35.2 C
Patiāla
Tuesday, April 23, 2024

ਇੰਗਲੈਂਡ ਬਣਿਆ ਚੈਂਪੀਅਨ

Must read


ਮੈਲਬਰਨ, 13 ਨਵੰਬਰ

ਸੈਮ ਕਰਨ ਦੀ ਅਗਵਾਈ ਵਿੱਚ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਬੈਨ ਸਟਾਕਸ (ਨਾਬਾਦ 52 ਦੌੜਾਂ) ਦੇ ਨੀਮ ਸੈਂਕੜੇ ਦੀ ਬਦੌਲਤ ਇੰਗਲੈਂਡ ਅੱਜ ਇੱਥੇ ਟੀ-20 ਵਿਸ਼ਵ ਕੱਪ 2022 ਦੇ ਰੋਮਾਂਚਕ ਫਾਈਨਲ ਵਿੱਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਚੈਂਪੀਅਨ ਬਣ ਗਿਆ। ਇੰਗਲੈਂਡ ਨੇ 2010 ਵਿੱਚ ਵੈਸਟਇੰਡੀਜ਼ ’ਚ ਪੌਲ ਕੋਲਿੰਗਵੁੱਡ ਦੀ ਕਪਤਾਨੀ ਹੇਠ ਪਹਿਲਾ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨਿਰਧਾਰਤ 20 ਓਵਰਾਂ ਵਿੱਚ ਅੱੱਠ ਵਿਕਟਾਂ ਦੇ ਨੁਕਸਾਨ ’ਤੇ ਸਿਰਫ 137 ਦੌੜਾਂ ਹੀ ਬਣਾ ਸਕੀ। ਇਸ ਵਿੱਚ ਸ਼ਾਨ ਮਸੂਦ ਨੇ 38, ਕਪਤਾਨ ਬਾਬਰ ਆਜ਼ਮ ਨੇ 32, ਸ਼ਦਾਬ ਖਾਨ ਨੇ 20 ਅਤੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ 15 ਦਾ ਯੋਗਦਾਨ ਪਾਇਆ। ਇੰਗਲੈਂਡ ਵੱਲੋਂ ਸੈਮ ਕਰਨ ਨੇ ਤਿੰਨ, ਆਦਿਲ ਰਾਸ਼ਿਦ ਅਤੇ ਕ੍ਰਿਸ ਜੌਰਡਨ ਨੇ ਦੋ-ਦੋ ਅਤੇ ਬੈਨ ਸਟਾਕਸ ਨੇ ਇੱਕ ਵਿਕਟ ਲਈ। 

ਮੈਲਬਰਨ ਵਿੱਚ ਐਤਵਾਰ ਨੂੰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਮਗਰੋਂ ਖੁਸ਼ੀ ਮਨਾਉਂਦੀ ਹੋਈ ਇੰਗਲੈਂਡ ਦੀ ਟੀਮ। ਖਿਤਾਬੀ ਮੁਕਾਬਲੇ ਵਿੱਚ ਇੰਗਲੈਂਡ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ। -ਫੋਟੋ: ਰਾਇਟਰਜ਼

ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ ਪਾਕਿਸਤਾਨ ਦੀ ਕਮਾਲ ਦੀ ਗੇਂਦਬਾਜ਼ੀ ਸਾਹਮਣੇ ਇੱਕ ਵਾਰ ਦਬਾਅ ਵਿੱਚ ਆ ਗਈ ਸੀ ਪਰ ਸ਼ਾਹੀਨ ਸ਼ਾਹ ਅਫਰੀਦੀ ਦੇ ਸੱਟ ਲੱਗਣ ਕਾਰਨ ਮੈਦਾਨ ’ਚੋਂ ਬਹਾਰ ਜਾਣ ਮਗਰੋਂ ਮੈਚ ਦਾ ਰੁਖ ਹੀ ਬਦਲ ਗਿਆ। ਅਫਰੀਦੀ ਨੇ 2.1 ਓਵਰਾਂ ’ਚ 13 ਦੌੜਾਂ ਦੇ ਕੇ ਇੱਕ ਵਿਕਟ ਲਈ। ਸਟਾਕਸ ਦੀ 49 ਗੇਂਦਾਂ ਵਿੱਚ ਨਾਬਾਦ 52 ਦੌੜਾਂ ਦੀ ਪਾਰੀ ਨਾਲ ਇੰਗਲੈਂਡ 19 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ 138 ਦੌੜਾਂ ਬਣਾ ਕੇ ਚੈਂਪੀਅਨ ਬਣਿਆ। ਪਾਕਿਸਤਾਨ ਵੱਲੋਂ ਹੈਰਿਸ ਰਾਊਫ ਨੇ ਦੋ ਅਤੇ ਸ਼ਾਹੀਨ ਅਫਰੀਦੀ, ਸ਼ਾਦਾਬ ਖਾਨ ਤੇ ਮੁਹੰਮਦ ਵਸੀਮ ਜੂਨੀਅਰ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ

ਸੈਮ ਕਰਨ ‘ਪਲੇਅਰ ਆਫ ਦਿ ਸੀਰੀਜ਼’ ਬਣਿਆ

ਫਾਈਨਲ ਵਿੱਚ ਇੰਗਲੈਂਡ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਸੈਮ ਕਰਨ ਨੂੰ ‘ਪਲੇਅਰ ਆਫ ਦਿ ਸੀਰੀਜ਼’ ਚੁਣਿਆ ਗਿਆ। ਸੱਟ ਤੋਂ ਉਭਰਨ ਮਗਰੋਂ ਵਾਪਸੀ ਕਰਨ ਵਾਲੇ ਕਰਨ ਨੂੰ ਫਾਈਨਲ ਵਿੱਚ ‘ਪਲੇਅਰ ਆਫ ਦਿ ਮੈਚ’ ਵੀ ਚੁਣਿਆ ਗਿਆ। ਫਾਈਨਲ ਵਿੱਚ ਉਸ ਨੇ ਚਾਰ ਓਵਰਾਂ ਵਿੱਚ 12 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਟੂਰਨਾਮੈਂਟ ਵਿੱਚ ਉਸ ਨੇ 13 ਵਿਕਟਾਂ ਲਈਆਂ।

News Source link

- Advertisement -

More articles

- Advertisement -

Latest article