28.8 C
Patiāla
Friday, April 12, 2024

ਉਹ ਖਾਸ ਦਿਨ

Must read


ਰਵਿੰਦਰ ਸਿੰਘ ਸੋਢੀ

ਪਾਰਟੀ ਚੱਲ ਰਹੀ ਸੀ। ਡੌਰਥੀ ਆਂਟੀ ਚੁੱਪ ਬੈਠੇ ਸਨ। ਉਨ੍ਹਾਂ ਦੇ ਨਾਲ ਹੀ ਇੱਕ ਖਾਲੀ ਕੁਰਸੀ ’ਤੇ ਮਾਊਥ ਆਰਗਨ ਪਿਆ ਸੀ। ਉਹ ਕਦੇ ਮਾਊਥ ਆਰਗਨ ਨੂੰ ਆਪਣੇ ਹੱਥਾਂ ਵਿੱਚ ਫੜ ਲੈਂਦੇ ਅਤੇ ਕਦੇ ਬੁੱਲ੍ਹਾਂ ਨਾਲ ਲਾ ਲੈਂਦੇ। ਖਾਲੀ ਕੁਰਸੀ ਵੱਲ ਬੜੀ ਨੀਝ ਨਾਲ ਦੇਖਦੇ ਅਤੇ ਕਦੇ ਘਰ ਦੇ ਵੱਡੇ ਲਾਅਨ ਵਿੱਚ ਇਕੱਠੇ ਹੋਏ ਵੀਹ-ਪੱਚੀ ਮਹਿਮਾਨਾਂ ਵੱਲ। ਕੁਝ ਆਪਣੀਆਂ ਗੱਲਾਂ ਵਿੱਚ ਮਸ਼ਰੂਫ ਸਨ ਅਤੇ ਕੁਝ ਖਾ-ਪੀ ਰਹੇ ਸਨ। ਮੈਂ ਦੂਰੋਂ ਦੇਖਿਆ ਕਿ ਡੌਰਥੀ ਆਂਟੀ ਦੀਆਂ ਅੱਖਾਂ ਜਿਵੇਂ ਕਿਸੇ ਨੂੰ ਭਾਲ ਰਹੀਆਂ ਹੋਣ। ਉਨ੍ਹਾਂ ਦੀਆਂ ਅੱਖਾਂ ਵਿੱਚ ਦਰਦ ਜਿਹਾ ਲੁਕਿਆ ਹੋਇਆ ਸੀ, ਕੁਝ ਗਿੱਲੀਆਂ ਵੀ ਸਨ।

ਮੈਂ ਹੌਲੀ-ਹੌਲੀ ਤੁਰਦਾ ਉਨ੍ਹਾਂ ਕੋਲ ਗਿਆ। ਉਨ੍ਹਾਂ ਨੇ ਮੇਰੇ ਵੱਲ ਦੇਖ ਕੇ ਹਲਕਾ ਜਿਹਾ ਮੁਸਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੇ ਚਿਹਰੇ ’ਤੇ ਫੈਲੀ ਉਦਾਸੀ ਦੀ ਪਰਤ ਨੇ ਉਨ੍ਹਾਂ ਦੇ ਬੁੱਲ੍ਹਾਂ ਦੀ ਮੁਸਕਰਾਹਟ ਨੂੰ ਲੁਕੋ ਲਿਆ। ਉਨ੍ਹਾਂ ਨੇ ਮੇਰੇ ਵੱਲ ਸੁਆਲੀਆ ਨਜ਼ਰਾਂ ਨਾਲ ਦੇਖਿਆ। ਮੈਂ ਨੇੜੇ ਹੀ ਪਈ ਇੱਕ ਖਾਲੀ ਕੁਰਸੀ ਚੁੱਕ ਕੇ ਉਨ੍ਹਾਂ ਕੋਲ ਬੈਠ ਗਿਆ, ਪਰ ਬੋਲ ਕੁਝ ਨਾ ਸਕਿਆ। ਮੈਨੂੰ ਪਤਾ ਸੀ ਕਿ ਅੱਜ ਦਾ ਦਿਨ ਉਨ੍ਹਾਂ ਲਈ ਪਿਛਲੇ ਸਾਲ ਤੱਕ ਖਾਸ ਦਿਨ ਹੁੰਦਾ ਸੀ। ਡੌਰਥੀ ਆਂਟੀ ਲਈ ਹੀ ਨਹੀਂ ਸਗੋਂ ਉਨ੍ਹਾਂ ਦੇ ਪਤੀ ਡੇਵਿਡ ਅੰਕਲ ਲਈ ਵੀ।

ਮੈਨੂੰ ਯਾਦ ਆਇਆ ਕਿ ਬੀਤੇ ਵਰ੍ਹੇ ਇਸੇ ਦਿਨ ਡੇਵਿਡ ਅੰਕਲ ਅਤੇ ਡੌਰਥੀ ਆਂਟੀ ਇਸੇ ਥਾਂ ਇਕੱਠੇ ਬੈਠੇ ਸਨ। ਕਦੇ-ਕਦੇ ਉਹ ਦੋਵੇਂ ਘੁੰਮ ਫਿਰ ਕੇ ਮਹਿਮਾਨਾਂ ਨਾਲ ਹਲਕੀਆਂ-ਫੁਲਕੀਆਂ ਗੱਲਾਂ ਕਰਦੇ, ਹਾਸਿਆਂ ਦੀਆਂ ਫੁਹਾਰਾਂ ਬਿਖੇਰਦੇ। ਜਦੋਂ ਅੰਕਲ ਕਿਸੇ ਗੱਲੋਂ ਜ਼ਿਆਦਾ ਖੁਸ਼ ਹੁੰਦੇ ਤਾਂ ਆਪਣੇ ਹੱਥ ਵਿੱਚ ਫੜਿਆ ਮਾਊਥ ਆਰਗਨ ਵਜਾਉਣ ਲੱਗ ਜਾਂਦੇ। ਮਾਊਥ ਆਰਗਨ ਵਜਾਉਣ ਸਮੇਂ ਉਹ ਆਪ ਤਾਂ ਮਸਤੀ ਵਿੱਚ ਝੂਮਦੇ ਹੀ, ਡੌਰਥੀ ਆਂਟੀ ਦੇ ਪੈਰ ਆਪ ਮੁਹਾਰੇ ਹੀ ਥਿਰਕਣ ਲੱਗਦੇ ਅਤੇ ਉਹ ਉਨ੍ਹਾਂ ਦੇ ਆਲੇ-ਦੁਆਲੇ ਹੀ ਨੱਚਦੇ-ਨੱਚਦੇ ਚੱਕਰ ਕੱਟਦੇ।

ਇਨ੍ਹਾਂ ਦੋਹਾਂ ਨਾਲ ਮੇਰੀ ਮੁਲਾਕਾਤ ਪੰਜ ਕੁ ਸਾਲ ਪਹਿਲਾਂ ਹੋਈ ਸੀ, ਜਦੋਂ ਮੈਂ ਉਨ੍ਹਾਂ ਦੇ ਘਰ ਦਾ ਖਾਲੀ ਹਿੱਸਾ ਕਿਰਾਏ ’ਤੇ ਲੈਣ ਦੀ ਗੱਲ ਕਰਨ ਗਿਆ ਸੀ। ਮੈਨੂੰ ਅਮਰੀਕਾ ਆਏ ਨੂੰ ਹਫ਼ਤਾ ਕੁ ਹੀ ਹੋਇਆ ਸੀ। ਭਾਵੇਂ ਮੈਨੂੰ ਐੱਚ1 ਵੀਜ਼ਾ ਅਤੇ ਮੇਰੀ ਪਤਨੀ ਨੂੰ ਸਪਾਊਸ ਵੀਜ਼ਾ ਮਿਲ ਗਿਆ ਸੀ, ਪਰ ਮੈਂ ਇਕੱਲਾ ਹੀ ਅਮਰੀਕਾ ਆਇਆ ਤਾਂ ਜੋ ਪਹਿਲਾਂ ਦੋਹਾਂ ਦੇ ਰਹਿਣ ਲਈ ਕਿਸੇ ਚੰਗੀ ਰਿਹਾਇਸ਼ ਦਾ ਪ੍ਰਬੰਧ ਕਰ ਸਕਾਂ। ਮੈਂ ਆਪਣੇ ਇੱਕ ਜਾਣ-ਪਛਾਣ ਵਾਲੇ ਦੇ ਘਰ ਟਿਕਾਣਾ ਕੀਤਾ।

ਡਿਊਟੀ ਤੋਂ ਆ ਕੇ ਮੈਂ ਕੰਪਿਊਟਰ ’ਤੇ ਬੈਠ ਕੇ ਕਿਰਾਏ ਲਈ ਖਾਲੀ ਘਰਾਂ ਦੀ ਭਾਲ ਕਰਦਾ। ਮੇਰਾ ਮਿੱਤਰ ਮੈਨੂੰ ਕਈ ਬਾਰ ਕਹਿ ਚੁੱਕਿਆ ਸੀ ਕਿ ਘਰ ਲੱਭਣ ਵਿੱਚ ਬਹੁਤੀ ਕਾਹਲ ਨਾ ਕਰਾਂ, ਪਰ ਮੈਨੂੰ ਜਲਦੀ ਸੀ ਤਾਂ ਜੋ ਮੈਂ ਆਪਣੀ ਜੀਵਨ ਸਾਥਣ ਨੂੰ ਵੀ ਜਲਦੀ ਆਪਣੇ ਕੋਲ ਬੁਲਾ ਲਵਾਂ।

ਇੱਕ ਦਿਨ ਮੇਰੀ ਨਜ਼ਰ ਡੇਵਿਡ ਅੰਕਲ ਦੇ ਘਰ ਦੇ ਇਸ਼ਤਿਹਾਰ ’ਤੇ ਪਈ। ਦੋ ਕਮਰੇ, ਲਿਵਿੰਗ ਰੂਮ, ਇੱਕ ਵਾਸ਼ਰੂਮ। ਸਭ ਤੋਂ ਵੱਡੀ ਗੱਲ, ਉਸ ਘਰ ਵਿੱਚ ਸੋਫਾ ਸੈੱਟ, ਸੈਂਟਰਲ ਟੇਬਲ, ਚਾਰ ਕੁਰਸੀਆਂ ਵਾਲਾ ਡਾਈਨਿੰਗ ਟੇਬਲ, ਕੰਪਿਊਟਰ ਟੇਬਲ ਆਦਿ ਸਭ ਕੁਝ ਸੀ। ਕਿਰਾਇਆ ਵੀ ਸਿਰਫ਼ 800 ਡਾਲਰ। ਆਪਣੀ ਤਨਖਾਹ ਮੁਤਾਬਕ ਇਹ ਕਿਰਾਇਆ ਮੈਂ ਆਰਾਮ ਨਾਲ ਦੇ ਸਕਦਾ ਸੀ। ਮੈਂ ਉਨ੍ਹਾਂ ਨਾਲ ਦਿੱਤੇ ਹੋਏ ਫੋਨ ’ਤੇ ਗੱਲ ਕੀਤੀ ਅਤੇ ਤੈਅ ਕੀਤੇ ਸਮੇਂ ਅਨੁਸਾਰ ਪਹੁੰਚ ਗਿਆ। ਅਸਲ ਵਿੱਚ ਜਿੱਥੇ ਮੈਂ ਰਹਿ ਰਿਹਾ ਸੀ ਇਹ ਘਰ ਉਸ ਦੇ ਨੇੜੇ ਹੀ ਸੀ। ਮੈਂ ਪੈਦਲ ਹੀ ਉੱਥੇ ਚਲਾ ਗਿਆ।

ਮੈਂ ਕੁਝ ਝਿਜਕਦੇ ਹੋਏ ਬੈੱਲ ਵਜਾਈ। ਕੁਝ ਦੇਰ ਬਾਅਦ ਹੀ ਇੱਕ 60-65 ਸਾਲ ਦੇ ਆਦਮੀ ਨੇ ਬੂਹਾ ਖੋਲ੍ਹਿਆ ਅਤੇ ਹੱਸਦੇ ਹੋਏ ਕਹਿਣ ਲੱਗਿਆ, “ਅਨੂਪ?”

ਮੈਂ ਹਾਂ ਵਿੱਚ ਸਿਰ ਹਿਲਾਇਆ। ਉਨ੍ਹਾਂ ਨੇ ਮੈਨੂੰ ਅੰਦਰ ਆਉਣ ਲਈ ਕਿਹਾ।

ਇੱਕ ਅਣਜਾਣ ਵਿਅਕਤੀ ਨਾਲ ਪਹਿਲੀ ਮਿਲਣੀ ’ਤੇ ਹੀ ਮੈਂ ਉਨ੍ਹਾਂ ਤੋਂ ਪ੍ਰਭਾਵਿਤ ਹੋਇਆ। ਉਹ ਮੈਨੂੰ ਆਪਣੇ ਘਰ ਦੇ ਲਿਵਿੰਗ ਰੂਮ ਵਿੱਚ ਲੈ ਗਏ। ਇੱਕ 55-60 ਸਾਲ ਦੀ ਔਰਤ ਆਰਾਮ ਕੁਰਸੀ ’ਤੇ ਬੈਠੀ ਸੀ। ਡੇਵਿਡ ਨੇ ਉਸ ਨਾਲ ਮੇਰੀ ਜਾਣ-ਪਛਾਣ ਕਰਵਾਉਂਦੇ ਦੱਸਿਆ ਕਿ ਅਨੂਪ ਆਪਣਾ ਖਾਲੀ ਅਪਾਰਟਮੈਂਟ ਕਿਰਾਏ ’ਤੇ ਲੈਣ ਆਇਆ ਹੈ। ਉਨ੍ਹਾਂ ਨੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ। ਮੈਂ ਆਪਣੇ ਪੰਜਾਬੀ ਸੁਭਾਅ ਅਨੁਸਾਰ ਉਨ੍ਹਾਂ ਨੂੰ ਹੱਥ ਜੋੜੇ। ਡੌਰਥੀ ਨੇ ਵੀ ਹੱਥ ਜੋੜ ਦਿੱਤੇ।

ਉਹ ਦੋਵੇਂ ਪਤੀ-ਪਤਨੀ ਬੜੇ ਮਿਲਾਪੜੇ ਅਤੇ ਗਲਾਕੜ ਸੀ। ਪਹਿਲਾਂ ਤਾਂ ਡੇਵਿਡ ਨੇ ਮੇਰੇ ਬਾਰੇ, ਮੇਰੀ ਨੌਕਰੀ ਬਾਰੇ ਅਤੇ ਮੇਰੇ ਪਰਿਵਾਰ ਬਾਰੇ ਪੁੱਛਿਆ ਅਤੇ ਇਹ ਵੀ ਪੁੱਛਿਆ ਕਿ ਹੁਣ ਮੈਂ ਕਿੱਥੇ ਰਹਿ ਰਿਹਾ ਹਾਂ? ਉਹ ਦੋਵੇਂ ਹੀ ਬੜੇ ਠਰ੍ਹੰਮੇ ਨਾਲ ਗੱਲ ਕਰ ਰਹੇ ਸਨ। ਮੈਂ ਵੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਸਾਰੇ ਸਵਾਲਾਂ ਦਾ ਜੁਆਬ ਸੰਖੇਪਤਾ ਨਾਲ ਦੇਵਾਂ।

ਡੌਰਥੀ ਫਰਿੱਜ ਵਿੱਚੋਂ ਜੂਸ ਦੀ ਬੋਤਲ ਕੱਢ ਕੇ ਤਿੰਨ ਗਿਲਾਸਾਂ ਵਿੱਚ ਪਾ ਕੇ ਲੈ ਆਏ। ਮੈਂ ਜੂਸ ਦਾ ਗਿਲਾਸ ਫੜਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਜਦੋਂ ਮੈਂ ਅਮਰੀਕਾ ਆਇਆ ਹੀ ਸੀ ਤਾਂ ਮੇਰੇ ਦਫ਼ਤਰ ਵਿੱਚ ਕੰਮ ਕਰਦੇ ਦੋ-ਚਾਰ ਪੰਜਾਬੀਆਂ ਨੇ ਦੱਸਿਆ ਸੀ ਕਿ ਗੋਰੇ ਬੜੇ ਨੱਕ ਚੜ੍ਹੇ ਹੁੰਦੇ ਹਨ, ਸਾਡੇ ਲੋਕਾਂ ਨੂੰ ਤਾਂ ਚੱਜ ਨਾਲ ਬੁਲਾਉਂਦੇ ਵੀ ਨਹੀਂ। ਆਪਣੇ ਘਰ ਵੀ ਗੋਰਿਆਂ ਨੂੰ ਹੀ ਕਿਰਾਏ ’ਤੇ ਦੇ ਕੇ ਖੁਸ਼ ਹੁੰਦੇ ਹਨ। ਇਹ ਸੋਚਦੇ ਹਨ ਕਿ ਅਸੀਂ ਘਰ ਦੀ ਸਫ਼ਾਈ ਵੱਲ ਪੂਰਾ ਧਿਆਨ ਨਹੀਂ ਰੱਖਦੇ। ਇਨ੍ਹਾਂ ਨੂੰ ਸਾਡੇ ਤਲੇ ਹੋਏ ਖਾਣੇ ਵਿੱਚੋਂ ਵੀ ਗੰਦੀ ਹਵਾੜ ਆਉਂਦੀ ਹੈ। ਆਪਣੇ ਘਰ ਵਿੱਚ ਕਿਸੇ ਓਪਰੇ ਬੰਦੇ ਨੂੰ ਵੜਨ ਵੀ ਨਹੀਂ ਦਿੰਦੇ, ਬਾਹਰੋਂ ਹੀ ਤੋਰ ਦਿੰਦੇ ਹਨ। ਜਿਹੜੇ ਗੋਰੇ ਸਾਡੇ ਦਫ਼ਤਰ ਵਿੱਚ ਕੰਮ ਕਰਦੇ ਸਨ, ਉਨ੍ਹਾਂ ਦੇ ਵਿਵਹਾਰ ਤੋਂ ਇਹ ਸਾਰੀਆਂ ਗੱਲਾਂ ਜੇ ਪੂਰੀਆਂ ਨਹੀਂ, ਅੱਧੀਆਂ ਕੁ ਤਾਂ ਠੀਕ ਹੀ ਲੱਗਦੀਆਂ। ਡੇਵਿਡ ਅਤੇ ਡੌਰਥੀ ਦਾ ਵਤੀਰਾ ਤਾਂ ਬਾਕੀ ਗੋਰਿਆਂ ਨਾਲੋਂ ਬਿਲਕੁਲ ਹੀ ਵੱਖਰਾ ਸੀ। ਉਹ ਦੋਵੇਂ ਹੀ ਮੈਨੂੰ ਬਹੁਤ ਸੁਲਝੇ ਹੋਏ ਲੱਗੇ। ਉਨ੍ਹਾਂ ਦਾ ਵਿਵਹਾਰ ਅਪਣੱਤ ਭਰਿਆ ਸੀ।

ਜੂਸ ਪੀ ਕੇ ਡੇਵਿਡ ਮੈਨੂੰ ਘਰ ਦਿਖਾਉਣ ਲੈ ਗਿਆ। ਘਰ ਸਾਫ਼-ਸੁਥਰਾ ਸੀ ਅਤੇ ਜਿਹੜਾ ਫਰਨੀਚਰ ਵੀ ਸੀ, ਉਹ ਵੀ ਵਧੀਆ ਹਾਲਤ ਵਿੱਚ ਸੀ। ਮੈਂ ਦਿਲ ਹੀ ਦਿਲ ਵਿੱਚ ਹਿਸਾਬ ਲਾ ਰਿਹਾ ਸੀ ਕਿ ਜੇ ਇਹ ਅਪਾਰਟਮੈਂਟ ਮੈਨੂੰ ਮਿਲ ਜਾਵੇ ਤਾਂ ਫਿਲਹਾਲ ਮੈਨੂੰ ਸਿਰਫ਼ ਬੈੱਡ ਹੀ ਖਰੀਦਣੇ ਪੈਣਗੇ। ਇਸ ਤਰ੍ਹਾਂ ਮੇਰਾ ਕਾਫ਼ੀ ਖਰਚਾ ਬਚ ਜਾਵੇਗਾ। ਘਰ ਦੇ ਨੇੜੇ ਹੀ ਬੱਸ ਰੁਕਦੀ ਸੀ। ਮੈਨੂੰ ਦਫ਼ਤਰ ਜਾਣ ਲਈ ਆਸਾਨੀ ਰਹੇਗੀ। ਸੜਕ ਪਾਰ ਕਰਦੇ ਹੀ ਗੈਸ ਸਟੇਸ਼ਨ ਸੀ, ਜਿੱਥੋਂ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਮਿਲ ਜਾਣਗੀਆਂ। ਇੰਡੀਅਨ ਗਰੌਸਰੀ ਸਟੋਰ ਵੀ ਨੇੜੇ ਹੀ ਸੀ। ਮੈਂ ਕੁਝ ਸਮਾਂ ਬਿਨਾਂ ਕਾਰ ਤੋਂ ਵੀ ਗੁਜ਼ਾਰਾ ਕਰ ਸਕਦਾ ਸੀ।

ਘਰ ਦਿਖਾ ਕੇ ਡੇਵਿਡ ਮੈਨੂੰ ਆਪਣੇ ਲਿਵਿੰਗ ਰੂਮ ਵਿੱਚ ਹੀ ਲੈ ਆਇਆ। ਮੈਂ ਬੈਠਦੇ ਹੀ ਕਿਹਾ, “ਸਰ, ਮੈਂ ਅੱਠ ਸੌ ਡਾਲਰ ਵਿੱਚ ਇਹ ਅਪਾਰਟਮੈਂਟ ਲੈਣ ਲਈ ਤਿਆਰ ਹਾਂ। ਐਡਵਾਂਸ ਕਿੰਨਾ ਦੇਵਾਂ?’’

ਡੇਵਿਡ ਹੈਰਾਨੀ ਨਾਲ ਮੇਰੇ ਵੱਲ ਦੇਖਦਾ ਬੋਲਿਆ, “ਮੁਆਫ਼ ਕਰਨਾ, ਇਹ ਸਰ ਤੁਸੀਂ ਕਿਸ ਨੂੰ ਕਿਹਾ? ਮੇਰਾ ਨਾਂ ਸਰ ਨਹੀਂ ਡੇਵਿਡ ਹੈ ਅਤੇ ਮੇਰੀ ਪਤਨੀ ਡੌਰਥੀ। ਤੁਸੀਂ ਸਾਨੂੰ ਨਾਂ ਲੈ ਕੇ ਬੁਲਾ ਸਕਦੇ ਹੋ।”

ਮੈਂ ਝਿਜਕਦੇ ਹੋਏ ਕਿਹਾ, “ਤੁਸੀਂ ਉਮਰ ਵਿੱਚ ਮੇਰੇ ਤੋਂ ਬਹੁਤ ਵੱਡੇ ਹੋ। ਅਸੀਂ ਵੱਡਿਆਂ ਨੂੰ ਨਾਂ ਲੈ ਕੇ ਨਹੀਂ ਬੁਲਾਉਂਦੇ। ਸਰ, ਅੰਕਲ ਜਾਂ ਆਂਟੀ ਕਹਿੰਦੇ ਹਾਂ। ਮੈਂ ਤਾਂ ਤੁਹਾਡੇ ਬੱਚਿਆਂ ਦੀ ਉਮਰ ਦਾ ਹਾਂ, ਇਸ ਲਈ ਨਾਂ ਨਹੀਂ ਲੈ ਸਕਦਾ।” ਨਾਲ ਦੀ ਨਾਲ ਮੇਰੇ ਦਿਲ ਵਿੱਚ ਇਹ ਵੀ ਆ ਗਿਆ ਕਿ ਇਹ ਕਿਤੇ ਮੈਨੂੰ ਪੱਛੜੇ ਖਿਆਲਾਂ ਦਾ ਸਮਝ ਕੇ ਘਰ ਦੇਣ ਤੋਂ ਨਾਂਹ ਹੀ ਨਾ ਕਰ ਦੇਣ। ਇਸ ਲਈ ਮੌਕਾ ਸੰਭਾਲਦੇ ਕਿਹਾ, “ਅਜੇ ਮੈਂ ਅਮਰੀਕਾ ਨਵਾਂ-ਨਵਾਂ ਹੀ ਆਇਆ ਹਾਂ, ਇਸ ਲਈ ਇੱਥੋਂ ਦੇ ਮਾਹੌਲ ਵਿੱਚ ਢਲਦੇ ਕੁਝ ਸਮਾਂ ਲੱਗੇਗਾ।”

ਮੇਰੀ ਗੱਲ ਸੁਣ ਕੇ ਉਹ ਦੋਵੇਂ ਖੁੱਲ੍ਹ ਕੇ ਹੱਸੇ। ਡੌਰਥੀ ਕਹਿਣ ਲੱਗੀ, “ਮੈਨੂੰ ਤੁਹਾਡੇ ਪੰਜਾਬੀਆਂ ਦੀਆਂ ਅਜਿਹੀਆਂ ਗੱਲਾਂ ਬਹੁਤ ਪਸੰਦ ਨੇ। ਮੈਂ ਜਦੋਂ ਯੂਨੀਵਰਸਿਟੀ ਪੜ੍ਹਦੀ ਸੀ ਤਾਂ ਇੱਕ ਪੰਜਾਬੀ ਕੁੜੀ ਅਤੇ ਦਿੱਲੀ ਦੇ ਦੋ ਮੁੰਡੇ ਵੀ ਮੇਰੇ ਨਾਲ ਹੀ ਸਨ। ਕੁੜੀ ਮੇਰੇ ਤੋਂ ਉਮਰ ਵਿੱਚ ਛੋਟੀ ਸੀ, ਇਸ ਲਈ ਮੈਨੂੰ ਸਿਸਟਰ ਕਹਿੰਦੀ। ਦੋ ਸਾਲਾਂ ਬਾਅਦ ਮੇਰਾ ਨਾਂ ਲੈਣ ਲੱਗੀ। ਉਹ ਮੈਨੂੰ ਪੰਜਾਬੀਆਂ ਬਾਰੇ ਬਹੁਤ ਕੁਝ ਦੱਸਦੀ ਰਹਿੰਦੀ।”

“ਅਸਲ ਵਿੱਚ ਹਰ ਦੇਸ਼ ਦਾ ਆਪਣਾ ਸੱਭਿਆਚਾਰ ਹੁੰਦਾ ਹੈ। ਕੋਈ ਵੀ ਇਨਸਾਨ ਜਦੋਂ ਨਵੇਂ ਸੱਭਿਆਚਾਰ ਨਾਲ ਜੁੜਦਾ ਹੈ ਤਾਂ ਨਵੇਂ ਮਾਹੌਲ ਵਿੱਚ ਢਲਣ ਲਈ ਸਮਾਂ ਤਾਂ ਲੱਗਦਾ ਹੀ ਹੈ। ਤੁਸੀਂ ਦੋਵੇਂ ਮੇਰੇ ਪੇਰੈਂਟਸ ਦੀ ਉਮਰ ਦੇ ਹੋ, ਇਸ ਲਈ ਜਲਦੀ-ਜਲਦੀ ਤੁਹਾਡਾ ਨਾਂ ਮੇਰੇ ਮੂੰਹ ’ਤੇ ਨਹੀਂ ਚੜ੍ਹੇਗਾ। ਇਸ ਗੱਲ ਦੀ ਮੈਂ ਮੁਆਫ਼ੀ ਮੰਗਦਾ ਹਾਂ, ਪਰ ਜੇ ਤੁਸੀਂ ਜ਼ਿਆਦਾ ਕਹੋਗੇ ਤਾਂ ਮੈਂ…।’’

ਡੇਵਿਡ ਨੇ ਮੇਰੀ ਗੱਲ ਕੱਟਦੇ ਹੋਏ ਕਿਹਾ, “ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ, ਤੂੰ ਸਾਫ਼ ਗੱਲ ਕਰਦਾ ਹੈਂ ਅਤੇ ਤੂੰ ਆਪਣੀਆਂ ਮੌਰਲ ਵੈਲੀਊਜ਼ ਦੀ ਕਦਰ ਕਰਦਾ ਹੈਂ। ਇਸ ਲਈ ਅਸੀਂ ਤੇਰੇ ਤੋਂ ਸਿਰਫ਼ 700 ਡਾਲਰ ਕਿਰਾਇਆ ਲਵਾਂਗੇ। ਡੌਰਥੀ, ਇਜ਼ ਇਟ ਓਕੇ ਵਿਦ ਯੂ?”(ਡੌਰਥੀ, ਇਹ ਠੀਕ ਰਹੇ ਗਾ?)

“ਗਿਵ ਹਿਮ ਸਮ ਮੋਰ ਕਨਸ਼ੈਸ਼ਨ। ਹੀ ਇਜ਼ ਲਾਈਕ ਫਿਲਿਪਸ।”(ਇਸ ਨੂੰ ਕੁਝ ਹੋਰ ਘਟਾ ਦੇ। ਇਹ ਫਿਲਿਪਸ ਵਰਗਾ ਹੀ ਹੈ)। ਡੇਵਿਡ ਨੂੰ ਇਹ ਗੱਲ ਕਹਿ ਕੇ ਉਹ ਮੈਨੂੰ ਕਹਿਣ ਲੱਗੀ, “ਸਾਡੇ ਇੱਕ ਹੀ ਲੜਕਾ ਹੈ ਫਿਲਿਪਸ। ਉਹ ਇਸੇ ਸ਼ਹਿਰ ਵਿੱਚ ਆਪਣੀ ਬੀਵੀ-ਬੱਚਿਆਂ ਨਾਲ ਰਹਿੰਦਾ ਹੈ। ਭਾਵੇਂ ਆਪਣਾ ਕੰਮ ਕਰਦਾ ਹੈ, ਪਰ ਜਦੋਂ ਵੀ ਸਾਨੂੰ ਮਿਲਣ ਆਉਂਦਾ ਹੈ, ਪੈਸੇ ਹੀ ਮੰਗਦਾ ਰਹਿੰਦਾ ਹੈ।” ਇਹ ਕਹਿ ਕੇ ਡੌਰਥੀ ਹੱਸ ਪਈ।

ਇਸ ਤੋਂ ਬਾਅਦ ਡੇਵਿਡ ਨੇ ਆਪਣਾ ਫੈਸਲਾ ਸੁਣਾ ਦਿੱਤਾ ਕਿ ਮਹੀਨੇ ਬਾਅਦ ਦੇਖਾਂਗੇ ਕਿ ਕਿੰਨਾ ਕਿਰਾਇਆ ਲੈਣਾ ਹੈ। ਐਡਵਾਂਸ ਦੀ ਲੋੜ ਨਹੀਂ ਅਤੇ ਇਹ ਵੀ ਪੁੱਛ ਲਿਆ ਕਿ ਕਦੋਂ ਸ਼ਿਫਟ ਕਰਨਾ ਹੈ?

ਮੈਂ ਦਿਲੋਂ ਖੁਸ਼ ਸੀ ਕਿ ਕਿਰਾਇਆ ਵੀ ਸੌ ਡਾਲਰ ਘਟ ਗਿਆ ਅਤੇ ਐਡਵਾਂਸ ਵੀ ਨਹੀਂ ਮੰਗ ਰਹੇ। ਮੈਂ ਉਨ੍ਹਾਂ ਨੂੰ ਦੱਸ ਦਿੱਤਾ ਕਿ ਅਗਲੇ ਦਿਨ ਸ਼ਨਿਚਰਵਾਰ ਹੈ, ਮੈਂ ਆਪਣਾ ਸਾਮਾਨ ਲੈ ਆਵਾਂਗਾ। ਉਨ੍ਹਾਂ ਨੇ ਮੈਨੂੰ ਘਰ ਦੀ ਚਾਬੀ ਦੇ ਦਿੱਤੀ।

ਸਵੇਰੇ ਹੀ ਮੈਂ ਡੇਵਿਡ ਅੰਕਲ ਨੂੰ ਫੋਨ ਕਰ ਦਿੱਤਾ ਕਿ ਮੈਂ ਲੰਚ ਤੋਂ ਬਾਅਦ ਸਾਮਾਨ ਲਿਆ ਰਿਹਾ ਹਾਂ। ਮੇਰੇ ਕੋਲ ਸਾਮਾਨ ਬਹੁਤਾ ਤਾਂ ਹੈ ਵੀ ਨਹੀਂ ਸੀ। ਮੇਰੇ ਦੋਸਤ ਰਾਹੁਲ ਦੀ ਗੱਡੀ ਵਿੱਚ ਹੀ ਦੋ ਚੱਕਰ ਲਾ ਲਏ। ਰਾਹੁਲ ਨੇ ਸਾਮਾਨ ਸੈੱਟ ਕਰਨ ਵਿੱਚ ਵੀ ਮੇਰੀ ਮਦਦ ਕਰ ਦਿੱਤੀ। ਸਾਮਾਨ ਸੈੱਟ ਕਰਕੇ ਮੈਂ ਰਾਹੁਲ ਨਾਲ ਇੰਡੀਅਨ ਗਰੌਸਰੀ ਸਟੋਰ ਜਾ ਕੇ ਜ਼ਰੂਰੀ ਸਾਮਾਨ ਲੈ ਆਇਆ। ਇਹ ਕੰਮ ਕਰਦੇ-ਕਰਦੇ ਸ਼ਾਮ ਦੇ ਛੇ ਵੱਜ ਗਏ। ਉਸ ਤੋਂ ਬਾਅਦ ਰਾਹੁਲ ਚਲਾ ਗਿਆ। ਮੈਂ ਆਰਾਮ ਕਰਨ ਲਈ ਸੋਫੇ ’ਤੇ ਪੈ ਗਿਆ। ਥੋੜ੍ਹੀ ਦੇਰ ਬਾਅਦ ਹੀ ਮੇਰੇ ਮੋਬਾਈਲ ’ਤੇ ਡੇਵਿਡ ਅੰਕਲ ਦੀ ਕਾਲ ਆਈ। ਉਨ੍ਹਾਂ ਨੇ ਦੱਸਿਆ ਕਿ ਰਾਤ ਲਈ ਉਨ੍ਹਾਂ ਨੇ ਪੀਜ਼ਾ ਆਰਡਰ ਕਰ ਦਿੱਤਾ ਹੈ। ਘੰਟੇ ਕੁ ਤੱਕ ਉਨ੍ਹਾਂ ਕੋਲ ਪਹੁੰਚ ਜਾਵਾਂ। ਮੈਂ ਜਲਦੀ-ਜਲਦੀ ਨਹਾ ਕੇ ਤਿਆਰ ਹੋ ਗਿਆ। ਪੱਗ ਦੀ ਬਜਾਏ ਮੈਂ ਚਿੱਟੇ ਰੰਗ ਦਾ ਪਟਕਾ ਬੰਨ੍ਹ ਲਿਆ। ਸੱਤ ਵਜੇ ਮੈਂ ਉਨ੍ਹਾਂ ਕੋਲ ਚਲਾ ਗਿਆ। ਮੇਰਾ ਪਟਕਾ ਦੇਖ ਕੇ ਅੰਕਲ ਪੁੱਛਣ ਲੱਗੇ ਕਿ ਕੀ ਇਹ ਛੋਟੀ ਪੱਗ ਹੈ? ਮੈਂ ਉਨ੍ਹਾਂ ਨੂੰ ਦੱਸਿਆ ਕਿ ਇਸ ਨੂੰ ਅਸੀਂ ਪਟਕਾ ਜਾਂ ਅੰਡਰ ਟਰਬਨ ਕਹਿੰਦੇ ਹਾਂ। ਘਰ ਅਸੀਂ ਇਹੋ ਬੰਨ੍ਹਦੇ ਹਾਂ।

ਅੰਕਲ ਨੇ ਵਾਈਨ ਦੀ ਬੋਤਲ ਕੱਢਦਿਆਂ ਮੇਰੇ ਕੋਲੋਂ ਪੁੱਛ ਲਿਆ ਕਿ ਕੀ ਵਾਈਨ ਪੀਂਦਾ ਹੈਂ? ਮੇਰੇ ਹਾਂ ਕਰਨ ’ਤੇ ਉਨ੍ਹਾਂ ਨੇ ਤਿੰਨ ਗਿਲਾਸਾਂ ਵਿੱਚ ਵਾਈਨ ਪਾ ਲਈ। ਅਸੀਂ ਤਿੰਨੋਂ ਵਾਈਨ ਦੀਆਂ ਚੁਸਕੀਆਂ ਵੀ ਲੈਂਦੇ ਰਹੇ ਅਤੇ ਗੱਲਾਂ ਵੀ ਕਰਦੇ ਰਹੇ। ਵਾਈਨ ਖਤਮ ਹੋਣ ਤੋਂ ਪਹਿਲਾਂ ਹੀ ਪੀਜ਼ਾ ਆ ਗਿਆ। ਪੀਜ਼ੇ ਤੋਂ ਕੁਝ ਦੇਰ ਬਾਅਦ ਡੌਰਥੀ ਆਂਟੀ ਨੇ ਕੌਫ਼ੀ ਬਣਾ ਲਈ। ਅਗਲੇ ਦਿਨ ਕਿਉਂ ਜੋ ਛੁੱਟੀ ਸੀ, ਇਸ ਲਈ ਅਸੀਂ ਦੇਰ ਰਾਤ ਤੱਕ ਗੱਲਾਂ ਕਰਦੇ ਰਹੇ।

ਮੈਂ ਉਨ੍ਹਾਂ ਨੂੰ ਸਪੱਸ਼ਟ ਦੱਸ ਦਿੱਤਾ ਕਿ ਮੈਂ ਦੋਹਾਂ ਨੂੰ ਅੰਕਲ, ਆਂਟੀ ਹੀ ਕਹਾਂਗਾ ਕਿਉਂਕਿ ਇਸ ਨਾਲ ਉਹ ਮੈਨੂੰ ਆਪਣੇ ਪਰਿਵਾਰ ਦਾ ਹਿੱਸਾ ਹੀ ਲੱਗਣਗੇ। ਉਨ੍ਹਾਂ ਦੇ ਅਪਾਰਟਮੈਂਟ ਵਿੱਚ ਆ ਕੇ ਮੈਨੂੰ ਵਧੀਆ ਘਰ ਹੀ ਨਹੀਂ ਮਿਲਿਆ ਸਗੋਂ ਇੱਕ ਪਰਿਵਾਰਕ ਮਾਹੌਲ ਵੀ ਮਿਲ ਗਿਆ। ਸ਼ਾਮ ਨੂੰ ਦਫ਼ਤਰ ਤੋਂ ਆ ਕੇ ਉਨ੍ਹਾਂ ਕੋਲ ਕੁਝ ਦੇਰ ਮੈਂ ਜ਼ਰੂਰ ਬੈਠਦਾ। ਵੀਕਐੰਂਡ ’ਤੇ ਉਹ ਆਪਣੀ ਕਾਰ ਵਿੱਚ ਹੀ ਮੈਨੂੰ ਆਪਣੇ ਨਾਲ ਕਿਤੇ ਘੁੰਮਣ ਲੈ ਜਾਂਦੇ। ਅੰਕਲ ਨਾਲ ਕਾਰ ਵਿੱਚ ਜਾ ਕੇ ਹੀ ਮੈਂ ਗਰੌਸਰੀ ਦਾ ਸਾਮਾਨ ਲੈ ਆਉਂਦਾ। ਤਿੰਨ-ਚਾਰ ਵਾਰ ਮੈਂ ਆਪਣੀ ਪਤਨੀ ਸੰਗੀਤਾ ਦੀ ਉਨ੍ਹਾਂ ਨਾਲ ਵੀਡੀਓ ਕਾਲ ਵੀ ਕਰਵਾ ਦਿੱਤੀ ਸੀ। ਸੰਗੀਤਾ ਨੂੰ ਵੀ ਦੋਹਾਂ ਦਾ ਸੁਭਾਅ ਬਹੁਤ ਵਧੀਆ ਲੱਗਿਆ ਅਤੇ ਉਨ੍ਹਾਂ ਨਾਲ ਲਗਾਉ ਜਿਹਾ ਹੋ ਗਿਆ। ਆਂਟੀ ਮੈਨੂੰ ਕਈ ਬਾਰ ਕਹਿ ਚੁੱਕੇ ਸਨ ਕਿ ਸੰਗੀਤਾ ਨੂੰ ਜਲਦੀ ਅਮਰੀਕਾ ਬੁਲਾ ਲੈ। ਉਹ ਆਪ ਵੀ ਆਉਣ ਲਈ ਕਾਹਲੀ ਸੀ। ਇੱਕ ਰਾਤ ਮੈਂ ਲੈਪਟਾਪ ’ਤੇ ਦੋ-ਚਾਰ ਵੈੱਬਸਾਈਟ ਦੇਖ ਕੇ ਠੀਕ ਰੇਟ ਦੀ ਟਿਕਟ ਬੁੱਕ ਕਰਵਾ ਦਿੱਤੀ।

ਅੰਕਲ ਆਪਣੀ ਗੱਡੀ ਵਿੱਚ ਹੀ ਮੇਰੇ ਨਾਲ ਜਾ ਕੇ ਸੰਗੀਤਾ ਨੂੰ ਏਅਰਪੋਰਟ ਤੋਂ ਲੈ ਕੇ ਆਏ। ਆਂਟੀ ਨੇ ਪਹਿਲਾਂ ਹੀ ਸੰਗੀਤਾ ਦੀ ਪਸੰਦ ਦੇ ਖਾਣੇ ਬਾਰੇ ਪੁੱਛ ਕੇ ਇੰਡੀਅਨ ਰੈਸਟੋਰੈਂਟ ਤੋਂ ਖਾਣੇ ਦਾ ਆਰਡਰ ਕਰ ਦਿੱਤਾ ਸੀ। ਭਾਵੇਂ ਸੰਗੀਤਾ ਲੰਬੇ ਸਫ਼ਰ ਕਾਰਨ ਕਾਫ਼ੀ ਥੱਕੀ ਹੋਈ ਸੀ, ਪਰ ਤਾਂ ਵੀ ਅੰਕਲ-ਆਂਟੀ ਦੇ ਪਿਆਰ ਵਾਲੇ ਰਵੱਈਏ ਅਤੇ ਵਧੀਆ ਖਾਣੇ ਨੇ ਉਸ ਦੀ ਥਕਾਵਟ ਲਾਹ ਦਿੱਤੀ।

ਜਲਦੀ ਹੀ ਸੰਗੀਤਾ ਵੀ ਉਨ੍ਹਾਂ ਦੋਹਾਂ ਨਾਲ ਕਾਫ਼ੀ ਘੁਲ ਮਿਲ ਗਈ। ਮੇਰੇ ਦਫ਼ਤਰ ਜਾਣ ਤੋਂ ਬਾਅਦ ਉਸ ਨੇ ਘਰ ਦੇ ਕੰਮ ਮੁਕਾ ਕੇ ਡੌਰਥੀ ਆਂਟੀ ਕੋਲ ਚਲੀ ਜਾਣਾ। ਜੇ ਕਦੇ ਸੰਗੀਤਾ ਨੂੰ ਦੇਰ ਹੋ ਜਾਣੀ ਤਾਂ ਆਂਟੀ ਨੇ ਆਪ ਹੀ ਸੰਗੀਤਾ ਕੋਲ ਆ ਜਾਣਾ। ਸੰਗੀਤਾ ਹਮੇਸ਼ਾਂ ਆਂਟੀ ਦਾ ਕੰਮ ਵਿੱਚ ਹੱਥ ਵਟਾ ਦਿੰਦੀ। ਡੇਵਿਡ ਅਤੇ ਡੌਰਥੀ ਦੋਵੇਂ ਹੀ ਸੰਗੀਤਾ ਦੇ ਅਜਿਹੇ ਵਿਵਹਾਰ ਤੋਂ ਬਹੁਤ ਖੁਸ਼ ਸਨ। ਉਹ ਕਈ ਬਾਰ ਕਹਿ ਚੁੱਕੇ ਸਨ ਕਿ ਉਨ੍ਹਾਂ ਦਾ ਇੱਕ ਹੀ ਲੜਕਾ ਹੈ, ਪਰ ਉਹ ਤਾਂ ਆਪਣੀ ਪੜ੍ਹਾਈ ਦੌਰਾਨ ਹੀ ਅਲੱਗ ਰਹਿਣ ਲੱਗ ਪਿਆ ਸੀ। ਉਸ ਦੇ ਵਿਆਹ ਤੋਂ ਬਾਅਦ ਦੋਹਾਂ ਨੇ ਫਿਲਿਪਸ ਨੂੰ ਬਹੁਤ ਕਿਹਾ ਕਿ ਉਨ੍ਹਾਂ ਕੋਲ ਰਹੇ, ਪਰ ਦੋਵੇਂ ਪਤੀ-ਪਤਨੀ ਨੇ ਅੱਡ ਰਹਿਣ ਨੂੰ ਹੀ ਤਰਜੀਹ ਦਿੱਤੀ। ਇੱਕ ਹੀ ਸ਼ਹਿਰ ਵਿੱਚ ਰਹਿਣ ਦੇ ਬਾਵਜੂਦ ਉਹ ਮਹੀਨਾ-ਮਹੀਨਾ ਉਨ੍ਹਾਂ ਨੂੰ ਮਿਲਣ ਨਹੀਂ ਆਉਂਦੇ। ਜਦੋਂ ਬੱਚੇ ਹੋ ਗਏ ਤਾਂ ਆਉਣਾ ਹੋਰ ਵੀ ਘਟ ਗਿਆ।

ਡੇਵਿਡ ਅੰਕਲ ਅਤੇ ਡੌਰਥੀ ਆਂਟੀ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋ ਚੁੱਕੇ ਸਨ। ਦੋਹਾਂ ਨੂੰ ਚੰਗੀ ਪੈਨਸ਼ਨ ਮਿਲਦੀ ਸੀ। ਦੋ ਅਪਾਰਟਮੈਂਟ ਦਾ ਕਿਰਾਇਆ ਵੀ ਆਉਂਦਾ ਸੀ। ਆਰਥਿਕ ਪੱਖੋਂ ਖੁਸ਼ਹਾਲ ਸਨ। ਸਿਹਤ ਵੀ ਦੋਹਾਂ ਦੀ ਠੀਕ ਸੀ। ਦੋਵੇਂ ਸਵੇਰ-ਸ਼ਾਮ ਸੈਰ ਜ਼ਰੂਰ ਕਰਦੇ। ਆਪਣੇ ਘਰ ਦੇ ਵੱਡੇ ਲਾਨ ਦੀ ਸਾਫ਼-ਸਫ਼ਾਈ ਵੀ ਦੋਵੇਂ ਮਿਲ ਕੇ ਹੀ ਕਰਦੇ। ਮੈਂ ਉਨ੍ਹਾਂ ਨੂੰ ਕਦੇ ਇੱਕ ਦੂਜੇ ਨਾਲ ਉੱਚੀ ਬੋਲਦੇ ਨਹੀਂ ਸੀ ਸੁਣਿਆ।

ਤਿੰਨ ਕੁ ਮਹੀਨੇ ਬਾਅਦ ਡੌਰਥੀ ਆਂਟੀ ਨੇ ਸਾਨੂੰ ਦੱਸਿਆ ਕਿ 19 ਅਗਸਤ ਨੂੰ ਉਹ ਇੱਕ ਪਾਰਟੀ ਦਾ ਇੰਤਜ਼ਾਮ ਕਰ ਰਹੇ ਹਨ। ਕੋਲ ਬੈਠੇ ਅੰਕਲ ਨੇ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਇਹ ਪਾਰਟੀ ਕਰਦੇ ਆ ਰਹੇ ਹਨ ਜਿਸ ਵਿੱਚ ਬਹੁਤ ਨਜ਼ਦੀਕੀ 20-25 ਮਹਿਮਾਨ ਹੀ ਸ਼ਾਮਲ ਹੁੰਦੇ ਹਨ। ਜਦੋਂ ਮੈਂ ਇਹ ਪੁੱਛਿਆ ਕਿ ਇਹ ਪਾਰਟੀ ਕਿਉਂ ਕਰਦੇ ਹਨ ਤਾਂ ਦੋਵੇਂ ਹੀ ਹੱਸ ਪਏ, ਪਰ ਮੇਰੀ ਗੱਲ ਦਾ ਜਵਾਬ ਨਾ ਦਿੱਤਾ।

ਇੱਕ ਅਗਸਤ ਤੋਂ ਹੀ ਉਨ੍ਹਾਂ ਨੇ ਪਾਰਟੀ ਦੀ ਪਲੈਨਿੰਗ ਸ਼ੁਰੂ ਕਰ ਦਿੱਤੀ। ਮਹਿਮਾਨਾਂ ਨੂੰ ਸੱਦੇ ਭੇਜ ਦਿੱਤੇ। ਕੇਟਰਿੰਗ ਵਾਲਿਆਂ ਨੂੰ ਪਾਰਟੀ ਦਾ ਮੈਨਿਊ ਦੱਸ ਦਿੱਤਾ। ਉਹ ਘਰ ਦੇ ਵੱਡੇ ਲਾਅਨ ਵਿੱਚ ਹੀ ਪਾਰਟੀ ਦਾ ਇੰਤਜ਼ਾਮ ਕਰਦੇ। ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਦਾ ਲੜਕਾ ਫਿਲਿਪਸ, ਉਸ ਦੀ ਪਤਨੀ ਅਤੇ ਬੱਚੇ ਵੀ ਦੋ-ਤਿੰਨ ਚੱਕਰ ਲਾ ਗਏ। ਸਾਨੂੰ ਮਿਲ ਕੇ ਵੀ ਉਹ ਬਹੁਤ ਖੁਸ਼ ਹੋਏ। ਫਿਲਿਪਸ ਦੀ ਪਤਨੀ ਨੇ ਸੰਗੀਤਾ ਨੂੰ ਦੱਸਿਆ ਕਿ ਜਦੋਂ ਤੋਂ ਤੁਸੀਂ ਆਏ ਹੋ, ਇਹ ਦੋਵੇਂ ਬਹੁਤ ਖੁਸ਼ ਹਨ। ਫੋਨ ’ਤੇ ਤੁਹਾਡੇ ਬਾਰੇ ਦੱਸਦੇ ਰਹਿੰਦੇ ਹਨ। ਹੁਣ ਜੇ ਅਸੀਂ ਇਨ੍ਹਾਂ ਨੂੰ ਜਲਦੀ-ਜਲਦੀ ਮਿਲਣ ਨਾ ਆਈਏ ਤਾਂ ਨਾਰਾਜ਼ ਨਹੀਂ ਹੁੰਦੇ।

ਪਾਰਟੀ ਵਾਲੇ ਦਿਨ ਅੰਕਲ ਅਤੇ ਆਂਟੀ ਨੇ ਬਹੁਤ ਹੀ ਵਧੀਆ ਨਵੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ। ਉਹ ਸਾਰੇ ਮਹਿਮਾਨਾਂ ਦਾ ਸਵਾਗਤ ਆਪ ਕਰ ਰਹੇ ਸਨ ਅਤੇ ਖਾਣ-ਪੀਣ ਦੀਆਂ ਮੇਜ਼ਾਂ ਤੱਕ ਛੱਡ ਕੇ ਆਉਂਦੇ। ਉਸ ਦਿਨ ਮੈਨੂੰ ਅੰਕਲ ਦੀ ਇੱਕ ਹੋਰ ਖ਼ੂਬੀ ਦਾ ਪਤਾ ਲੱਗਿਆ ਕਿ ਉਹ ਮਾਊਥ ਆਰਗਨ ਵਜਾਉਣ ਦੇ ਮਾਹਿਰ ਸਨ। ਮਾਊਥ ਆਰਗਨ ਉਨ੍ਹਾਂ ਦੇ ਹੱਥ ਵਿੱਚ ਹੀ ਸੀ। ਪਤਾ ਨਹੀਂ ਸੀ ਲੱਗਦਾ ਕਿ ਉਹ ਗੱਲਾਂ ਕਰਦੇ-ਕਰਦੇ ਕਦੋਂ ਮਾਊਥ ਆਰਗਨ ਆਪਣੇ ਮੂੰਹ ਨਾਲ ਲਾ ਲੈਂਦੇ। ਸੰਗੀਤਾ ਅਤੇ ਮੇਰੇ ਤੋਂ ਇਲਾਵਾ ਸਾਰਿਆਂ ਨੂੰ ਹੀ ਉਨ੍ਹਾਂ ਦੀ ਇਸ ਕਲਾ ਦੀ ਜਾਣਕਾਰੀ ਸੀ। ਇੱਕ ਦੋ ਬਾਰ ਤਾਂ ਉਨ੍ਹਾਂ ਨੇ ਮਾਊਥ ਆਰਗਨ ਨਾਲ ਕੁਝ ਸੁਰਾਂ ਜਿਹੀਆਂ ਹੀ ਕੱਢੀਆਂ, ਪਰ ਜਲਦੀ ਹੀ ਉਨ੍ਹਾਂ ਨੇ ਮਿੱਠੀਆਂ-ਮਿੱਠੀਆਂ ਧੁਨਾਂ ਦੀ ਛਹਿਬਰ ਲਾ ਦਿੱਤੀ। ਧੁਨਾਂ ਦੇ ਨਾਲ-ਨਾਲ ਡੌਰਥੀ ਆਂਟੀ ਦੇ ਪੈਰ ਵੀ ਹਰਕਤ ਵਿੱਚ ਆਉਣ ਲੱਗੇ। ਉਹ ਆਪਣੇ ਪਤੀ ਦੇ ਆਲੇ ਦੁਆਲੇ ਕਿਸੇ ਅੱਲ੍ਹੜ ਮੁਟਿਆਰ ਦੀ ਤਰ੍ਹਾਂ ਨੱਚਣ ਲੱਗੇ। ਅੰਕਲ, ਆਂਟੀ ਨੂੰ ਥਰਕਦੀ ਦੇਖ ਹੋਰ ਵਜ਼ਦ ਵਿੱਚ ਆ ਕੇ ਮਾਊਥ ਆਰਗਨ ਦਾ ਕਮਾਲ ਦਿਖਾਉਣ ਲੱਗੇ ਅਤੇ ਆਂਟੀ ਦੇ ਨਾਚ ਦੀ ਰਫ਼ਤਾਰ ਵੀ ਤੇਜ਼ ਹੋਣ ਲੱਗੀ। ਸਾਰੇ ਮਹਿਮਾਨ ਪਹਿਲਾਂ ਤਾੜੀਆਂ ਨਾਲ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਰਹੇ ਅਤੇ ਫੇਰ ਆਪ ਵੀ ਨੱਚਣ ਲੱਗੇ। ਸੰਗੀਤਾ ਅਤੇ ਮੇਰੇ ਲਈ ਇਹ ਨਵਾਂ ਨਜ਼ਾਰਾ ਸੀ, ਪਰ ਸਾਨੂੰ ਦੋਹਾਂ ਨੂੰ ਇਹ ਨਮੋਸ਼ੀ ਹੋ ਰਹੀ ਸੀ ਕਿ ਸਾਨੂੰ ਅੰਗਰੇਜ਼ੀ ਨਾਚ ਨਹੀਂ ਸੀ ਆਉਂਦਾ। 40-50 ਮਿੰਟ ਤੱਕ ਮਾਊਥ ਆਰਗਨ ਦੀਆਂ ਧੁਨਾਂ ਅਤੇ ਅੰਗਰੇਜ਼ੀ ਨਾਚ ਦਾ ਇਹ ਸੰਗਮ ਸਾਰਿਆਂ ਨੂੰ ਹੀ ਕਿਸੇ ਹੋਰ ਹੀ ਦੁਨੀਆ ਵਿੱਚ ਲੈ ਗਿਆ। ਨਾ ਤਾਂ ਅੰਕਲ ਦਾ ਮਾਊਥ ਆਰਗਨ ਰੁਕਿਆ, ਨਾ ਹੀ ਆਂਟੀ ਸੱਪ ਵਾਂਗ ਮੇਲ੍ਹਣ ਤੋਂ ਹਟੇ ਅਤੇ ਨਾ ਹੀ ਮਹਿਮਾਨਾਂ ਦੇ ਥਿਰਕਣ ਵਿੱਚ ਕੋਈ ਕਮੀ ਆਈ। ਜਦੋਂ ਅੰਕਲ ਦਾ ਮਾਊਥ ਆਰਗਨ ਰੁਕਿਆ ਤਾਂ ਚਾਰੇ ਪਾਸੇ ਤੋਂ ਤਾੜੀਆਂ ਦੀ ਲੈਅ ਰੁਕਣ ਦਾ ਨਾਮ ਨਾ ਲਵੇ।

ਇਸ ਪਾਰਟੀ ਤੋਂ ਕੁਝ ਦਿਨਾਂ ਬਾਅਦ ਮੈਂ ਡੇਵਿਡ ਅੰਕਲ ਤੋਂ ਦੁਬਾਰਾ ਪੁੱਛਿਆ ਕਿ ਉਹ ਪਾਰਟੀ ਕਿਸ ਖੁਸ਼ੀ ਵਿੱਚ ਸੀ। ਪਹਿਲਾਂ ਤਾਂ ਉਹ ਕੁਝ ਦੇਰ ਸੋਚਦੇ ਰਹੇ ਅਤੇ ਫੇਰ ਉਨ੍ਹਾਂ ਨੇ ਦੱਸਿਆ ਕਿ ਅਸਲ ਵਿੱਚ ਜ਼ਿੰਦਗੀ ਦੇ ਇੱਕ ਪੜਾਅ ’ਤੇ ਉਨ੍ਹਾਂ ਦੀ ਪਰਿਵਾਰਕ ਜ਼ਿੰਦਗੀ ਇੱਕ ਖਤਰਨਾਕ ਮੋੜ ’ਤੇ ਪਹੁੰਚ ਗਈ ਸੀ। ਭਾਵੇਂ ਉਨ੍ਹਾਂ ਦਾ ਲੜਕਾ ਉਸ ਸਮੇਂ ਸੱਤ ਕੁ ਸਾਲ ਦਾ ਸੀ, ਪਰ ਕਿਸੇ ਗਲਤ ਫ਼ਹਿਮੀ ਕਾਰਨ ਉਨ੍ਹਾਂ ਦੀ ਅਤੇ ਡੌਰਥੀ ਦੀ ਆਪਸੀ ਅਣ-ਬਣ ਰਹਿਣ ਲੱਗ ਪਈ। ਇਸ ਨੂੰ ਕਿਸੇ ਇੱਕ ਦੀ ਗਲਤੀ ਨਹੀਂ ਸੀ ਕਿਹਾ ਜਾ ਸਕਦਾ। ਜ਼ਿੰਦਗੀ ਦੇ ਤਜਰਬੇ ਦੀ ਘਾਟ ਕਾਰਨ ਉਹ ਸਭ ਕੁਝ ਵਾਪਰਿਆ। ਗੱਲ ਤਲਾਕ ਤੱਕ ਪਹੁੰਚ ਗਈ। ਉਨ੍ਹਾਂ ਨੇ ਵੱਖਰੇ ਘਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਪਤੀ-ਪਤਨੀ ਦਾ ਆਪਸੀ ਬੋਲ-ਬੁਲਾਰਾ ਚੱਲਦਾ ਹੀ ਰਹਿੰਦਾ। ਇਸ ਬੋਲ-ਬੁਲਾਰੇ ਨੇ ਫਿਲਿਪਸ ਦੇ ਬਾਲ ਮਨ ’ਤੇ ਬਹੁਤ ਅਸਰ ਪਾਇਆ। ਜਦੋਂ ਉਹ ਘਰੋਂ ਚਲੇ ਗਏ ਤਾਂ ਫਿਲਿਪਸ ਉਨ੍ਹਾਂ ਦੀ ਗੈਰ ਮੌਜੂਦਗੀ ਨੂੰ ਸਹਾਰ ਨਾ ਸਕਿਆ ਅਤੇ ਉਹ ਮਾਨਸਿਕ ਤਣਾਉ ਦਾ ਸ਼ਿਕਾਰ ਹੋ ਗਿਆ। ਡੌਰਥੀ ਨੇ ਆਪਣੇ ਤੌਰ ’ਤੇ ਉਸ ਦਾ ਇਲਾਜ ਕਰਵਾਇਆ, ਪਰ ਇੱਕ ਦਿਨ ਡਾਕਟਰ ਨੇ ਕਹਿ ਦਿੱਤਾ ਕਿ ਬੱਚੇ ਨੂੰ ਕੋਈ ਸਰੀਰਕ ਬਿਮਾਰੀ ਨਹੀਂ ਲੱਗਦੀ, ਇਸ ਲਈ ਕਿਸੇ ਮਨੋਵਿਗਿਆਨੀ ਨੂੰ ਦਿਖਾਓ। ਡੌਰਥੀ ਨੂੰ ਇਹ ਪਤਾ ਸੀ ਕਿ ਮੈਂ ਵੀ ਫਿਲਿਪਸ ਨੂੰ ਓਨਾ ਹੀ ਪਿਆਰ ਕਰਦਾ ਹਾਂ ਜਿੰਨਾ ਉਹ। ਬੱਚੇ ਨੂੰ ਡੌਰਥੀ ਕੋਲ ਛੱਡਣ ਦਾ ਫੈਸਲਾ ਵੀ ਅਸੀਂ ਦੋਹਾਂ ਨੇ ਆਪਸੀ ਰਜ਼ਾਮੰਦੀ ਨਾਲ ਹੀ ਕੀਤਾ ਸੀ ਤਾਂ ਜੋ ਉਸ ਦਾ ਪਾਲਣ ਪੋਸ਼ਣ ਠੀਕ ਢੰਗ ਨਾਲ ਹੋ ਸਕੇ।

ਇੱਕ ਦਿਨ ਡੌਰਥੀ ਨੇ ਮੈਨੂੰ ਫੋਨ ਕਰਕੇ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ। ਇਹ ਸੁਣ ਕੇ ਮੈਂ ਵੀ ਘਬਰਾ ਗਿਆ। ਮੈਂ ਇੱਕ ਮਨੋਰੋਗਾਂ ਦੇ ਡਾਕਟਰ ਨੂੰ ਜਾਣਦਾ ਸੀ। ਡਾਕਟਰ ਨੇ ਪਹਿਲਾਂ ਤਾਂ ਬੱਚੇ ਨਾਲ ਗੱਲਬਾਤ ਕੀਤੀ, ਫੇਰ ਸਾਡੇ ਦੋਹਾਂ ਨਾਲ ਅਲੱਗ-ਅਲੱਗ ਗੱਲ ਕੀਤੀ। ਇਸ ਤੋਂ ਬਾਅਦ ਉਸ ਨੇ ਸਾਨੂੰ ਤਿੰਨਾਂ ਨੂੰ ਇਕੱਠੇ ਬਿਠਾ ਕੇ ਵੀ ਗੱਲ ਕੀਤੀ। ਬਾਅਦ ਵਿੱਚ ਉਸ ਨੇ ਮੈਨੂੰ ਅਤੇ ਡੌਰਥੀ ਨੂੰ ਦੱਸਿਆ ਕਿ ਸਾਡੀ ਆਪਸੀ ਲੜਾਈ ਅਤੇ ਅੱਡ ਰਹਿਣ ਕਰਕੇ ਬੱਚੇ ਦੇ ਅਭੋਲ ਦਿਮਾਗ਼ ’ਤੇ ਭੈੜਾ ਅਸਰ ਪਿਆ ਹੈ। ਉਹ ਤੁਹਾਡੇ ਦੋਹਾਂ ਨਾਲ ਹੀ ਰਹਿਣਾ ਚਾਹੁੰਦਾ ਹੈ, ਕਿਸੇ ਇੱਕ ਨਾਲ ਨਹੀਂ। ਇਸ ਲਈ ਜੇ ਬੱਚੇ ਦੀ ਭਲਾਈ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਗਿਲੇ ਸ਼ਿਕਵੇ ਆਪਸ ਵਿੱਚ ਹੀ ਦੂਰ ਕਰਕੇ ਇਕੱਠੇ ਰਹਿਣਾ ਹੋਵੇਗਾ। ਇਸ ਨਾਲ ਹੀ ਤੁਹਾਡਾ ਬੱਚਾ ਆਮ ਜ਼ਿੰਦਗੀ ਜਿਉਂ ਸਕਦਾ ਹੈ। ਇਸ ਤੋਂ ਬਾਅਦ ਵੀ ਉਸ ਨੇ ਸਾਡੀ ਦੋਹਾਂ ਦੀ ਇਕੱਠਿਆਂ ਦੀ ਅਤੇ ਅਲੱਗ-ਅਲੱਗ ਵੀ ਕੌਂਸਲਿੰਗ ਕੀਤੀ। ਇਸ ਕੰਮ ਵਿੱਚ ਸਾਡਾ ਪੈਸਾ ਤਾਂ ਭਾਵੇਂ ਬਹੁਤ ਲੱਗ ਗਿਆ, ਪਰ ਅਸੀਂ ਮੁੜ ਇਕੱਠੇ ਹੋ ਗਏ ਅਤੇ ਰੱਬ ਦਾ ਸ਼ੁਕਰ ਹੈ ਕਿ ਉਸ ਤੋਂ ਬਾਅਦ ਹੁਣ ਤੱਕ ਸਭ ਠੀਕ ਚੱਲ ਰਿਹਾ ਹੈ। ਜਿਸ ਦਿਨ ਅਸੀਂ ਦੋਵੇਂ ਮੁੜ ਇਕੱਠੇ ਹੋਏ, ਉਸ ਦਿਨ ਨੂੰ ਅਸੀਂ ਹਰ ਸਾਲ ਇਹ ਛੋਟੀ ਜਿਹੀ ਪਾਰਟੀ ਕਰਦੇ ਹਾਂ, ਤਾਂ ਜੋ ਸਾਨੂੰ ਹਮੇਸ਼ਾਂ ਇਹ ਗੱਲ ਯਾਦ ਰਹੇ ਕਿ ਪਤੀ-ਪਤਨੀ ਨੂੰ ਪਰਿਵਾਰ ਬਚਾਉਣ ਲਈ ਕਈ ਸਮਝੌਤੇ ਕਰਨੇ ਪੈਂਦੇ ਹਨ। ਅਸੀਂ ਇਹ ਵੀ ਫੈਸਲਾ ਕੀਤਾ ਹੋਇਆ ਹੈ ਕਿ ਜੇ ਸਾਡੇ ਵਿੱਚੋਂ ਕੋਈ ਆਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰਕੇ ਚਲਾ ਵੀ ਜਾਵੇ ਤਾਂ ਵੀ ਜਿਉਂਦਾ ਸਾਥੀ ਇਹ ਪਾਰਟੀ ਜਾਰੀ ਰੱਖੇਗਾ। ਇਹ ਕਹਾਣੀ ਸੁਣਾਉਣ ਤੋਂ ਬਾਅਦ ਉਹ ਕੁਝ ਦੇਰ ਚੁੱਪ ਕਰ ਗਏ। ਮੈਨੂੰ ਲੱਗਿਆ ਜਿਵੇਂ ਅੰਕਲ ਦੀ ਗੱਲ ਅਜੇ ਪੂਰੀ ਨਹੀਂ ਹੋਈ। ਇਸ ਲਈ ਮੈਂ ਉਨ੍ਹਾਂ ਵੱਲ ਦੇਖਦਾ ਹੀ ਰਿਹਾ।

ਉਨ੍ਹਾਂ ਨੇ ਇੱਕ ਲੰਬਾ ਹਉਕਾ ਭਰਦਿਆਂ ਕਿਹਾ ਕਿ ਜਿਸ ਫਿਲਿਪਸ ਨੇ ਉਨ੍ਹਾਂ ਨੂੰ ਇਕੱਠਾ ਕੀਤਾ, ਉਹ ਆਪ ਹੀ ਸਾਡੀ ਜ਼ਿੰਦਗੀ ਤੋਂ ਦੂਰ ਹੋ ਚੁੱਕਿਆ ਹੈ। ਆਪਣੇ ਕਾਰੋਬਾਰ, ਆਪਣੇ ਪਰਿਵਾਰ ਵਿੱਚ ਐਨਾ ਮਸਤ ਹੈ ਕਿ ਉਸ ਨੂੰ ਆਪਣੇ ਮਾਂ-ਪਿਉ ਹੀ ਭੁੱਲ ਗਏ ਹਨ। ਜਦੋਂ ਕਦੇ ਸਮਾਂ ਮਿਲਦਾ ਹੈ ਸਾਨੂੰ ਮੂੰਹ ਦਿਖਾ ਕੇ ਹੀ ਚਲਾ ਜਾਂਦਾ ਹੈ।

ਕੁਝ ਦੇਰ ਬਾਅਦ ਉਹ ਫੇਰ ਬੋਲੇ ਕਿ ਪਤਾ ਨਹੀਂ ਸਾਨੂੰ ਲੋਕਾਂ ਨੂੰ ਇਹ ਸਮਝ ਕਿਉਂ ਨਹੀਂ ਆਉਂਦੀ ਕਿ ਸੰਸਾਰ ਵਿੱਚ ਕਿਤੇ ਵੀ ਦੋ ਇਨਸਾਨਾਂ ਦੇ ਵਿਚਾਰ ਆਪਸ ਵਿੱਚ ਕਦੇ ਵੀ ਨਹੀਂ ਮਿਲਦੇ ਜਾਂ ਮਿਲ ਸਕਦੇ। ਜ਼ਿੰਦਗੀ ਦੇ ਹਰ ਪੜਾਅ ’ਤੇ ਸਾਨੂੰ ਸਮਝੌਤੇ ਕਰਨੇ ਹੀ ਪੈਂਦੇ ਹਨ, ਭਾਵੇਂ ਥੋੜ੍ਹੇ, ਭਾਵੇਂ ਬਹੁਤੇ। ਕਿਉਂ ਅਸੀਂ ਆਪਣੀ-ਆਪਣੀ ਹਉਮੈ ਨੂੰ ਭੁੱਲ ਕੇ ਜ਼ਿੰਦਗੀ ਜਿਉਣੀ ਨਹੀਂ ਸਿੱਖਦੇ?

ਅੰਕਲ ਦੀਆਂ ਇਨ੍ਹਾਂ ਗੱਲਾਂ ਤੋਂ ਮੈਨੂੰ ਇਹ ਮਹਿਸੂਸ ਹੋਇਆ ਕਿ ਉਨ੍ਹਾਂ ਨੇ ਸਫਲ ਅਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰਨ ਦਾ ਫ਼ਲਸਫ਼ਾ ਪੇਸ਼ ਕਰ ਦਿੱਤਾ ਹੈ। ਮੈਂ ਕਈ ਵਾਰ ਇਹ ਸੋਚਦਾ ਸੀ ਕਿ ਡੇਵਿਡ ਅੰਕਲ ਅਤੇ ਡੌਰਥੀ ਆਂਟੀ ਸਾਡੇ ਨਾਲ ਐਨੀ ਅਪਣੱਤ ਕਿਉਂ ਕਰਦੇ ਹਨ? ਮੈਨੂੰ ਅੱਜ ਮਹਿਸੂਸ ਹੋਇਆ ਕਿ ਸਾਡੇ ਵਿੱਚੋਂ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਤਸਵੀਰ ਝਲਕਦੀ ਹੈ। ਉਨ੍ਹਾਂ ਨੂੰ ਪੈਸੇ ਦੀ ਨਹੀਂ ਬਲਕਿ ਪਿਆਰ ਦੀ ਭੁੱਖ ਹੈ। ਉਨ੍ਹਾਂ ਨੂੰ ਗੱਲਾਂ ਬਾਤਾਂ ਕਰਨ ਲਈ, ਦੁਖ-ਸੁਖ ਕਰਨ ਲਈ ਕੋਈ ਚਾਹੀਦਾ ਹੈ। ਇਹ ਸੋਚ ਕੇ ਮੇਰੇ ਦਿਲ ਵਿੱਚ ਉਨ੍ਹਾਂ ਲਈ ਸਤਿਕਾਰ ਹੋਰ ਵੀ ਵਧ ਗਿਆ।

ਇਹ ਸਾਰੀ ਕਹਾਣੀ ਮੈਂ ਸੰਗੀਤਾ ਨਾਲ ਵੀ ਸਾਂਝੀ ਕੀਤੀ। ਇਸ ਤੋਂ ਪਹਿਲਾਂ ਅੰਕਲ-ਆਂਟੀ ਵੀਕਐੰਂਡ ’ਤੇ ਕਿਤੇ ਜਾਣ ਦਾ ਪ੍ਰੋਗਰਾਮ ਬਣਾਉਂਦੇ ਅਤੇ ਸਾਨੂੰ ਨਾਲ ਲੈ ਜਾਂਦੇ। ਇਸ ਤੋਂ ਬਾਅਦ ਅਸੀਂ ਹੀ ਕਿਤੇ ਜਾਣ ਦਾ ਪ੍ਰੋਗਰਾਮ ਬਣਾ ਲੈਣਾ ਅਤੇ ਜਦੋਂ ਅਸੀਂ ਉਨ੍ਹਾਂ ਨੂੰ ਦੱਸਣਾ ਕਿ ਇਸ ਬਾਰ ਆਪਾਂ ਇਸ ਥਾਂ ਜਾਣਾ ਹੈ ਤਾਂ ਉਨ੍ਹਾਂ ਦੇ ਚਿਹਰੇ ਦੀ ਰੌਣਕ ਦੇਖਣ ਵਾਲੀ ਹੁੰਦੀ।

ਸਮਾਂ ਕਿਸ ਤਰ੍ਹਾਂ ਬੀਤ ਰਿਹਾ ਸੀ, ਪਤਾ ਹੀ ਨਾ ਲੱਗਿਆ। ਇਸ ਦੌਰਾਨ ਇੱਕ ਬਾਰ ਮੇਰੇ ਮੰਮੀ-ਡੈਡੀ ਅਤੇ ਇੱਕ ਬਾਰ ਸੰਗੀਤਾ ਦੇ ਮੰਮੀ-ਡੈਡੀ ਵੀ ਸਾਡੇ ਕੋਲ ਚੱਕਰ ਲਾ ਗਏ। ਕਿਉਂ ਜੋ ਉਨ੍ਹਾਂ ਨਾਲ ਅਸੀਂ ਅੰਕਲ-ਆਂਟੀ ਦੀਆਂ ਗੱਲਾਂ ਅਕਸਰ ਹੀ ਕਰਦੇ ਰਹਿੰਦੇ ਸੀ, ਇਸ ਲਈ ਉਹ ਆਉਂਦੇ ਹੋਏ ਉਨ੍ਹਾਂ ਲਈ ਵਿਸ਼ੇਸ਼ ਤੋਹਫ਼ੇ ਲਿਆਏ। ਇਹ ਦੇਖ ਕੇ ਉਨ੍ਹਾਂ ਦੇ ਪੈਰ ਧਰਤੀ ’ਤੇ ਨਹੀਂ ਸੀ ਲੱਗ ਰਹੇ। ਉਨ੍ਹਾਂ ਲਈ ਹੀ ਨਹੀਂ ਸਗੋਂ ਸਾਡੇ ਕਹਿਣ ’ਤੇ ਉਹ ਫਿਲਿਪਸ ਦੇ ਪਰਿਵਾਰ ਲਈ ਵੀ ਕੁਝ ਨਾ ਕੁਝ ਲੈ ਕੇ ਆਏ। ਫਿਲਿਪਸ ਹੋਰਾਂ ਨੂੰ ਇਹ ਬਹੁਤ ਚੰਗਾ ਲੱਗਿਆ। ਇਸ ਦਾ ਅਹਿਸਾਨ ਚੁਕਾਉਣ ਲਈ ਉਨ੍ਹਾਂ ਨੇ ਪਹਿਲੀ ਬਾਰ ਡਿਜ਼ਨੀ ਲੈਂਡ ਅਤੇ ਦੂਜੀ ਬਾਰ ਨਿਆਗਰਾ ਫਾਲਜ਼ ਦੇ ਵਿਸ਼ੇਸ਼ ਪ੍ਰੋਗਰਾਮ ਬਣਾਏ। ਅੰਕਲ-ਆਂਟੀ ਖੁਸ਼ ਸਨ ਕਿ ਇਸੇ ਬਹਾਨੇ ਉਨ੍ਹਾਂ ਨੂੰ ਆਪਣੇ ਪੋਤੇ-ਪੋਤੀ ਨਾਲ ਕੁਝ ਸਮਾਂ ਬਿਤਾਉਣ ਦਾ ਮੌਕਾ ਮਿਲਿਆ।

ਪਰ ਸਮਾਂ ਕਦੇ ਵੀ ਇੱਕੋ ਚਾਲ ਨਹੀਂ ਚੱਲਦਾ, ਇਹ ਕੁਦਰਤੀ ਵਰਤਾਰਾ ਹੈ। ਇੱਕ ਦਿਨ ਅਚਾਨਕ ਹੀ ਡੌਰਥੀ ਆਂਟੀ ਦੀ ਹੀ ਨਹੀਂ , ਸੰਗੀਤਾ ਅਤੇ ਮੇਰੀ ਜ਼ਿੰਦਗੀ ਵਿੱਚ ਭੁਚਾਲ ਜਿਹਾ ਆ ਗਿਆ, ਡੇਵਿਡ ਅੰਕਲ ਨੂੰ ਦਿਲ ਦਾ ਦੌਰਾ ਪਿਆ। ਡਾਕਟਰੀ ਸਹਾਇਤਾ ਤੋਂ ਪਹਿਲਾਂ ਹੀ ਉਨ੍ਹਾਂ ਦੇ ਪੰਖ ਪੰਖੇਰੂ ਉੱਡ ਗਏ। ਪਤੀ ਦੇ ਵਿਛੋੜੇ ਕਾਰਨ ਆਂਟੀ ਇਕਦਮ ਅੰਦਰੋਂ ਟੁੱਟ ਜਿਹੇ ਗਏ। ਉਨ੍ਹਾਂ ਨੂੰ ਇਸ ਗੱਲ ਦਾ ਵੀ ਸ਼ਾਇਦ ਦੁੱਖ ਸੀ ਕਿ ਪਿਉ ਦੀ ਮੌਤ ਤੋਂ ਬਾਅਦ ਇੱਕ ਬਾਰ ਵੀ ਫਿਲਿਪਸ ਨੇ ਉਨ੍ਹਾਂ ਨੂੰ ਇਹ ਨਹੀਂ ਸੀ ਕਿਹਾ ਕਿ ਹੁਣ ਉਹ ਉਸ ਨਾਲ ਰਹਿਣ। ਸੰਗੀਤਾ ਅਤੇ ਮੈਂ ਆਂਟੀ ਦੀ ਮਨੋਦਸ਼ਾ ਨੂੰ ਸਮਝਦੇ ਸੀ। ਇੱਕ ਦਿਨ ਅਸੀਂ ਦੋਹਾਂ ਨੇ ਉਨ੍ਹਾਂ ਨੂੰ ਕਿਹਾ ਵੀ ਕਿ ਅਸੀਂ ਹਮੇਸ਼ਾਂ ਉਨ੍ਹਾਂ ਨਾਲ ਰਹਾਂਗੇ। ਇਹ ਸੁਣ ਕੇ ਉਨ੍ਹਾਂ ਨੇ ਸਾਨੂੰ ਦੋਹਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ, ਪਰ ਬੋਲ ਕੁਝ ਨਹੀਂ ਸੀ ਸਕੇ ਕਿਉਂ ਜੋ ਉਨ੍ਹਾਂ ਦਾ ਗਲਾ ਭਰ ਆਇਆ ਸੀ। ਡੇਵਿਡ ਅੰਕਲ ਦੀ ਮੌਤ ਤੋਂ ਚਾਰ ਕੁ ਮਹੀਨੇ ਬਾਅਦ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਖਾਸ ਦਿਨ ਨੇੜੇ ਆ ਰਿਹਾ ਸੀ, ਪਤੀ-ਪਤਨੀ ਦੇ ਆਪਸੀ ਸਮਝੌਤੇ ਕਾਰਨ ਡੌਰਥੀ ਆਂਟੀ ਨੂੰ ਇਹ ਦਿਨ ਮਨਾਉਣਾ ਹੀ ਪੈਣਾ ਸੀ, ਇਸ ਲਈ ਹਰ ਵਾਰ ਦੀ ਤਰ੍ਹਾਂ ਘਰ ਦੇ ਲਾਨ ਵਿੱਚ ਪਾਰਟੀ ਦਾ ਪ੍ਰਬੰਧ ਕੀਤਾ ਗਿਆ। ਇਸ ਪਾਰਟੀ ਦੀ ਸਾਰੀ ਜ਼ਿੰਮੇਵਾਰੀ ਆਂਟੀ ਨੇ ਸੰਗੀਤਾ ਅਤੇ ਮੈਨੂੰ ਸੌਂਪ ਦਿੱਤੀ।

ਹਰ ਵਾਰ ਦੀ ਤਰ੍ਹਾਂ ਵੀਹ-ਪੱਚੀ ਮਹਿਮਾਨਾਂ ਨੂੰ ਹੀ ਬੁਲਾਇਆ ਗਿਆ ਸੀ, ਪਰ ਪਾਰਟੀ ਦੀ ਉਹ ਗੱਲ ਨਹੀਂ ਸੀ ਬਣੀ। ਡੇਵਿਡ ਅੰਕਲ ਦੀ ਘਾਟ ਸਭ ਨੂੰ ਹੀ ਰੜਕ ਰਹੀ ਸੀ। ਪਾਰਟੀ ਵਿੱਚ ਖਾਣ-ਪੀਣ ਦਾ ਪੂਰਾ ਬੰਦੋਬਸਤ ਕੀਤਾ ਗਿਆ ਸੀ, ਇਸ ਲਈ ਮਹਿਮਾਨਾਂ ਨੇ ਖਾਣਾ ਹੀ ਸੀ। ਆਂਟੀ ਦੋ-ਚਾਰ ਬਾਰ ਹੀ ਆਪਣੀ ਕੁਰਸੀ ਤੋਂ ਉੱਠ ਕੇ ਮਹਿਮਾਨਾਂ ਕੋਲ ਗਏ ਸੀ। ਸੰਗੀਤਾ, ਫਿਲਿਪਸ ਅਤੇ ਮੈਂ ਹੀ ਮਹਿਮਾਨਾਂ ਦਾ ਧਿਆਨ ਰੱਖ ਰਹੇ ਸੀ।

ਹੌਲੀ-ਹੌਲੀ ਮਹਿਮਾਨ ਡੌਰਥੀ ਆਂਟੀ ਨੂੰ ਮਿਲ ਕੇ ਜਾਣ ਲੱਗੇ। ਬਹੁਤਿਆਂ ਨੇ ਇਸ ਗੱਲ ਦਾ ਜ਼ਿਕਰ ਜ਼ਰੂਰ ਕੀਤਾ ਕਿ ਡੇਵਿਡ ਦੀ ਘਾਟ ਰੜਕ ਰਹੀ ਹੈ। ਫਿਲਿਪਸ ਦਾ ਪਰਿਵਾਰ, ਸੰਗੀਤਾ ਅਤੇ ਮੈਂ ਹੀ ਰਹਿ ਗਏ ਸੀ। ਅਸੀਂ ਸਾਰਿਆਂ ਨੇ ਮਿਲ ਕੇ ਲਾਅਨ ਸਾਫ਼ ਕੀਤਾ। ਕੇਟਰਿੰਗ ਵਾਲੇ ਆਪਣਾ ਸਾਰਾ ਸਾਮਾਨ ਸਮੇਟ ਕੇ ਚਲੇ ਗਏ। ਅਸੀਂ ਸਾਰੇ ਅੰਦਰ ਜਾ ਕੇ ਲਿਵਿੰਗ ਰੂਮ ਵਿੱਚ ਬੈਠ ਗਏ। ਥੋੜ੍ਹੀ ਦੇਰ ਬਾਅਦ ਫਿਲਿਪਸ ਅਤੇ ਉਸ ਦਾ ਪਰਿਵਾਰ ਵੀ ਜਾਣ ਲਈ ਤਿਆਰ ਹੋ ਗਿਆ। ਆਂਟੀ ਉਸ ਵੱਲ ਬੜੇ ਧਿਆਨ ਨਾਲ ਦੇਖ ਰਹੇ ਸਨ, ਪਰ ਉਸ ਨੇ ਆਪਣੀ ਮਾਂ ਦੇ ਚਿਹਰੇ ਨੂੰ ਪੜ੍ਹਨਾ ਤਾਂ ਕੀ, ਨੀਝ ਨਾਲ ਦੇਖਣ ਦਾ ਯਤਨ ਵੀ ਨਾ ਕੀਤਾ। ਉਹ ਸ਼ਾਇਦ ਆਪਣੀ ਪਰਿਵਾਰਕ ਜ਼ਿੰਦਗੀ ਵਿੱਚ ਅਜਿਹਾ ਮਸਤ ਸੀ ਕਿ ਉਸ ਨੇ ਇਹ ਕਦੇ ਸੋਚਿਆ ਹੀ ਨਹੀਂ ਸੀ ਕਿ ਮਾਂ-ਪਿਉ ਵੀ ਬੱਚਿਆਂ ਦੀ ਜ਼ਿੰਦਗੀ ਦਾ ਹੀ ਹਿੱਸਾ ਹੁੰਦੇ ਹਨ। ਅਸਲ ਵਿੱਚ ਉਸ ਦਾ ਵੀ ਕੋਈ ਕਸੂਰ ਨਹੀਂ ਸੀ। ਉਸ ਦਾ ਪਾਲਣ ਪੋਸ਼ਣ ਹੀ ਅਜਿਹੇ ਸਮਾਜ ਵਿੱਚ ਹੋਇਆ ਸੀ ਜਿੱਥੇ ਰਿਸ਼ਤਿਆਂ ਨੂੰ ਬਹੁਤੀ ਅਹਿਮੀਅਤ ਨਹੀਂ ਸੀ ਦਿੱਤੀ ਜਾਂਦੀ।

“ਓਕੇ. ਮਾਮ, ਸੀ ਯੂ ਲੇਟਰ।” ਕਹਿ ਕੇ ਉਹ ਬਾਹਰ ਚਲਾ ਗਿਆ। ਉਸ ਦੇ ਬੱਚੇ ਆਪਣੀ ਦਾਦੀ ਨੂੰ “ਬਾਏ, ਬਾਏ। ਟੇਕ ਕੇਅਰ” ਕਹਿ ਕੇ ਆਪਣੇ ਪਿਉ ਦੇ ਪਿੱਛੇ ਹੀ ਚਲੇ ਗਏ। ਡੌਰਥੀ ਆਂਟੀ ਆਪਣੀ ਕੁਰਸੀ ਤੋਂ ਉੱਠਣ ਲੱਗੇ, ਪਰ ਚੱਕਰ ਖਾ ਕੇ ਡਿੱਗ ਪਏ। ਮੈਂ ਜਲਦੀ-ਜਲਦੀ ਉਨ੍ਹਾਂ ਨੂੰ ਚੁੱਕ ਕੇ ਸੋਫੇ ’ਤੇ ਪਾ ਦਿੱਤਾ। ਸੰਗੀਤਾ ਭੱਜ ਕੇ ਫਿਲਿਪਸ ਨੂੰ ਬੁਲਾਉਣ ਚਲੀ ਗਈ।News Source link
#ਉਹ #ਖਸ #ਦਨ

- Advertisement -

More articles

- Advertisement -

Latest article