28.7 C
Patiāla
Sunday, April 21, 2024

ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਰਾਹੀਂ ਰੇਤਾ ਢੋਣ ਦੀ ਮਿਲੇਗੀ ਖੁੱਲ੍ਹ

Must read


ਚਰਨਜੀਤ ਭੁੱਲਰ

ਚੰਡੀਗੜ੍ਹ, 7 ਨਵੰਬਰ

ਪੰਜਾਬ ਵਿਚ ਕਿਸਾਨਾਂ ਨੂੰ ਹੁਣ ਟਰੈਕਟਰ-ਟਰਾਲੀ ਰਾਹੀਂ ਰੇਤੇ ਦੀ ਢੋਆ ਢੁਆਈ ਕਰਨ ਦੀ ਖੁੱਲ੍ਹ ਮਿਲੇਗੀ ਤਾਂ ਜੋ ਟਰਾਂਸਪੋਰਟ ਮਾਫ਼ੀਆ ਦੀ ਲੁੱਟ ਬੰਦ ਕੀਤੀ ਜਾ ਸਕੇ। ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਨਵੇਂ ਬਦਲ ਵਜੋਂ ਯੋਜਨਾ ਤਿਆਰ ਕਰਨ ਦੇ ਹੁਕਮ ਦਿੱਤੇ ਹਨ ਤੇ ਆਉਂਦੇ ਦਿਨਾਂ ਵਿਚ ਇਸ ਬਾਰੇ ਐਲਾਨ ਵੀ ਕੀਤਾ ਜਾ ਸਕਦਾ ਹੈ। ਅੱਜ ਮੁੱਖ ਸਕੱਤਰ ਵੀਕੇ ਜੰਜੂਆ ਨੇ ਟਰਾਂਸਪੋਰਟ ਮਹਿਕਮੇ ਨੂੰ ਹਦਾਇਤ ਕੀਤੀ ਹੈ ਕਿ ਰੇਤੇ ਦੀ ਢੋਆ-ਢੁਆਈ ਟਰੈਕਟਰ-ਟਰਾਲੀ ਰਾਹੀਂ ਕਰਨ ਲਈ ਕਾਨੂੰਨੀ ਤਰੀਕਾ ਲੱਭਿਆ ਜਾਵੇ।

ਉਨ੍ਹਾਂ ਕਿਹਾ ਕਿ ਖੇਤੀਬਾੜੀ ਲਈ ਟਰੈਕਟਰ-ਟਰਾਲੀ ਦੀ ਵਰਤੋਂ ਸਾਲ ’ਚ ਦੋ ਵਾਰ ਫ਼ਸਲ ਦੀ ਬਿਜਾਈ ਤੇ ਵਾਢੀ ਮੌਕੇ ਸੀਮਤ ਸਮੇਂ ਲਈ ਹੁੰਦੀ ਹੈ। ਰੇਤ ਖੱਡਾਂ ਤੋਂ ਰੇਤਾ ਟਰੈਕਟਰ ਟਰਾਲੀ ’ਤੇ ਲਿਆਉਣ ਨਾਲ ਜਿੱਥੇ ਕਿਸਾਨਾਂ ਨੂੰ ਵੀ ਆਰਥਿਕ ਮਦਦ ਮਿਲੇਗੀ ਉੱਥੇ ਲੋਕਾਂ ਨੂੰ ਵੀ ਵਾਜਬ ਕੀਮਤ ਉੱਤੇ ਰੇਤਾ ਮਿਲੇਗਾ। ਪਤਾ ਲੱਗਾ ਹੈ ਕਿ ਐਡਵੋਕੇਟ ਜਨਰਲ ਵੀ ਇਸ ਮਾਮਲੇ ਦੇ ਤਕਨੀਕੀ ਪਹਿਲੂ ਦੇਖ ਰਹੇ ਹੈ। ਖਣਨ ਮਹਿਕਮਾ ਇਸ ਵੇਲੇ ਖ਼ੁਦ ਰੇਤੇ ਦੀ ਖ਼ੁਦਾਈ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਰਾਜ ’ਚ ਰੇਤਾ ਮਹਿੰਗੇ ਭਾਅ ’ਤੇ ਵਿਕ ਰਿਹਾ ਹੈ। ਪੰਜਾਬ ’ਚ ਰੇਤੇ ਦੀ ਰੋਜ਼ਾਨਾ ਵਿਕਰੀ ਇੱਕ ਲੱਖ ਮੀਟਰਿਕ ਟਨ ਨੂੰ ਪਾਰ ਕਰ ਗਈ ਹੈ ਜਦਕਿ ਪਹਿਲਾਂ ਇਹ ਵਿਕਰੀ ਔਸਤਨ 30 ਹਜ਼ਾਰ ਮੀਟਰਿਕ ਟਨ ਤੱਕ ਹੀ ਰਹਿੰਦੀ ਸੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਖੱਡਾਂ ਤੋਂ ਰੇਤਾ 9.45 ਰੁਪਏ (ਸਮੇਤ ਟੈਕਸ) ਕਿਊਬਿਕ ਫੁੱਟ ਦੇ ਰਹੀ ਹੈ ਜਦਕਿ ਲੋਕਾਂ ਨੂੰ ਇਹ ਰੇਤਾ 45 ਤੋਂ 50 ਰੁਪਏ ਪ੍ਰਤੀ ਕਿਊਬਿਕ ਫੁੱਟ ਮਿਲ ਰਿਹਾ ਹੈ। ਖੱਡਾਂ ਤੋਂ ਰੇਤਾ 225 ਰੁਪਏ ਪ੍ਰਤੀ ਟਨ ਹੈ ਜਦਕਿ ਖਪਤਕਾਰ ਨੂੰ 1225 ਰੁਪਏ ਟਨ ਮਿਲ ਰਹੀ ਹੈ। ਮਤਲਬ ਕਿ ਇੱਕ ਹਜ਼ਾਰ ਰੁਪਏ ਪ੍ਰਤੀ ਟਨ ਦੀ ਕਮਾਈ ਇਸ ਕਾਰੋਬਾਰ ਨਾਲ ਜੁੜੇ ਟਰਾਂਸਪੋਰਟਰ ਕਰ ਰਹੇ ਹਨ। ਇਸੇ ਕਰਕੇ ਰੇਤੇ ਦੇ ਭਾਅ ਪਿਛਲੇ ਵਰ੍ਹੇ ਨਾਲੋਂ ਵੱਧ ਹਨ। ਅੱਜ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਟਰਾਂਸਪੋਰਟ ਤੇ ਖਣਨ ਵਿਭਾਗ ਨਾਲ ਮੀਟਿੰਗ ਕਰਕੇ ਰੇਤੇ ਦੀ ਢੁਆਈ ਕਰਨ ਵਾਲੇ ਵਾਹਨਾਂ ਉੱਤੇ ਸਖ਼ਤ ਨਿਗਰਾਨੀ ਰੱਖਣ ਦੇ ਨਿਰਦੇਸ਼ ਵੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਰੇਤਾ ਲਿਜਾਣ ਵਾਲੇ ਵਾਹਨਾਂ (ਟਿੱਪਰ/ਟਰੱਕ/ਟਰੇਲਰ ਆਦਿ) ਦੀ ਚੈਕਿੰਗ ਕੀਤੀ ਜਾਵੇ ਅਤੇ ਜੇਕਰ ਕੋਈ ਵਾਹਨ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਖਣਨ ਵਿਭਾਗ ਦੇ ਐਕਸੀਅਨ ਪੱਧਰ ਦੇ ਅਧਿਕਾਰੀਆਂ ਨੂੰ ਵਾਹਨਾਂ ਦੀ ਚੈਕਿੰਗ ਲਈ ਅਧਿਕਾਰਤ ਕੀਤਾ ਹੈ। ਮੀਟਿੰਗ ’ਚ ਖਣਨ ਕ੍ਰਿਸ਼ਨ ਕੁਮਾਰ ਤੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਕਾਸ ਗਰਗ ਹਾਜ਼ਰ ਸਨ।

ਵੱਡੇ ਸ਼ਹਿਰਾਂ ਵਿੱਚ ਬਣਨਗੇ ਰੇਤਾ ਡੰਪ

ਖਣਨ ਵਿਭਾਗ ਹੁਣ ਵੱਡੇ ਸ਼ਹਿਰਾਂ ਵਿਚ ਖੁਦ ਰੇਤਾ ਬਾਜ਼ਾਰ ਨਾਲੋਂ ਸਸਤੇ ਭਾਅ ਵੇਚੇਗਾ ਜਿਸ ਲਈ ਰੇਤਾ ਡੰਪ ਬਣਾਏ ਜਾਣਗੇ। ਪਾਇਲਟ ਪ੍ਰਾਜੈਕਟ ਵਜੋਂ ਜ਼ਿਲ੍ਹਾ ਮੁਹਾਲੀ ਦੇ ਈਕੋ ਸਿਟੀ-ਟੂ ਵਿੱਚ ਕਰੀਬ ਚਾਰ ਏਕੜ ਰਕਬੇ ਵਿੱਚ ਰੇਤਾ ਡੰਪ ਬਣਾਉਣਾ ਸ਼ੁਰੂ ਕੀਤਾ ਹੈ। ਮਹਿਕਮੇ ਨੇ ਇੱਥੇ ਡੰਪ ਵਾਸਤੇ ਰੇਤਾ ਢੋਣਾ ਸ਼ੁਰੂ ਕਰ ਦਿੱਤਾ ਹੈ। ਪਾਇਲਟ ਪ੍ਰਾਜੈਕਟ ਸਫਲ ਰਿਹਾ ਹੈ ਤਾਂ ਸਾਰੇ ਪੰਜਾਬ ਦੇ ਵੱਡਾ ਸ਼ਹਿਰਾਂ ਵਿਚ ਰੇਤਾ ਡੰਪ ਬਣਨਗੇ।

News Source link

- Advertisement -

More articles

- Advertisement -

Latest article