ਮੈਲਬਰਨ, 6 ਨਵੰਬਰ
ਦੁਨੀਆ ਦੇ ਅੱਵਲ ਨੰਬਰ ਟੀ-20 ਬੱਲੇਬਾਜ਼ ਸੂਰਿਆਕੁਮਾਰ ਯਾਦਵ ਅਤੇ ਲੋਕੇਸ਼ ਰਾਹੁਲ ਦੇ ਨੀਮ ਸੈਂਕੜਿਆਂ ਅਤੇ ਰਵਿਚੰਦਰਨ ਅਸ਼ਵਿਨ ਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਅੱਜ ਇੱਥੇ ਆਈਸੀਸੀ ਟੀ-20 ਵਿਸ਼ਵ ਕੱਪ ਦੇ ਸੁਪਰ-12 ਦੇ ਆਪਣੇ ਆਖਰੀ ਮੈਚ ਵਿੱਚ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾ ਕੇ ਗਰੁੱਪ-ਦੋ ਵਿੱਚ ਅੱਠ ਅੰਕਾਂ ਨਾਲ ਪਹਿਲੇ ਸਥਾਨ ’ਤੇ ਰਹਿੰਦਿਆਂ ਸੈਮੀਫਾਈਨਲ ਵਿੱਚ ਪਹੁੰਚ ਗਿਆ। ਭਾਰਤ ਹੁਣ 10 ਨਵੰਬਰ ਨੂੰ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ ਖ਼ਿਲਾਫ਼ ਖੇਡੇਗਾ। ਜ਼ਿਕਰਯੋਗ ਹੈ ਕਿ ਨੈਦਰਲੈਂਡਜ਼ ਵੱਲੋਂ ਦੱਖਣੀ ਅਫਰੀਕਾ ਨੂੰ 13 ਦੌੜਾਂ ਨਾਲ ਹਰਾ ਕੇ ਕੀਤੇ ਵੱਡੇ ਉਲਟ-ਫੇਰ ਕਰਕੇ ਭਾਰਤ, ਜ਼ਿੰਬਾਬਵੇ ਖ਼ਿਲਾਫ਼ ਖੇਡੇ ਜਾਣ ਵਾਲੇ ਆਖਰੀ ਮੈਚ ਤੋਂ ਪਹਿਲਾਂ ਹੀ ਸੈਮੀਫਾਈਨਲ ਵਿੱਚ ਪਹੁੰਚ ਗਿਆ ਸੀ। ਉਧਰ ਇੱਕ ਹੋਰ ਮੁਕਾਬਲੇ ਵਿੱਚ ਬੰਗਲਾਦੇਸ਼ ਖ਼ਿਲਾਫ਼ ਮਿਲੀ ਪੰਜ ਵਿਕਟਾਂ ਦੀ ਜਿੱਤ ਨਾਲ ਪਾਕਿਸਤਾਨ ਵੀ ਸੈਮੀਫਾਈਨਲ ਦੀ ਟਿਕਟ ਕਟਾਉਣ ਵਿੱਚ ਕਾਮਯਾਬ ਰਿਹਾ। ਪਾਕਿਸਤਾਨ 9 ਨਵੰਬਰ ਨੂੰ ਪਹਿਲੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਖੇਡੇਗਾ। ਇਸ ਤੋਂ ਪਹਿਲਾਂ ਭਾਰਤ ਨੇ ਅੱਜ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ 186 ਦੌੜਾਂ ਬਣਾਈਆਂ ਸਨ। ਇਸ ਵਿੱਚ ਸੂਰਿਆਕੁਮਾਰ ਯਾਦਵ (ਨਾਬਾਦ) ਨੇ 25 ਗੇਂਦਾਂ ਵਿੱਚ 61 ਦੌੜਾਂ ਅਤੇ ਵਿਰਾਟ ਕੋਹਲੀ ਨੇ 25 ਗੇਂਦਾਂ ਵਿੱਚ 26 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਟੀਚੇ ਦਾ ਪਿੱਛਾ ਕਰਦਿਆਂ ਜ਼ਿੰਬਾਬਾਵੇ ਦੀ ਟੀਮ ਨੇ 17.2 ਓਵਰਾਂ ਵਿੱਚ 115 ਦੌੜਾਂ ਬਣਾ ਕੇ ਸਾਰੀਆਂ ਵਿਕਟਾਂ ਗੁਆ ਲਈਆਂ। -ਪੀਟੀਆਈ
ਸੂਰਿਆਕੁਮਾਰ ਇੱਕ ਸਾਲ ਵਿੱਚ ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬਣਿਆ
ਮੈਲਬਰਨ: ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਟੀ-20 ਕੌਮਾਂਤਰੀ ਮੈਚਾਂ ਵਿੱਚ ਇੱਕ ਸਾਲ ’ਚ ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਉਸ ਨੇ ਅੱਜ ਜ਼ਿੰਬਾਬਵੇ ਖ਼ਿਲਾਫ਼ ਮੁਕਾਬਲੇ ਵਿੱਚ ਇਹ ਰਿਕਾਰਡ ਕਾਇਮ ਕੀਤਾ। ਇਸ ਸਾਲ 28 ਪਾਰੀਆਂ ’ਚ ਉਸ ਨੇ 44.60 ਦੀ ਔਸਤ ਨਾਲ 1,026 ਦੌੜਾਂ ਬਣਾਈਆਂ ਹਨ। ਇਹ ਦੌੜਾਂ 186.24 ਦੇ ਸਟ੍ਰਾਈਕ ਰੇਟ ਨਾਲ ਆਈਆਂ ਹਨ। ਇੱਕ ਕੈਲੰਡਰ ਸਾਲ ਵਿੱਚ ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲਾ ਉਹ ਦੂਜਾ ਖਿਡਾਰੀ ਹੈ। ਇਸ ਤੋਂ ਪਹਿਲਾਂ 2021 ਵਿੱਚ ਪਾਕਿਸਤਾਨੀ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ 1,326 ਦੌੜਾਂ ਬਣਾਈਆਂ ਸਨ। -ਏਐੱਨਆਈ