੇ ਬੈਠ ਗਏ। ‘‘ਚੰਗੇ ਫਸੇ ਅੱਜ। ਕਿਹੋ ਜਿਹਾ ਦਿਨ ਚੜ੍ਹਿਆ। ਅੱਜ ਮਸਾਂ ਤਾਂ ਅਸੀਂ ਘਰੋਂ ਛੁੱਟੀ ਮਨਾਉਣ ਆਏ ਸਾਂ।’’ ਮੈਂ ਸੋਚ ਰਿਹਾ ਸਾਂ। ‘‘ਸਰ, ਕੀ ਮੈਂ ਤੁਹਾਡੇ ਨਾਲ ਇੱਕ ਗੱਲ ਕਰ ਸਕਦਾ ਹਾਂ?’’ ਗੋਰੇ ਵਿਅਕਤੀ ਨੇ ਬੜੀ ਨਿਮਰਤਾ ਨਾਲ ਅੰਗਰੇਜ਼ੀ ਵਿੱਚ ਆਖਿਆ, ਜਿਸ ਦਾ ਪੰਜਾਬੀ ਵਿੱਚ ਇਹੀ ਅਰਥ ਸੀ। ‘‘ਹਾਂ।’’ ਮੈਂ ਬਹਿਸ ਦੇ ਡਰੋਂ ਖ਼ੁਸ਼ਕ ਜਿਹਾ ਜਵਾਬ ਦਿੱਤਾ। ‘‘ਮੈਨੂੰ ਇਸ ਪੀਸ ਆਫ਼ ਕਲਾਥ ਦਾ ਰੰਗ ਬੜਾ ਪਸੰਦ ਏ। ਮੈਂ ਅਜਿਹਾ ਸੁੰਦਰ ਕਲਰ ਪਹਿਲਾਂ ਕਦੇ ਨਹੀਂ ਵੇਖਿਆ।’’ ਉਸ ਨੇ ਮੇਰੀ ਪੱਗ ਵੱਲ ਇਸ਼ਾਰਾ ਕਰਦਿਆਂ ਆਖਿਆ। ‘‘ਥੈਂਕ ਯੂ, ਬ੍ਰਦਰ।’’ ਮੈਂ ਸੰਖੇਪ ਵਿੱਚ ਜਵਾਬ ਦਿੱਤਾ। ‘‘ਕੀ ਤੂੰ ਮੈਨੂੰ ਇਹ ਪੀਸ ਆਫ਼ ਕਲਾਥ ਇਨ੍ਹਾਂ ਪੈਸਿਆਂ ਵੱਟੇ ਦੇ ਸਕਦਾ ਏਂ?’’ ਆਪਣੀ ਜੇਬ ਵਿੱਚੋਂ ਕੱਢੇ ਦੋ ਨੋਟ ਮੇਰੇ ਵੱਲ ਵਧਾਉਂਦਿਆਂ ਉਸ ਨੇ ਆਖਿਆ। ਉਸ ਦਾ ਇਹ ਸਵਾਲ ਸੁਣ ਕੇ ਮੈਂ ਅੰਦਰੋਂ ਗੁੱਸੇ ਵਿੱਚ, ਪਰ ਗੰਭੀਰ ਹੋ ਕੇ ਉਸ ਵੱਲ ਤੱਕਣ ਲੱਗਾ। ਮੇਰੀ ਗੰਭੀਰ ਤੱਕਣੀ ਤੋਂ ਸ਼ਾਇਦ ਉਹ ਸੋਚ ਰਿਹਾ ਸੀ ਕਿ ਪੈਸੇ ਘੱਟ ਹਨ।

ਉਸ ਨੇ ਆਪਣੀ ਜੇਬ ਵਿੱਚੋਂ ਸੌ ਡਾਲਰ ਦਾ ਇੱਕ ਹੋਰ ਨੋਟ ਕੱਢਿਆ ਤੇ ਸੌ-ਸੌ ਦੇ ਤਿੰਨ ਨੋਟ ਮੇਰੇ ਵੱਲ ਵਧਾਏ। ਮੈਂ ਫਿਰ ਵੀ ਸ਼ਾਂਤ ਚਿੱਤ ਉਸ ਦੀਆਂ ਪੰਘਰਾਈਆਂ ਨਜ਼ਰਾਂ ਵੱਲ ਗਹੁ ਨਾਲ ਤੱਕ ਰਿਹਾ ਸੀ। ਇਹ ਗੋਰੀ ਨਸਲ ਦਾ ਜੋੜਾ ਮੇਰੀ ਨਵੀਂ ਨਕੋਰ ਪਰੋਜੀਆ ਰੰਗ ਵਾਲੀ ਪੱਗ ’ਤੇ ਕਿੰਨਾ ਲੱਟੂ ਹੋ ਗਿਆ ਏ? ਇਹ ਤਾਂ ਹੋਰ ਵੀ ਵਧੇਰੇ ਪੈਸੇ ਦੇਣ ਨੂੰ ਤਿਆਰ ਹੋ ਸਕਦੇ ਨੇ। ਤਿੰਨ-ਚਾਰ ਸੌ ਡਾਲਰ ਤਾਂ ਇਨ੍ਹਾਂ ਲਈ ਸਾਡੇ ਤਿੰਨ-ਚਾਰ ਸੌ ਰੁਪਈਆਂ ਵਾਂਗ ਹੀ ਹਨ। ਮੇਰੀਆਂ ਤਾਂ ਇੰਨੇ ਡਾਲਰਾਂ ਨਾਲ ਤੀਹ-ਚਾਲੀ ਪੱਗਾਂ ਆ ਜਾਣਗੀਆਂ। ਮੈਂ ਮਨੋਂ-ਮਨੀਂ ਹੈਰਾਨ ਵੀ ਸਾਂ ਤੇ ਦੁਖੀ ਵੀ। ਮੇਰੇ ਜ਼ਿਹਨ ਵਿੱਚ ਅਜਿਹੇ ਕਈ ਸਵਾਲ ਉੱਠ ਰਹੇ ਸਨ। ‘‘ਆਈ ਕਾਂਟ ਡੂ ਦੈਟ, ਸਰ।’’ ਫਿਰ ਮੈਂ ਉਸ ਨੂੰ ਬਹੁਤ ਹੀ ਹਲੀਮੀ ਨਾਲ ਗੰਭੀਰ ਹੋ ਕੇ ਜਵਾਬ ਦਿੱਤਾ। ਆਪਣੀ ਦਿਲੀ ਇੱਛਾ ਪੂਰੀ ਨਾ ਹੁੰਦੀ ਵੇਖ ਉਹ ਜੋੜਾ ਮਾਯੂਸ ਜਿਹਾ ਹੋਇਆ ਉੱਥੋਂ ਚਲਾ ਗਿਆ। ‘‘ਵਾਹ ਓ ਗੋਰਿਆ! ਤੇਰੇ ਤਿੰਨ-ਚਾਰ ਸੌ ਡਾਲਰਾਂ ਬਦਲੇ ਤੈਨੂੰ ਮੈਂ ਆਪਣੀ ਪੱਗ ਦੇ ਦੇਵਾਂ! ਤੇਰੇ ਲਈ ਤਾਂ ਇਹ ਪੀਸ ਆਫ ਬਿਊਟੀਫੁਲ ਕਲਰ ਏ। ਪਰ ਮੇਰੇ ਲਈ ਤਾਂ ਇਹ ਸਰਦਾਰੀ ਏ ਸਰਦਾਰੀ। ਤੈਨੂੰ ਕੀ ਪਤੈ, ਇਸ ਪੱਗ ਦੀ ਕਿੰਨੀ ਮਹਾਨਤਾ ਏ। ਇਹਦੇ ਪਿੱਛੇ ਸਾਡੀਆਂ ਕਿੰਨੀਆਂ ਕੁਰਬਾਨੀਆਂ, ਸਮਰਪਣ ਤੇ ਸੇਵਾ ਭਾਵਨਾ ਦਾ ਇਤਿਹਾਸ ਸਮੋਇਆ ਪਿਆ ਏ। ਇਹ ਸਾਡਾ ਸਵੈਮਾਣ ਏਂ, ਸਵੈਮਾਣ!’’ ਮੇਰੇ ਚਿਹਰੇ ਦੀ ਗੰਭੀਰਤਾ ਤੋਂ ਸ਼ਾਇਦ ਉਨ੍ਹਾਂ ਇਸ ਗੱਲ ਦਾ ਅਨੁਮਾਨ ਲਾ ਲਿਆ ਸੀ।

ਸ਼ਾਮ ਵੇਲੇ ਘਰ ਵਾਪਸ ਜਾਂਦਿਆਂ ਮੇਰੇ ਮੋਬਾਈਲ ਫੋਨ ’ਤੇ ਰਿੰਗ ਖੜਕੀ। ਫੋਨ ਸੁਣਨ ਲਈ ਮੈਂ ਕਾਰ ਸਾਈਡ ’ਤੇ ਪਾਰਕ ਕੀਤੀ ਤੇ ਫੋਨ ਸੁਣਨ ਲੱਗਾ। ‘‘ਮਿਸਟਰ ਸਿੰਘ, ਕੁਝ ਦਿਨ ਪਹਿਲਾਂ ਤੂੰ ਮੇਰੇ ਨਾਲ ਇੱਕ ਵਾਅਦਾ ਕੀਤਾ ਸੀ, ਯਾਦ ਏ?’’ ਸਵਿੱਚ ਆਨ ਕੀਤਾ ਤਾਂ ਜੌਹਨ ਦੀ ਆਵਾਜ਼ ਸੀ। ਮੈਂ ਹੈਰਾਨ ਸਾਂ। ਜੌਹਨ ਸਿੱਖ ਹਿਸਟਰੀ ਤੇ ਕਲਚਰ ਸਬੰਧੀ ਪੁਸਤਕਾਂ ਲੈਣ ਲਈ ਕਿੰਨਾ ਉਤਾਵਲਾ ਸੀ। ‘‘ਮਿਸਟਰ ਜੌਹਨ, ਕੀ ਤੂੰ ਅਗਲੇ ਐਤਵਾਰ ਵਿਹਲਾ ਏਂ?’’ ਉਸ ਦੀ ਉਤਸੁਕਤਾ ਵੇਖ, ਮੈਂ ਆਖਿਆ। ‘‘ਹਾਂ-ਹਾਂ, ਕਿਉਂ ਨਹੀਂ, ਦੱਸੋ?’’ ਉਹ ਤੁਰੰਤ ਬੋਲਿਆ। ‘‘ਜੌਹਨ, ਸਿਟੀ ਲਾਗੇ ਸਾਡੀ ਕਮਿਊਨਿਟੀ ਦਾ ਇੱਕ ਸਿੱਖ ਟੈਂਪਲ ਏ। ਉੱਥੇ ਇੱਕ ਵੱਡੀ ਲਾਇਬ੍ਰਰੀ ਏ। ਤੂੰ ਉੱਥੋਂ ਆਪਣੀ ਪਸੰਦ ਦੀਆਂ ਪੁਸਤਕਾਂ ਲੈ ਸਕਦਾ ਏਂ। ਕੀ ਅਗਲੇ ਐਤਵਾਰ ਤੂੰ ਮੇਰੇ ਨਾਲ ਸਿੱਖ ਟੈਂਪਲ ਜਾ ਸਕਦੈਂ?’’ ਮੈਂ ਆਖਿਆ। ‘‘ਹਾਂ, ਜ਼ਰੂਰ।’’ ਉਸ ਦਾ ਜਵਾਬ ਸੀ। ‘‘ਠੀਕ ਏ, ਤੂੰ ਅਗਲੇ ਐਤਵਾਰ ਸੁਬ੍ਹਾ ਨੌਂ ਵਜੇ ਤਿਆਰ ਰਹੀਂ। ਮੈਂ ਤੈਨੂੰ ਘਰੋਂ ਲੈ ਲਵਾਂਗਾ।’’ ‘‘ਮਿਸਟਰ ਸਿੰਘ, ਦੈਟਜ਼ ਫਾਈਨ। ਸੀ ਯੂ।’’ ਇੰਜ ਆਖ ਉਸ ਨੇ ਫੋਨ ਕੱਟ ਦਿੱਤਾ। ਐਤਵਾਰ ਵਾਲੇ ਦਿਨ ਸਵੇਰੇ ਨੌਂ ਵਜੇ ਮੈਂ ਕਾਰ ਉਸ ਦੇ ਘਰ ਅੱਗੇ ਲਿਜਾ ਖੜ੍ਹੀ ਕੀਤੀ। ਕਾਰ ਵੇਖਦੇ ਹੀ ਜੌਹਨ ਘਰ ਤੋਂ ਬਾਹਰ ਆ ਗਿਆ, ਜਿਵੇਂ ਉਹ ਪਹਿਲੋਂ ਹੀ ਮੇਰੀ ਉਡੀਕ ਕਰ ਰਿਹਾ ਹੋਵੇ। ਕਾਰ ਵਿੱਚ ਬੈਠਦਿਆਂ ਉਸ ਨੇ ਮੌਰਨਿੰਗ ਵਿਸ਼ ਕੀਤੀ ਤੇ ਸਮਾਜਿਕ ਰਵਾਇਤ ਅਨੁਸਾਰ ਮੈਥੋਂ ਹਾਲ-ਚਾਲ ਪੁੱਛਿਆ।

ਉਹ ਅੱਜ ਪਹਿਲਾਂ ਨਾਲੋਂ ਵੀ ਵਧੇਰੇ ਖ਼ੁਸ਼ ਮੂਡ ਵਿੱਚ ਜਾਪ ਰਿਹਾ ਸੀ। ਆਪਸ ਵਿੱਚ ਹਲਕੀਆਂ-ਫੁਲਕੀਆਂ ਗੱਲਾਂ ਕਰਦੇ ਵੀਹ-ਪੱਚੀ ਮਿੰਟ ਵਿੱਚ ਅਸੀਂ ਗੁਰੂ ਘਰ ਜਾ ਪਹੁੰਚੇ। ਮੈਂ ਉਸ ਨੂੰ ਸਿਰ ’ਤੇ ਵਲੇਟਣ ਲਈ ਇੱਕ ਰੁਮਾਲਾ ਦਿੱਤਾ, ਜੋ ਉਸ ਨੇ ਬੜੀ ਸ਼ਰਧਾ ਨਾਲ ਆਪਣੇ ਸਿਰ ’ਤੇ ਵਲੇਟ ਲਿਆ। ਚਾਰੇ ਪਾਸੇ ਪੱਗਾਂ ਹੀ ਪੱਗਾਂ ਵਾਲੇ ਲੋਕਾਂ ਦੀ ਭਰਮਾਰ ਵੇਖ ਕੇ ਉਹ ਬਹੁਤ ਹੈਰਾਨ ਹੋ ਰਿਹਾ ਸੀ। ਫਿਰ ਮੈਂ ਉਸ ਨੂੰ ਗੁਰੂ-ਘਰ ਅੰਦਰ ਲੈ ਗਿਆ। ਅਸੀਂ ਗੁਰੂ ਦੇ ਸਨਮੁਖ ਮੱਥਾ ਟੇਕ ਕੇ ਸੰਗਤ ਵਿੱਚ ਜਾ ਬੈਠੇ। ਕੀਰਤਨ ਦੇ ਸਮੇਂ ਸਕਰੀਨ ’ਤੇ ਇੰਗਲਿਸ਼ ਵਿੱਚ ਚੱਲ ਰਹੀ ਗੁਰਬਾਣੀ ਦੇ ਅਰਥਾਂ ਵੱਲ ਉਹ ਬੜੇ ਗਹੁ ਨਾਲ ਤੱਕ ਰਿਹਾ ਸੀ, ਜਿਵੇਂ ਕਿਸੇ ਵਿਸਮਾਦ ਅਵਸਥਾ ਵਿੱਚ ਖੋਇਆ ਹੋਵੇ। ਅਸੀਂ ਘੰਟਾ ਭਰ ਉੱਥੇ ਬੈਠੇ ਰਹੇ। ਕੀਰਤਨ ਸਮਾਪਤ ਹੋਣ ਤੋਂ ਬਾਅਦ ਅਸੀਂ ਗੁਰੂ ਘਰ ਤੋਂ ਬਾਹਰ ਆ ਗਏ। ਚਾਰੇ ਪਾਸੇ ਸੰਗਤਾਂ ਦਾ ਜਲੌਅ ਹੀ ਜਲੌਅ ਸੀ। ‘‘ਮਿਸਟਰ ਸਿੰਘ, ਉਹ ਬੱਚੇ ਕੀ ਕਰ ਰਹੇ ਨੇ?’’

ਦੂਰ ਇੱਕ ਪਾਸੇ ਨੀਲੇ ਵਸਤਰ ਪਹਿਨੀ, ਗੱਤਕਾ ਖੇਡ ਰਹੇ ਬੱਚਿਆਂ ਵੱਲ ਵੇਖ ਕੇ ਉਸ ਨੇ ਆਖਿਆ। ‘‘ਜੌਹਨ, ਇਹ ਬੱਚੇ ਤਲਵਾਰਾਂ ਤੇ ਬਰਛਿਆਂ ਨਾਲ ਗੱਤਕਾ ਖੇਡਣਾ ਸਿੱਖ ਰਹੇ ਨੇ।’’ ਮੇਰਾ ਜਵਾਬ ਸੀ। ‘‘ਇਸ ਦਾ ਕੀ ਮਤਲਬ ਏ?’’ ‘‘ਜੌਹਨ, ਇਹ ਰਿਵਾਜ ਸਾਡੇ ਕਲਚਰ ਦਾ ਇੱਕ ਅਟੁੱਟ ਹਿੱਸਾ ਏ। ਪੁਰਾਣੇ ਸਮਿਆਂ ਵਿੱਚ ਜਦੋਂ ਦੁਸ਼ਮਣਾਂ ਨਾਲ ਆਹਮੋ-ਸਾਹਮਣੇ ਜੰਗ ਹੁੰਦੀ ਸੀ ਤਾਂ ਇਸ ਤਰ੍ਹਾਂ ਸਿੱਖ ਸਿਪਾਹੀਆਂ ਦੀ ਫ਼ੌਜ ਤਿਆਰ ਕੀਤੀ ਜਾਂਦੀ ਸੀ।’’ ‘‘ਫਿਰ ਇਹ ਸਿਰ ’ਤੇ ਬੰਨ੍ਹਿਆ ਨੀਲਾ ਕੱਪੜਾ ਸਿਰ ਨੂੰ ਸੁਰੱਖਿਆ ਦਿੰਦਾ ਹੋਵੇਗਾ?’’ ਉਹ ਆਪ ਹੀ ਬੋਲਿਆ। ‘‘ਜੀ, ਬਿਲਕੁਲ।’’ ‘‘ਆਈ ਅੰਡਰਸਟੈਂਡ। ਇਟ ਇਜ਼ ਟਰੇਨਿੰਗ ਸਕੂਲ ਆਫ ਮਾਰਸ਼ਲ ਆਰਟ ਇਨ ਯੂਅਰ ਸਿੱਖ ਕਲਚਰ।’’ ਚਾਰੇ ਪਾਸੇ ਸਿਰ ਘੁਮਾਉਂਦਿਆਂ ਸੰਗਤ ਵੱਲ ਵੇਖ ਕੇ ਉਸ ਨੇ ਹੈਰਾਨੀ ਵਿੱਚ ਆਖਿਆ। ਗੁਰੂ-ਘਰ ਦੇ ਵਿਹੜੇ ਵਿੱਚ ਦੂਜੇ ਪਾਸੇ ਇੱਕ ਖ਼ੂਨਦਾਨ ਕੈਂਪ ਲੱਗਿਆ ਹੋਇਆ ਸੀ। ਫਿਰ ਮੈਂ ਉਸ ਨੂੰ ਉਸ ਕੈਂਪ ਵਿੱਚ ਲੈ ਗਿਆ। ਖ਼ੂਨਦਾਨ ਕਰਨ ਲਈ ਉੱਥੇ ਸੰਗਤਾਂ ਦੀ ਇੱਕ ਲੰਬੀ ਲਾਈਨ ਲੱਗੀ ਹੋਈ ਸੀ। ਉਸ ਨੇ ਉੱਥੇ ਖੜ੍ਹੇ ਕਈ ਵਿਅਕਤੀਆਂ ਨਾਲ ਗੱਲਾਂ ਕੀਤੀਆਂ ਤੇ ਇਸ ਬਾਰੇ ਖ਼ੂਬ ਜਾਣਕਾਰੀ ਹਾਸਲ ਕੀਤੀ। ਉਹ ਹਰੇਕ ਨਵੀਂ ਗੱਲ ਆਪਣੀ ਡਾਇਰੀ ਵਿੱਚ ਨੋਟ ਕਰੀ ਜਾ ਰਿਹਾ ਸੀ। ਜਦੋਂ ਅਸੀਂ ਲੰਗਰ ਹਾਲ ਵਿੱਚ ਗਏ ਤਾਂ ਉੱਥੇ ਲਾਈਨਾਂ ਵਿੱਚ ਬੈਠੀ ਸੰਗਤ ਨੂੰ ਖਾਣਾ ਖਾਂਦੇ ਵੇਖ ਉਹ ਬਹੁਤ ਖ਼ੁਸ਼ ਹੋਇਆ। ਸੇਵਾਦਾਰ ਸਭ ਨੂੰ ਬਿਨਾਂ ਕਿਸੇ ਪੱਖਪਾਤ ਭੋਜਨ ਵਰਤਾਅ ਰਹੇ ਸਨ। ਖਾਣਾ ਖਾਂਦਿਆਂ ਇਸ ਦੇ ਪ੍ਰਬੰਧ ਸਬੰਧੀ ਉਸ ਨੇ ਮੈਨੂੰ ਕਈ ਸਵਾਲ ਪੁੱਛੇ। ਜਦੋਂ ਉਸ ਨੂੰ ਮੁਫ਼ਤ ਖਾਣਾ ਖਿਲਾਉਣ ਬਾਰੇ ਪਤਾ ਲੱਗਿਆ ਤਾਂ ਉਹ ਹੈਰਾਨੀ ਵਿੱਚ ਤੁਰੰਤ ਬੋਲਿਆ, ‘‘ਅੱਛਾ ਅੱਛਾ! ਹੁਣ ਮੈਂ ਸਮਝ ਗਿਐਂ, ਜਦੋਂ ਸਾਡੇ ਮੁਲਕ ਦੇ ਜੰਗਲਾਂ ਵਿੱਚ ਅੱਗ ਲੱਗੀ ਸੀ ਤਦ ਉਹ ਤੁਹਾਡੀ ਹੀ ਕਮਿਊਨਿਟੀ ਸੀ, ਜੋ ਲੋਕਾਂ ਨੂੰ ਫ੍ਰੀ ਫੂਡ ਤੇ ਦਵਾਈਆਂ ਵੰਡ ਰਹੀ ਸੀ।’’ ਲੋਕਾਂ ਦੀ ਆਪ-ਮੁਹਾਰੇ ਸੇਵਾ ਭਾਵਨਾ ਵੇਖ ਉਹ ਬਹੁਤ ਪ੍ਰਭਾਵਿਤ ਹੋਇਆ।

‘‘ਮਿਸਟਰ ਸਿੰਘ, ਹੁਣ ਆਪਾਂ ਲਾਇਬ੍ਰੇਰੀ ਚੱਲੀਏ।’’ ਲੰਗਰ ਛਕਣ ਤੋਂ ਬਾਅਦ ਉਸ ਨੇ ਬੜੀ ਗੰਭੀਰਤਾ ਨਾਲ ਮੈਨੂੰ ਆਖਿਆ। ਜੌਹਨ ਦੀ ਪੁਸਤਕਾਂ ਪ੍ਰਾਪਤ ਕਰਨ ਦੀ ਤੀਬਰਤਾ ਵੇਖ ਕੇ ਮੈਂ ਉਸ ਨੂੰ ਸਿੱਧਾ ਲਾਇਬ੍ਰੇਰੀ ਲੈ ਗਿਆ। ਉੱਥੇ ਮੈਂ ਉਸ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਕਈ ਪੁਸਤਕਾਂ ਵਿਖਾਈਆਂ। ਇਨ੍ਹਾਂ ਪੁਸਤਕਾਂ ਵਿੱਚ ਉਹ ਖ਼ਾਸੀ ਦਿਲਚਸਪੀ ਵਿਖਾ ਰਿਹਾ ਸੀ। ਕੁਝ ਸਮਾਂ ਘੋਖਣ ਤੋਂ ਬਾਅਦ ਉਸ ਨੇ ਤਿੰਨ ਪੁਸਤਕਾਂ ਲੈ ਲਈਆਂ। ਲਾਇਬ੍ਰੇਰੀ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਲੱਗੀਆਂ ਤਸਵੀਰਾਂ ਨੂੰ ਵੀ ਉਹ ਬੜੇ ਗਹੁ ਨਾਲ ਵਾਚ ਰਿਹਾ ਸੀ। ਜਦੋਂ ਮੈਂ ਉਸ ਨੂੰ ਸਰਦਾਰ ਊਧਮ ਸਿੰਘ ਦੀ ਤਸਵੀਰ ਵਿਖਾਈ ਤਾਂ ਉਹ ਇਕਦਮ ਬੋਲਿਆ, ‘‘ਅੱਛਾ, ਇਹ ਉਹ ਮੁੰਡਾ ਏ, ਜਿਸ ਨੇ ਜਨਰਲ ਡਾਇਰ ਨੂੰ ਮਾਰਿਆ ਸੀ?’’ ਮੈਂ ‘ਹਾਂ’ ਵਿੱਚ ਸਿਰ ਹਿਲਾਇਆ। ਉਸ ਨੇ ਦੁਬਾਰਾ ਹੈਰਾਨ ਹੁੰਦਿਆਂ ਆਖਿਆ, ‘‘ਕਿੰਨਾ ਦਲੇਰ ਮੁੰਡਾ ਸੀ ਉਹ!’’ ਜੌਹਨ ਨੇ ਮੱਥੇ ’ਤੇ ਹੱਥ ਰੱਖ ਕੇ ਉਸ ਨੂੰ ਸਲੂਟ ਕੀਤਾ। ਮੈਂ ਉਸ ਦੀ ਫਰਾਖ਼ ਦਿਲੀ ਤੋਂ ਹੈਰਾਨ ਸਾਂ। ਅਸੀਂ ਤਿੰਨ-ਚਾਰ ਘੰਟੇ ਗੁਰੂ-ਘਰ ਦੀ ਹਦੂਦ ਅੰਦਰ ਬਿਤਾਏ। ਘਰ ਵਾਪਸ ਜਾਣ ਲੱਗੇ ਜੌਹਨ ਨੇ ਦੋਵੇਂ ਹੱਥ ਜੋੜ ਕੇ ਗੁਰੂ-ਘਰ ਵੱਲ ਸਿਰ ਨਿਵਾਇਆ। ਤਿੰਨੇ ਪੁਸਤਕਾਂ ਉਸ ਨੇ ਬੜੀਆਂ ਸੰਭਾਲ ਕੇ ਹੱਥ ਵਿੱਚ ਫੜੀਆਂ ਹੋਈਆਂ ਸਨ। ਕਾਰ ਵਿੱਚ ਬੈਠਾ ਵੀ ਜੌਹਨ ਬਹੁਤ ਗੰਭੀਰਤਾ ਨਾਲ ਸੋਚੀਂ ਪਿਆ ਹੋਇਆ ਸੀ, ਜਿਵੇਂ ਕੋਈ ਫ਼ਿਲਾਸਫ਼ਰ ਕਿਸੇ ਨਵੇਂ ਉਪਜੇ ਵਿਚਾਰ ਵਿੱਚ ਉਲਝਿਆ ਹੋਵੇ। ਮੈਂ ਵੀ ਉਸ ਦੀ ਬਿਰਤੀ ਨੂੰ ਤੋੜਨਾ ਉਚਿਤ ਨਾ ਸਮਝਿਆ। ਘਰ ਨਜ਼ਦੀਕ ਆ ਗਿਆ ਸੀ। ਉਸ ਦੇ ਘਰ ਮੂਹਰੇ ਜਾ ਮੈਂ ਕਾਰ ਦੀ ਬਰੇਕ ਲਾਈ। ‘‘ਜੌਹਨ! ਕੀ ਤੈਨੂੰ ਹੁਣ ਸਾਡੇ ਕਲਚਰ ਬਾਰੇ ਕੁਝ ਸਮਝ ਪੈ ਗਈ ਏ?’’ ਕਾਰ ’ਚੋਂ ਉਤਰਦੇ ਵਕਤ ਮੈਂ ਉਸ ਨੂੰ ਸਰਸਰੀ ਜਿਹੇ ਪੁੱਛਿਆ। ‘‘ਮਿਸਟਰ ਸਿੰਘ! ਇਹ ਤੇ ਇੱਕ ਬਹੁਤ ਵੱਡੀ ਅਲੌਕਿਕ ਮਾਨਵਵਾਦੀ ਲਹਿਰ ਏ।’’ ਮੇਰੀ ਪੱਗ ਵੱਲ ਵੇਖਦਿਆਂ ਉਸ ਨੇ ਭਾਵੁਕ ਹੁੰਦੇ ਆਖਿਆ।

ਸੰਪਰਕ: 97797-16824News Source link
#ਪਗ

- Advertisement -

More articles

- Advertisement -

Latest article