ਸਿਡਨੀ/ਕੋਲੰਬੋ, 7 ਨਵੰਬਰ
ਸਥਾਨਕ ਕੋਰਟ ਨੇ ਟੀ-20 ਕ੍ਰਿਕਟ ਵਿਸ਼ਵ ਕੱਪ ਦੌਰਾਨ ਮਹਿਲਾ ’ਤੇ ਕਥਿਤ ਜਿਨਸੀ ਹਮਲੇ ਦੇ ਦੋਸ਼ ’ਚ ਗ੍ਰਿਫ਼ਤਾਰ ਸ੍ਰੀਲੰਕਾ ਦੇ ਕ੍ਰਿਕਟਰ ਦਨੁਸ਼ਕਾ ਗੁਣਾਤਿਲਕਾ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਉਧਰ ਸ੍ਰੀ ਲੰਕਾ ਕ੍ਰਿਕਟ ਨੇ ਬੱਲੇਬਾਜ਼ ਦਨੁਸ਼ਕਾ ਗੁਣਾਤਿਲਕਾ ਨੂੰ ਤੁਰੰਤ ਪ੍ਰਭਾਵ ਤੋਂ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਮੁਅੱਤਲ ਕਰ ਦਿੱਤਾ ਹੈ। ਸ੍ਰੀ ਲੰਕਾ ਕ੍ਰਿਕਟ ਨੇ ਇਕ ਬਿਆਨ ਵਿੱਚ ਕਿਹਾ ਕਿ ਉਹ ਕਿਸੇ ਖਿਡਾਰੀ ਵੱਲੋਂ ਅਜਿਹੇ ਕਿਸੇ ਵਿਵਹਾਰ ਲਈ ‘ਜ਼ੀਰੋ ਟੋਲਰੈਂਸ’ ਨੀਤੀ ਅਪਣਾਉਂਦੀ ਹੈ ਅਤੇ ਘਟਨਾ ਦੀ ਨਿਰਪੱਖ ਜਾਂਚ ਲਈ ਆਸਟਰੇਲੀਆ ਦੀ ਕਾਨੂੰਨ ਅਥਾਰਿਟੀਜ਼ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ।
ਇਸ ਤੋਂ ਪਹਿਲਾਂ ਕ੍ਰਿਕਟਰ ਸਰੀ ਹਿਲਜ਼ ਸੈੱਲ ਤੋਂ ਵੀਡੀਓ ਲਿੰਕ ਜ਼ਰੀਏ ਡਾਊਨਿੰਗ ਸੈਂਟਰ ਲੋਕਲ ਕੋਰਟ ਵਿੱਚ ਹੋਈ ਸੁਣਵਾਈ ’ਚ ਸ਼ਾਮਲ ਹੋਇਆ। ਗੁਣਾਤਿਲਕਾ ਨੂੰ ਐਤਵਾਰ ਵੱਡੇ ਤੜਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਪੀੜਤ ਮਹਿਲਾ ਨੇ 2 ਨਵੰਬਰ ਨੂੰ ਸ੍ਰੀਲੰਕਾਈ ਕ੍ਰਿਕਟਰ ’ਤੇ ਜਿਨਸੀ ਹਮਲੇ ਦਾ ਦੋਸ਼ ਲਾਇਆ ਸੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਗੁਣਾਤਿਲਕਾ ਤੇ ਮਹਿਲਾ ਆਨਲਾਈਨ ਡੇਟਿੰਗ ਐਪ ਰਾਹੀਂ ਇਕ ਦੂਜੇ ਦੇ ਸੰਪਰਕ ਵਿੱਚ ਸਨ। ਸ੍ਰੀਲੰਕਨ ਟੀਮ ਦੇ ਆਸਟਰੇਲੀਆ ਤੋਂ ਰਵਾਨਾ ਹੋਣ ਤੋਂ ਕੁਝ ਘੰਟੇ ਪਹਿਲਾਂ ਗੁਣਾਤਿਲਕਾ ਨੂੰ ਸਿਡਨੀ ਦੇ ਹੋਟਲ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸ੍ਰੀਲੰਕਾ ਸਰਕਾਰ ਨੇ ਸ੍ਰੀਲੰਕਾ ਕ੍ਰਿਕਟ (ਐੇੱਸਐੱਲਸੀ) ਨੂੰ ਫੌਰੀ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਐੱਸਐੱਲਸੀ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਖਿਡਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਗੁਣਾਤਿਲਕਾ ਇਸ ਤੋਂ ਪਹਿਲਾਂ ਵੀ ਵਿਵਾਦਾਂ ’ਚ ਰਹਿ ਚੁੱਕਾ ਹੈ। ਖਿਡਾਰੀ ਨੇ ਸ੍ਰੀਲੰਕਾ ਲਈ 8 ਟੈਸਟ ਮੈਚ, 47 ਇਕ ਰੋਜ਼ਾ ਤੇ 46 ਟੀ-20 ਮੁਕਾਬਲੇ ਖੇਡੇ ਹਨ। -ਪੀਟੀਆਈ/ਏਐੱਨਆਈ