ਲਾਹੌਰ, 9 ਨਵੰਬਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਪਾਕਿਸਤਾਨ ਨੇ ਪੰਜਾਬ ਸੂਬੇ ਦੇ ਵਜੀਰਾਬਾਦ ਇਲਾਕੇ ਤੋਂ ਰੁਕਿਆ ਹੋਇਆ ਆਜ਼ਾਦੀ ਮਾਰਚ ਵੀਰਵਾਰ ਤੋਂ ਮੁੜ ਸ਼ੁਰੂ ਕਰਨ ਲਈ ਤਿਆਰੀ ਕਰ ਲਈ ਹੈ। ਪਿਛਲੇ ਹਫਤੇ ਵਜੀਰਾਬਾਦ ਇਲਾਕੇ ਵਿੱਚ ਇਮਰਾਨ ਖਾਨ ’ਤੇ ਹਮਲੇ ਮਗਰੋਂ ਇਸ ਮਾਰਚ ਨੂੰ ਰੋਕ ਦਿੱਤਾ ਗਿਆ ਸੀ। ਹਮਲੇ ਦੌਰਾਨ ਇਮਰਾਨ ਖਾਨ ਦੇ ਪੈਰ ਵਿੱਚ ਗੋਲੀ ਲੱਗੀ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਚਾਰ ਹਫਤੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਖਾਨ ਨੇ ਮੰਗਲਵਾਰ ਨੂੰ ਮਾਰਚ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ ਪਰ ਪਾਰਟੀ ਨੇ ਫੈਸਲਾ ਬਦਲਦੇ ਹੋਏ ਵੀਰਵਾਰ ਤੋਂ ਮਾਰਚ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। -ਪੀਟੀਆਈ